ਵਾਸ਼ਿੰਗਟਨ : ਅਮਰੀਕੀ ਫੌਜ ਨੇ ਪੂਰਬੀ ਸੀਰੀਆ ਵਿਚ ਈਰਾਨ ਦੀ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਦੋ ਟਿਕਾਣਿਆਂ ’ਤੇ ਸ਼ੁੱਕਰਵਾਰ ਤੜਕੇ ਹਵਾਈ ਹਮਲੇ ਕੀਤੇ। ਇਹ ਹਵਾਈ ਹਮਲੇ ਪਿਛਲੇ ਹਫਤੇ ਖੇਤਰ ’ਚ ਅਮਰੀਕੀ ਫੌਜੀ ਟਿਕਾਣਿਆਂ ਅਤੇ ਜਵਾਨਾਂ ’ਤੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੇ ਜਵਾਬ ’ਚ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੈਂਟਾਗਨ ਮੁਤਾਬਕ ਅਮਰੀਕੀ ਹਵਾਈ ਹਮਲੇ ਖੇਤਰ ’ਚ ਨਾਜ਼ੁਕ ਸੰਤੁਲਨ ਬਣਾਈ ਰੱਖਣ ਲਈ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਦੇ ਦਿ੍ਰੜ੍ਹ ਇਰਾਦੇ ਨੂੰ ਦਰਸਾਉਂਦੇ ਹਨ। ਅਮਰੀਕਾ ਉਸ ’ਤੇ ਹਮਲਾ ਕਰਨ ਵਾਲੇ ਸ਼ੱਕੀ ਈਰਾਨ ਸਮਰਥਕ ਸਮੂਹਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ ਤਾਂ ਜੋ ਭਵਿੱਖ ’ਚ ਅਜਿਹੇ ਹਮਲਿਆਂ ਨੂੰ ਰੋਕਿਆ ਜਾ ਸਕੇ।
ਈਰਾਨ ਨੇ ਕਿਹਾ ਹੈ ਕਿ ਜੇ ਇਜ਼ਰਾਈਲ ਨੇ ਗਾਜ਼ਾ ’ਤੇ ਬੰਬਾਰੀ ਨਾ ਰੋਕੀ ਤਾਂ ਅਮਰੀਕਾ ਵੀ ਇਸਦੀ ਲਪੇਟ ਵਿਚ ਆ ਜਾਵੇਗਾ। ਈਰਾਨੀ ਵਿਦੇਸ਼ ਮੰਤਰੀ ਹੋਸੈਨ ਅਮੀਰ-ਅਬਦੁੱਲਾਹੀਆਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿਸ਼ੇਸ਼ ਅਜਲਾਸ ’ਚ ਕਿਹਾ ਕਿ ਅਮਰੀਕਾ ਨੂੰ ਗਾਜ਼ਾ ਤੇ ਫਲਸਤੀਨ ਵਿਚ ਨਸਲਘਾਤ ਰੁਕਵਾਉਣਾ ਚਾਹੀਦਾ ਹੈ।
ਅਬਦੁੱਲਾਹੀਆਨ ਨੇ ਆਪਣੇ ਭਾਸ਼ਣ ਦੌਰਾਨ ਖਦਸ਼ਾ ਪ੍ਰਗਟਾਇਆ ਕਿ ਇਜ਼ਰਾਈਲ-ਹਮਾਸ ਜੰਗ ਭਵਿੱਖ ’ਚ ਅਮਰੀਕਾ ਤੇ ਈਰਾਨ ਵਿਚਾਲੇ ਸਿੱਧੇ ਸੰਘਰਸ਼ ਵਿਚ ਬਦਲ ਸਕਦੀ ਹੈ। ਉਨ੍ਹਾ ਕਿਹਾਮੈਂ ਅਮਰੀਕਾ ਨੂੰ ਚਿਤਾਵਨੀ ਦੇਣਾ ਚਾਹੁੰਦਾ ਹਾਂ ਕਿ ਜੇ ਫਲਸਤੀਨ ’ਚ ਇੰਜ ਹੀ ਨਸਲਘਾਤ ਹੁੰਦਾ ਰਿਹਾ ਤਾਂ ਅਮਰੀਕਾ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਅਸੀਂ ਆਪਣੇ ਖੇਤਰ ਤੇ ਆਪਣੇ ਘਰਾਂ ਦੀ ਰਾਖੀ ਵਿਚ ਕੋਈ ਕਮੀ ਨਹੀਂ ਛੱਡਾਂਗੇ।
ਉਨ੍ਹਾ ਕਿਹਾ ਕਿ ਹਮਾਸ ਅਸਲ ਵਿਚ ਫਲਸਤੀਨ ਦੀ ਆਜ਼ਾਦੀ ਲਈ ਇਕ ਅੰਦੋਲਨ ਹੈ। ਉਨ੍ਹਾ 7 ਅਕਤੂਬਰ ਨੂੰ ਹਮਾਸ ਦੇ ਇਜ਼ਰਾਈਲ ’ਤੇ ਹਮਲੇ ਨੂੰ ਸਹੀ ਠਹਿਰਾਉਦਿਆਂ ਕਿਹਾ ਕਿ ਹਮਾਸ ਨੂੰ ਆਪਣੇ ਖੇਤਰ ਲਈ ਲੜਨ ਦਾ ਪੂਰਾ ਅਧਿਕਾਰ ਹੈ। ਇਸ ਲਈ ਲੋੜ ਪੈਣ ’ਤੇ ਹਿੰਸਾ ਦੀ ਵਰਤੋਂ ਵੀ ਗਲਤ ਨਹੀਂ ਹੈ। ਉਨ੍ਹਾ ਕਿਹਾ ਕਿ ਜੇ ਹਮਾਸ ਨੇ ਕੁਝ ਲੋਕਾਂ ਨੂੰ ਬੰਦੀ ਬਣਾਇਆ ਹੈ ਤਾਂ ਇਜ਼ਰਾਈਲ ਦੀਆਂ ਜੇਲ੍ਹਾਂ ਵਿਚ ਵੀ ਅਨੇਕਾਂ ਫਲਸਤੀਨੀ ਬੰਦ ਹਨ।
ਉਨ੍ਹਾ ਕਿਹਾਹਮਾਸ ਬੰਦੀਆਂ ਨੂੰ ਛੱਡਣ ਲਈ ਤਿਆਰ ਹੈ। ਇਸਦੇ ਨਾਲ ਪੂਰੀ ਦੁਨੀਆ ਨੂੰ ਇਜ਼ਰਾਈਲ ਦੀਆਂ ਜੇਲ੍ਹਾਂ ਵਿਚ ਬੰਦ 6 ਹਜ਼ਾਰ ਫਲਸਤੀਨੀਆਂ ਨੂੰ ਛੁਡਾਉਣਾ ਚਾਹੀਦਾ ਹੈ। ਹਮਾਸ ਨੇ ਸਾਨੂੰ ਕਿਹਾ ਹੈ ਕਿ ਉਹ ਬੰਦੀਆਂ ਨੂੰ ਛੱਡਣ ਲਈ ਤਿਆਰ ਹੈ। ਈਰਾਨ ਕਤਰ ਤੇ ਤੁਰਕੀ ਨਾਲ ਮਿਲ ਕੇ ਇਸ ਮਾਨਵੀ ਕੰਮ ਵਿਚ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹੈ।



