ਫਲਸਤੀਨੀਆਂ ਦਾ ਨਸਲਘਾਤ

0
219

ਇਸ ਸਮੇਂ ਗਾਜ਼ਾ ਵਿੱਚ ਇਜ਼ਰਾਈਲ ਦੇ ਹਮਲੇ ਇਸ ਗੱਲ ਦਾ ਸਬੂਤ ਹਨ ਕਿ ਉਹ ਫਲਸਤੀਨੀਆਂ ਦਾ ਨਸਲਘਾਤ ਕਰਨ ਦੇ ਰਾਹ ਪੈ ਚੁੱਕਾ ਹੈ। ਪਿਛਲੇਰੀ ਰਾਤ ਉਸ ਨੇ ਜ਼ਮੀਨੀ ਹਮਲਿਆਂ ਦੀ ਸ਼ੁਰੂਆਤ ਕਰ ਦਿੱਤੀ ਹੈ। ਹੁਣ ਤੱਕ ਗਾਜ਼ਾ ਵਿੱਚ ਮਰਨ ਵਾਲਿਆਂ ਦੀ ਗਿਣਤੀ 7 ਹਜ਼ਾਰ ਤੋਂ ਟੱਪ ਚੁੱਕੀ ਹੈ। ਇਨ੍ਹਾਂ ਵਿੱਚ 2931 ਬੱਚੇ, 1709 ਔਰਤਾਂ ਤੇ 397 ਬਜ਼ੁਰਗ ਸ਼ਾਮਲ ਹਨ। ਵੈਸਟ ਬੈਂਕ ਵਿੱਚ ਵੀ ਹੁਣ ਤੱਕ 100 ਫਲਸਤੀਨੀ ਮਾਰੇ ਜਾ ਚੁੱਕੇ ਹਨ।
ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਇਜ਼ਰਾਈਲ ਪੱਤਰਕਾਰਾਂ ਨੂੰ ਚੁਣ-ਚੁਣ ਕੇ ਮਾਰ ਰਿਹਾ ਹੈ, ਤਾਂ ਜੋ ਉਸ ਦੇ ਅਣਮਨੁੱਖੀ ਵਿਹਾਰ ਦੀਆਂ ਖ਼ਬਰਾਂ ਬਾਹਰ ਨਾ ਆ ਸਕਣ। ਹੁਣ ਤੱਕ ਗਾਜ਼ਾ ਵਿੱਚ 21 ਪੱਤਰਕਾਰ ਮਾਰੇ ਜਾ ਚੁੱਕੇ ਹਨ।
ਅਲ ਜਜ਼ੀਰਾ ਦੇ ਬਿਊਰੋ ਚੀਫ਼ ਦਾਹਦੋਹ ਦਾ ਸਾਰਾ ਪਰਵਾਰ ਇਜ਼ਰਾਈਲੀ ਗੋਲੀਬਾਰੀ ਵਿੱਚ ਉਸ ਸਮੇਂ ਮਾਰ ਦਿੱਤਾ ਗਿਆ, ਜਦੋਂ ਉਹ ਜੰਗ ਦੀ ਰਿਪੋਰਟਿੰਗ ਕਰ ਰਿਹਾ ਸੀ। ਦਾਹਦੋਹ ਦੇ ਪਰਵਾਰ, ਜਿਸ ਵਿੱਚ ਉਸ ਦੀ ਪਤਨੀ, ਬੇਟਾ, ਬੇਟੀ ਤੇ ਪੋਤੇ ਸ਼ਾਮਲ ਸਨ, ਨੇ ਨੁਸੀਰਾਤ ਰਿਫਿਊਜ਼ੀ ਕੈਂਪ ਵਿੱਚ ਸ਼ਰਨ ਲਈ ਹੋਈ ਸੀ, ਜਿਸ ’ਤੇ ਇਜ਼ਰਾਈਲ ਵੱਲੋਂ ਹਵਾਈ ਹਮਲਾ ਕਰ ਦਿੱਤਾ ਗਿਆ ਸੀ।
ਅਲ ਜਜ਼ੀਰਾ ਨੇ ਜੋ ਫੁੱਟੇਜ ਦਿਖਾਈਆਂ ਹਨ, ਉਸ ਵਿੱਚ ਦਾਹਦੋਹ ਆਪਣੀ ਮਾਰ ਦਿੱਤੀ ਗਈ ਪਤਨੀ, ਬੇਟੇ ਤੇ ਬੇਟੀ ਨੂੰ ਮੋਰਚਰੀ ਵਿੱਚ ਦੇਖਣ ਲਈ ਅਲ-ਅਕਸਾ ਹਸਪਤਾਲ ਵਿੱਚ ਹਨ। ਉਹ ਝੁਕ ਕੇ ਆਪਣੇ 15 ਸਾਲਾ ਬੇਟੇ ਮਹਿਮੂਦ ਦਾ ਚਿਹਰਾ ਛੂਹ ਰਹੇ ਹਨ, ਜਿਹੜਾ ਆਪਣੇ ਪਿਤਾ ਵਾਂਗ ਹੀ ਪੱਤਰਕਾਰ ਬਣਨਾ ਚਾਹੁੰਦਾ ਸੀ। ਫਿਰ ਉਹ ਆਪਣੀ ਸੱਤ ਸਾਲਾ ਕਫ਼ਨ ਵਿੱਚ ਲਿਪਟੀ ਬੇਟੀ ਦਾ ਹੱਥ ਫੜ ਕੇ ਉਸ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਹਨ।
ਦਾਹਦੋਹ ਨੇ ਹਸਪਤਾਲ ’ਚੋਂ ਬਾਹਰ ਆ ਕੇ ਕਿਹਾ, ‘‘ਜੋ ਹੋਇਆ ਉਹ ਸਪੱਸ਼ਟ ਹੈ। ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਮੈਂ ਅਜਿਹੇ ਹੀ ਇੱਕ ਹਮਲੇ ਬਾਰੇ ਯਰਮੌਕ ਵਿੱਚ ਰਿਪੋਰਟਿੰਗ ਕਰ ਰਿਹਾ ਸੀ, ਤਦੇ ਮੈਨੂੰ ਇਹ ਮਨਹੂਸ ਖ਼ਬਰ ਮਿਲੀ। ਸਾਨੂੰ ਪਹਿਲਾਂ ਹੀ ਸ਼ੱਕ ਸੀ ਕਿ ਇਜ਼ਰਾਈਲੀ ਇਨ੍ਹਾਂ ਲੋਕਾਂ ਨੂੰ ਦੰਡ ਦਿੱਤੇ ਬਿਨਾਂ ਨਹੀਂ ਜਾਣ ਦੇਣਗੇ। ਹਾਲਾਂਕਿ ਇਜ਼ਰਾਈਲੀ ਫੌਜ ਨੇ ਵੀ ਸਾਨੂੰ ਕਿਹਾ ਸੀ ਕਿ ਇਹ ਸੁਰੱਖਿਅਤ ਖੇਤਰ ਹੈ।’’
ਅਲ ਜਜ਼ੀਰਾ ਮੀਡੀਆ ਨੈੱਟਵਰਕ ਨੇ ਇੱਕ ਬਿਆਨ ਵਿੱਚ ਕਿਹਾ ਹੈ, ‘‘ਇਜ਼ਰਾਈਲੀ ਫੌਜ ਦੇ ਅੰਧਾਧੁੰਦ ਹਮਲੇ ਵਿੱਚ ਦਾਹਦੋਹ ਦੀ ਪਤਨੀ, ਬੇਟੇ ਤੇ ਬੇਟੀ ਦੀ ਮੌਤ ਹੋ ਗਈ ਹੈ, ਜਦੋਂ ਕਿ ਬਾਕੀ ਪਰਵਾਰ ਮਲਬੇ ਹੇਠਾਂ ਦਬ ਗਿਆ ਹੈ। ਉਨ੍ਹਾਂ ਦੇ ਘਰ ਨੂੰ ਰਿਫਿਊਜ਼ੀ ਕੈਂਪ ਵਿੱਚ ਨਿਸ਼ਾਨਾ ਬਣਾਇਆ ਗਿਆ, ਜਿਥੇ ਉਨ੍ਹਾਂ ਆਪਣੇ ਪਹਿਲੇ ਘਰ ਦੇ ਨੇੜੇ ਬੰਬਾਰੀ ਹੋਣ ਕਾਰਨ ਸ਼ਰਨ ਲਈ ਹੋਈ ਸੀ। ਅਸੀਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਉਹ ਦਖਲ ਦੇ ਕੇ ਇਜ਼ਰਾਈਲੀ ਹਮਲੇ ਰੁਕਵਾਉਣ ਤਾਂ ਜੋ ਨਿਰਦੋਸ਼ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ।’’
ਦਾਹਦੋਹ ਦੇ ਸਹਿਯੋਗੀ ਪੱਤਰਕਾਰਾਂ ਨੇ ਕਿਹਾ ਕਿ ਦਾਹਦੋਹ ਦੇ ਪਰਵਾਰ ਦੀ ਹੱਤਿਆ ਫਲਸਤੀਨੀ ਪੱਤਰਕਾਰਾਂ ਨੂੰ ਟਾਰਗੇਟ ਕਰਨ ਦਾ ਹਿੱਸਾ ਹੈ। ਇਸੇ ਦੌਰਾਨ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਜਰਨਲਿਸਟਸ ਨੇ ਕਿਹਾ ਹੈ ਕਿ ਗਾਜ਼ਾ ਪੱਟੀ ਵਿੱਚ ਘੱਟ ਤੋਂ ਘੱਟ 21 ਪੱਤਰਕਾਰ ਮਾਰੇ ਗਏ ਹਨ, ਕਈ ਜ਼ਖ਼ਮੀ ਤੇ ਲਾਪਤਾ ਹਨ। ਫੈਡਰੇਸ਼ਨ ਨੇ ਪੱਤਰਕਾਰਾਂ ਦੀਆਂ ਹੱਤਿਆਵਾਂ ਤੇ ਉਨ੍ਹਾਂ ’ਤੇ ਹਮਲਿਆਂ ਦੀ ਨਿੰਦਾ ਕਰਦਿਆਂ ਉਨ੍ਹਾਂ ਦੀ ਮੌਤ ਦੀ ਜਾਂਚ ਦੀ ਮੰਗ ਕੀਤੀ ਹੈ।
ਇਸ ਸਮੇਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਸਾਰੀ ਦੁਨੀਆ ਫਲਸਤੀਨੀਆਂ ਦੇ ਹੋ ਰਹੇ ਨਸਲਘਾਤ ਨੂੰ ਅੱਖਾਂ ਬੰਦ ਕਰਕੇ ਦੇਖਦੀ ਰਹੇਗੀ? ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ ਦੀ ਦੁਹਾਈ ਦੇਣ ਵਾਲੇ ਅਮਰੀਕਾ ਤੇ ਹੋਰ ਪੱਛਮੀ ਦੇਸ਼ ਇਸ ਇੱਕਪਾਸੜ ਜੰਗ ਨੂੰ ਰੋਕਣ ਦੀ ਥਾਂ ਇਜ਼ਰਾਈਲ ਦੀ ਪਿੱਠ ਥਾਪੜ ਰਹੇ ਹਨ ਤੇ ਉਸ ਨੂੰ ਜੰਗੀ ਸਮਾਨ ਭੇਜ ਰਹੇ ਹਨ। ਪੱਛਮੀ ਦੇਸ਼ ਤੇ ਚੀਨ, ਰੂਸ ਸਲਾਮਤੀ ਕੌਂਸਲ ਵਿੱਚ ‘ਵੀਟੋ-ਵੀਟੋ’ ਖੇਡ ਰਹੇ ਹਨ।

LEAVE A REPLY

Please enter your comment!
Please enter your name here