ਕੋਚੀ : ਕੇਰਲ ਸਰਕਾਰ ਨੇ ਚਪੜਾਸੀ ਦੀ ਨੌਕਰੀ ਲਈ ਅਰਜ਼ੀਆਂ ਕੱਢੀਆਂ | ਇਸ ਨੌਕਰੀ ਲਈ ਯੋਗਤਾ ਮੰਗੀ ਹੈ 7ਵੀਂ ਪਾਸ ਅਤੇ ਸਾਇਕਲ ਚਲਾਉਣਾ ਆਉਣਾ ਚਾਹੀਦਾ ਹੈ | ਨੌਕਰੀ ਲਈ ਵੱਡੀ ਗਿਣਤੀ ‘ਚ ਨੌਜਵਾਨ ਪਹੁੰਚੇ | ਨੌਕਰੀ ਲਈ ਚਾਹੇ ਸੱਤਵੀਂ ਤੱਕ ਦੀ ਪੜ੍ਹਾਈ ਦੀ ਯੋਗਤਾ ਮੰਗੀ ਗਈ, ਪਰ ਲਾਈਨ ‘ਚ ਹਾਈ ਐਜੂਕੇਟਿਡ ਨੌਜਵਾਨ ਖੜੇ ਸਨ | ਕੇਰਲ ‘ਚ ਚਪੜਾਸੀ ਦੀ ਨੌਕਰੀ ਲਈ ਸ਼ੁਰੂਆਤੀ ਤਨਖਾਹ 23000 ਰੁਪਏ ਪ੍ਰਤੀ ਮਹੀਨਾ ਰੱਖੀ ਗਈ ਹੈ | ਉਮੀਦਵਾਰਾਂ ਨੇ ਕਿਹਾ ਕਿ ਚੰਗੀ ਤਨਖਾਹ ਹੈ | ਦਿਲਚਸਪ ਗੱਲ ਇਹ ਹੈ ਕਿ ਸਾਇਕਲ ਹੁਣ ਆਵਾਜਾਈ ਦਾ ਸਾਧਨ ਨਹੀਂ, ਪਰ ਨਿਯਮ ਹਾਲੇ ਤੱਕ ਨਹੀਂ ਬਦਲਿਆ | ਕੁਲ 101 ਉਮੀਦਵਾਰਾਂ ਨੇ ਸਾਈਕਿਲੰਗ ਟੈੱਸਟ ਪਾਸ ਕੀਤਾ | ਕੋਚੀ ਦੇ ਰਹਿਣ ਵਾਲੇ ਪ੍ਰਸ਼ਾਂਤ ਕੋਲ ਬੈਂਕਿੰਗ ‘ਚ ਡਿਪਲੋਮਾ ਹੈ | ਉਸ ਨੇ ਕਿਹਾ ਕਿ ਉਹ ਇੱਕ ਕੈਫੇ ਚਲਾਉਂਦਾ ਹੈ | ਉਸ ਨੇ ਕਿਹਾ ਕਿ ਜੇਕਰ ਮੈਨੂੰ ਕੇ ਐੱਸ ਈ ਬੀ (ਸੂਬਾ ਬਿਜਲੀ ਉਪਯੋਗਤਾ) ਵਰਗੀ ਕੰਪਨੀ ‘ਚ ਨਿਯੁਕਤ ਕੀਤਾ ਜਾਂਦਾ ਹੈ ਤਾਂ ਤਨਖਾਹ 30000 ਤੋਂ ਜ਼ਿਆਦਾ ਹੋਵੇਗੀ | ਕੋਚੀ ਦੇ ਇੱਕ ਬੀ ਟੈਕ ਗਰੈਜੂਏਟ ਵਿਵੇਕ ਵੀ ਲਾਈਨ ‘ਚ ਸਨ | ਉਸ ਨੇ ਕਿਹਾ ਕਿ ਸੁਸਤ ਨੌਕਰੀ ਬਾਜ਼ਾਰ ‘ਚ ਇੱਕ ਚੰਗੀ ਤਨਖਾਹ ਨਾਲ ਨੌਕਰੀ ਹਾਸਲ ਕਰਨਾ ਵੱਡੀ ਚੁਣੌਤੀ ਬਣ ਗਈ ਹੈ | ਕੇਂਦਰੀ ਮਜ਼ਦੂਰ ਅਤੇ ਰੁਜ਼ਗਾਰ ਮੰਤਰਾਲੇ ਅਨੁਸਾਰ ਕੇਰਲ ‘ਚ 2022 ‘ਚ ਰੁਜ਼ਗਾਰ ਐਕਸਚੇਂਜਾਂ ‘ਚ ਰਜਿਸਟਰਡ ਨੌਕਰੀ ਚਾਹੁਣ ਵਾਲਿਆਂ ਦੀ ਗਿਣਤੀ 5.1 ਲੱਖ ਸੀ | ਇਨ੍ਹਾਂ ‘ਚੋਂ 3.2 ਲੱਖ ਔਰਤਾਂ ਹਨ, ਜੋ ਦੇਸ਼ ‘ਚ ਸਭ ਤੋਂ ਵੱਧ ਹੈ |


