ਨਵੀਂ ਦਿੱਲੀ : ਤਿ੍ਣਮੂਲ ਕਾਂਗਰਸ ਦੀ ਸਾਂਸਦ ਮਹੂਆ ਮੋਇਤਰਾ ਨੇ ਸਵੀਕਾਰ ਕੀਤਾ ਕਿ ਉਸ ਨੇ ਆਪਣੇ ਮਿੱਤਰ ਅਤੇ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਨੂੰ ਆਪਣਾ ਲਾਗਇਨ ਅਤੇ ਪਾਸਵਾਰਡ ਦੀ ਡਿਟੇਲ ਦਿੱਤੀ ਸੀ | ‘ਦਿ ਇੰਡੀਅਨ ਐੱਕਸਪ੍ਰੈੱਸ’ ਨੂੰ ਦਿੱਤੇ ਇੱਕ ਇੰਟਰਵਿਊ ‘ਚ ਮਹੂਆ ਨੇ ਸਾਫ਼ ਕੀਤਾ ਕਿ ਉਸ ਨੇ ਹੀਰਾਨੰਦਾਨੀ ਤੋਂ ਕਿਸੇ ਤਰ੍ਹਾਂ ਦੀ ਕੋਈ ਨਗਦੀ ਨਹੀਂ ਲਈ, ਜਿਸ ਤਰ੍ਹਾਂ ਕਿ ਸੁਪਰੀਮ ਕੋਰਟ ਦੇ ਵਕੀਲ ਜੈ ਅਨੰਤ ਦੇਹਾਦ੍ਰਾਈ ਨੇ ਕੇਂਦਰੀ ਜਾਂਚ ਬਿਊਰੋ ਨੂੰ ਆਪਣੀ ਸ਼ਿਕਾਇਤ ‘ਚ ਦੋਸ਼ ਲਾਏ ਸਨ | ਮਹੂਆ ਮੋਇਤਰਾ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ | ਉਸ ਨੇ ਕਿਹਾ ਕਿ ਦੋਸ਼ ਤਾਂ ਕੋਈ ਵੀ ਲਾ ਸਕਦਾ ਹੈ, ਪਰ ਉਸ ਨੂੰ ਸਾਬਤ ਕਰਨ ਦੀ ਜ਼ਿੰਮੇਵਾਰੀ ਹਮੇਸ਼ਾ ਸ਼ਿਕਾਇਤਕਰਤਾ ਦੀ ਹੁੰਦੀ ਹੈ | ਉਨ੍ਹਾ ਕਿਹਾ ਕਿ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਨੂੰ ਆਪਣਾ ਸੰਸਦ ਲਾਗਇਨ ਅਤੇ ਪਾਸਵਰਡ ਦਿੱਤਾ ਸੀ, ਕਿਉਂਕਿ ਇਸ ਤਰ੍ਹਾਂ ਦਾ ਕੋਈ ਨਿਯਮ ਨਹੀਂ ਕਿ ਕਿਸ ਦੇ ਕੋਲ ਲਾਗਇਨ ਹੋ ਸਕਦਾ ਹੈ, ਕੌਣ ਕਰ ਸਕਦਾ ਹੈ ਅਤੇ ਕੌਣ ਨਹੀਂ | ਉਸ ਨੇ ਕਿਹਾ ਕਿ ਕੋਈ ਵੀ ਸਾਂਸਦ ਖੁਦ ਸਵਾਲ ਨਹੀਂ ਪੁੱਛਦਾ | ਲਾਗਾਇਨ ਅਤੇ ਪਾਸਵਰਡ ਉਸ ਦੀ ਟੀਮ ਕੋਲ ਰਹਿੰਦੇ ਹਨ | ਉਨ੍ਹਾ ਕਿਹਾ ਕਿ ਇੱਕ ਓ ਟੀ ਪੀ ਆਉਂਦਾ ਹੈ, ਜੋ ਕੇਵਲ ਮੇਰੇ ਫੋਨ ‘ਤੇ ਆਉਂਦਾ ਹੈ | ਇਹ ਦਰਸ਼ਨ ਦੇ ਫੋਨ ‘ਤੇ ਨਹੀਂ ਜਾਂਦਾ |
ਮਹੂਆ ਨੇ ਕਿਹਾ—ਉਨ੍ਹਾਂ ਧਮਕਾਉਣ ਲਈ ਗਲਤ ਵਿਅਕਤੀ ਨੂੰ ਚੁਣਿਆ ਹੈ | ਉਨ੍ਹਾ ਸੱਚ ‘ਚ ਇਸ ਤਰ੍ਹਾਂ ਕੀਤਾ ਹੈ | ਮੈਂ ਇੱਥੇ ਬੈਠਣ ਲਈ ਆਪਣੇ ਜੀਵਨ ‘ਚ ਸਭ ਕੁਝ ਛੱਡ ਦਿੱਤਾ ਹੈ | ਮੈਂ ਸੱਚ ਲਈ ਲੜਨਾ ਜਾਰੀ ਰੱਖਾਂਗੀ ਅਤੇ ਤੁਸੀਂ ਦੇਖੋਗੇ ਕਿ 2024 ‘ਚ ਕੀ ਹੁੰਦਾ ਹੈ |
ਮਹਿੰਗੇ ਤੋਹਫੇ ਮਿਲਣ ਦੇ ਦੋਸ਼ਾਂ ‘ਤੇ ਮਹੂਆ ਨੇ ਕਿਹਾ, ‘ਮੇਰੀ ਜਾਣਕਾਰੀ ਅਨੁਸਾਰ ਦਰਸ਼ਨ ਹੀਰਾਨੰਦਾਨੀ ਨੇ ਮੈਨੂੰ ਮੇਰੇ ਜਨਮ ਦਿਨ ‘ਤੇ ਇੱਕ ਹਰਮੀਸ ਸਕਾਰਫ਼ ਦਿੱਤਾ | ਮੋਇਤਰਾ ਨੇ ਇਹ ਵੀ ਕਿਹਾ ਕਿ ਜਦ ਵੀ ਮੈਂ ਮੁੰਬਈ ਜਾਂ ਦੁਬਈ ‘ਚ ਹੁੰਦੀ ਸੀ, ਦਰਸ਼ਨ ਦੀ ਕਾਰ ਮੈਨੂੰ ਹਵਾਈ ਅੱਡੇ ਤੋਂ ਪਿਕਅੱਪ ਕਰਦੀ ਅਤੇ ਛੱਡਦੀ ਸੀ | ਮੈਂ ਤੁਹਾਨੂੰ ਬਿਲਕੱੁਲ ਸੱਚ ਦੱਸ ਰਹੀ ਹਾਂ ਅਤੇ ਕੀ ਦਰਸ਼ਨ ਇਸ ਤੋਂ ਜ਼ਿਆਦਾ ਕੁਝ ਸਾਬਤ ਕਰ ਸਕਦੇ ਹਨ | ਮੈਂ ਉਸ ਤੋਂ ਕਦੀ ਕੋਈ ਨਗਦੀ ਜਾਂ ਕੁਝ ਹੋਰ ਨਹੀਂ ਲਿਆ | ਮੈਂ ਆਪਣੀ ਇਮਾਨਦਾਰੀ ‘ਤੇ ਵਿਸ਼ਵਾਸ ਕਰਦੀ ਹਾਂ |’