ਜਲੰਧਰ : ਇੱਥੋਂ ਦੇ ਗਦਾਈਪੁਰ ’ਚ ਪਤੀ-ਪਤਨੀ ਨੇ ਕਿਰਾਏ ਦੇ ਮਕਾਨ ’ਚ ਜ਼ਹਿਰੀਲੀ ਚੀਜ਼ ਨਿਗਲ ਕੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਦੋਵਾਂ ਦੀਆਂ ਲਾਸ਼ਾਂ 3 ਦਿਨ ਪੁਰਾਣੀਆਂ ਲੱਗ ਰਹੀਆਂ ਹਨ। ਥਾਣਾ ਡਵੀਜ਼ਨ ਨੰਬਰ-8 ਮੁਤਾਬਕ ਮਿ੍ਰਤਕਾਂ ਦੀ ਪਛਾਣ ਪ੍ਰੇਮ ਪੁੱਤਰ ਭੀਮ ਬਹਾਦੁਰ ਵਾਸੀ ਨੇਪਾਲ ਅਤੇ ਉਸ ਦੀ ਪਤਨੀ ਭਾਵਨਾ ਵਜੋਂ ਹੋਈ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਦੇ ਕਮਰੇ ’ਚੋਂ ਬਦਬੂ ਆਉਣ ਲੱਗੀ।
ਲੋਕਾਂ ਨੇ ਉਨ੍ਹਾਂ ਨੂੰ 3 ਦਿਨਾਂ ਤੋਂ ਨਹੀਂ ਦੇਖਿਆ ਸੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦਰਵਾਜ਼ਾ ਖੋਲ੍ਹਿਆ ਤਾਂ ਲਾਸ਼ਾਂ ਬਰਾਮਦ ਹੋਈਆਂ। ਲਾਸ਼ਾਂ ਕਾਲੀਆਂ ਪੈ ਚੁੱਕੀਆਂ ਸਨ। ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਆਤਮਹੱਤਿਆ ਕਰਨ ਤੋਂ ਪਹਿਲਾਂ ਪਤੀ-ਪਤਨੀ ਵਿਚਾਲੇ ਕਥਿਤ ਤੌਰ ’ਤੇ ਲੜਾਈ ਹੋਈ ਦੱਸੀ ਗਈ ਹੈ। ਦੋਵੇਂ ਕਰੀਬ 2 ਮਹੀਨੇ ਪਹਿਲਾਂ ਨੇਪਾਲ ਤੋਂ ਜਲੰਧਰ ਆਏ ਸਨ। ਪ੍ਰੇਮ ਵੇਟਰ ਸੀ।