3 ਦੀ ਮੋਹਾਲੀ ਰੈਲੀ ਲਈ ਜ਼ਬਰਦਸਤ ਜੋਸ਼

0
317

ਅੰਮਿ੍ਰਤਸਰ : ਪੰਜਾਬ ਦੇ ਮਜ਼ਦੂਰਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਏਟਕ, ਐੱਚ.ਐੱਮ.ਐੱਸ., ਸੀ.ਟੀ.ਯੂ. ਪੰਜਾਬ ਅਤੇ ਇੰਟਕ ਦੀ ਮੀਟਿੰਗ ਇੱਥੇ ਹੋਈ। ਮੀਟਿੰਗ ਵਿੱਚ ਬੰਤ ਸਿੰਘ ਬਰਾੜ, ਅਮਰਜੀਤ ਸਿੰਘ ਆਸਲ, ਕੁਲਵੰਤ ਸਿੰਘ ਬਾਵਾ, ਰਜਿੰਦਰ ਸਿੰਘ, ਸ਼ਿਵ ਕੁਮਾਰ, ਨੱਥਾ ਸਿੰਘ, ਸੁਰਿੰਦਰ ਕੁਮਾਰ ਸ਼ਰਮਾ ਅਤੇ ਇਕਬਾਲ ਸਿੰਘ ਆਦਿ ਹਾਜ਼ਰ ਸਨ। ਮਜ਼ਦੂਰ ਆਗੂਆਂ ਨੇ 3 ਨਵੰਬਰ ਨੂੰ ਮੋਹਾਲੀ ਵਿਖੇ ਮਜ਼ਦੂਰਾਂ ਦੀ ਹੋ ਰਹੀ ਰੈਲੀ ਦੇ ਵੱਖ-ਵੱਖ ਪਹਿਲੂਆਂ ਤੋਂ ਰੈਲੀ ਦੀ ਤਿਆਰੀ ਦਾ ਜਾਇਜ਼ਾ ਲਿਆ। ਇਹ ਨੋਟ ਕੀਤਾ ਗਿਆ ਕਿ ਸਾਰੇ ਪੰਜਾਬ ਦੇ ਵੱਖ-ਵੱਖ ਅਦਾਰਿਆਂ ਦੇ ਮਜ਼ਦੂਰਾਂ-ਮੁਲਾਜ਼ਮਾਂ ਵਿੱਚ ਰੈਲੀ ਲਈ ਭਰਪੂਰ ਜੋਸ਼ ਹੈ ਅਤੇ ਇਹ ਰੈਲੀ ਇਤਿਹਾਸਕ ਹੋਵੇਗੀ। ਪੰਜਾਬ ਦੇ ਸਨਅਤੀ ਕਾਮਿਆਂ, ਭੱਠਿਆਂ ਦੇ ਮਜ਼ਦੂਰਾਂ, ਉਸਾਰੀ ਮਜ਼ਦੂਰਾਂ, ਬਿਜਲੀ ਮੁਲਾਜ਼ਮਾਂ, ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ, ਪੈਪਸੂ ਰੋਡਵੇਜ਼ ਦੇ ਕਰਮਚਾਰੀਆਂ, ਆਂਗਣਵਾੜੀ ਵਰਕਰਾਂ/ਹੈਲਪਰਾਂ, ਆਸ਼ਾ ਵਰਕਰਾਂ, ਪੱਲੇਦਾਰਾਂ ਅਤੇ ਵੱਖ-ਵੱਖ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਵਿੱਚ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਭਾਰੀ ਉਤਸ਼ਾਹ ਹੈ। ਮਜ਼ਦੂਰ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਇਸ ਅੰਦੋਲਨ ਨੂੰ ਇਸ ਰੈਲੀ ਤੋਂ ਬਾਅਦ ਵੀ ਚਲਦਾ ਰੱਖਿਆ ਜਾਵੇਗਾ, ਕਿਉਂਕਿ ਪੰਜਾਬ ਦੀ ਸਰਕਾਰ ਨੇ ਮਜ਼ਦੂਰਾਂ/ਮੁਲਾਜ਼ਮਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। 8 ਘੰਟੇ ਕੰਮ ਦਿਹਾੜੀ ਸਮਾਂ ਵਧਾ ਕੇ 12 ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਨੂੰ ਰੱਦ ਕਰਵਾ ਕੇ ਹੀ ਪੰਜਾਬ ਦੇ ਮਜ਼ਦੂਰ-ਮੁਲਾਜ਼ਮ ਦਮ ਲੈਣਗੇ। ਉਹਨਾਂ ਅੱਗੇ ਮੰਗ ਕੀਤੀ ਕਿ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਿੱਚ ਫੌਰੀ ਤੌਰ ’ਤੇ ਵਾਧਾ ਕੀਤਾ ਜਾਵੇ ਅਤੇ ਗੈਰ ਹੁਨਰਮੰਦ ਮਜ਼ਦੂਰ ਦੀ ਘੱਟੋ-ਘੱਟ ਤਨਖਾਹ 26000 ਰੁਪਏ ਮਹੀਨਾ ਨਿਸ਼ਚਿਤ ਕੀਤੀ ਜਾਵੇ। ਪੰਜਾਬ ਦੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਭੱਠਿਆਂ ਦੇ ਮਜ਼ਦੂਰਾਂ, ਉਸਾਰੀ ਮਜ਼ਦੂਰਾਂ, ਪੱਲੇਦਾਰਾਂ, ਆਂਗਣਵਾੜੀ ਵਰਕਰਾਂ ਆਦਿ ਦੀਆਂ ਮੰਗਾਂ ਫੌਰੀ ਤੌਰ ’ਤੇ ਮੰਨੀਆਂ ਜਾਣ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਰੈਲੀ ਸਮੇਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਰਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here