ਚੰਡੀਗੜ੍ਹ : ਮੁੱਖ ਮੰਤਰੀ ਵੱਲੋਂ ਪਹਿਲੀ ਨਵੰਬਰ ਨੂੰ ਸਿਆਸੀ ਪਾਰਟੀਆਂ ਨੂੰ ਬਹਿਸ ਕਰਨ ਲਈ ਵਾਰ-ਵਾਰ ਚੁਣੌਤੀਆਂ ਦੇਣ ਦੇ ਸੁਆਲ ਉਤੇ ਪ੍ਰਤੀਕਰਮ ਕਰਦਿਆਂ ਪੰਜਾਬ ਸੀ ਪੀ ਆਈ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਰ ਮੁੱਦੇ ’ਤੇ ਪੂਰੀ ਤਰ੍ਹਾਂ ਅਸਫਲ ਰਹਿਣ ਕਰਕੇ ਮੁੱਖ ਮੰਤਰੀ ਹਰ ਗੱਲ ’ਤੇ ਵਿਰੋਧੀ ਪਾਰਟੀਆਂ ਨੂੰ ਚੈਲਿੰਜ ਕਰਕੇ ਖਾਹ-ਮਖਾਹ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ। ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਬਰਾੜ ਨੇ ਆਖਿਆ ਕਿ ਜਮਹੂਰੀਅਤ ਅੰਦਰ ਪਹਿਲਾਂ ਹੀ ਕੋਈ ਗੱਲ ਲੁਕੀ ਨਹੀਂ ਤੇ ਹਰ ਪਹਿਲੂ ’ਤੇ ਅਸੰਬਲੀ, ਅਖਬਾਰਾਂ, ਸੋੋਸ਼ਲ ਮੀਡੀਆ ਅਤੇ ਰਾਜਸੀ ਪਾਰਟੀਆਂ ਸਮੇਤ ਰਾਜ ਕਰਦੀ ਆਮ ਆਦਮੀ ਪਾਰਟੀ ਰਾਜਸੀ ਕਾਨਫਰੰਸਾਂ ਕਰਕੇ ਆਪਣੀਆਂ ਨੀਤੀਆਂ ਲੋਕਾਂ ਸਾਹਮਣੇ ਪੇਸ਼ ਕਰ ਰਹੀਆਂ ਹਨ, ਹੁਣ ਮੁੱਖ ਮੰਤਰੀ ਕਿਹਨਾਂ ਮੁੱਦਿਆਂ ’ਤੇ ‘ਡਰਾਮਿਆਂ ਵਾਲੀਆਂ ਸਟੇਜਾਂ ਸਮਝ ਕੇ’ ਬਹਿਸ ਕਰਨਾ ਚਾਹੁਣਗੇ? ਜਿੱਥੋਂ ਤੱਕ ਐੱਸ ਵਾਈ ਐੱਲ ਦਾ ਸੁਆਲ ਹੈ, ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਵਿਚੋਂ ਕੋਈ ਵੀ ਇਸ ਦੇ ਬਣਨ ਦੇ ਹੱਕ ਵਿਚ ਨਹੀਂ। ਫਰਜ਼ ਬਣਦਾ ਸੀ ਕਿ ਉਹ ਮੁੱਖ ਮੰਤਰੀ ਹੋਣ ਦੇ ਨਾਤੇ ਸਾਰੀਆਂ ਪਾਰਟੀਆਂ ਦੀ ਇਕ ਮੀਟਿੰਗ ਬੁਲਾ ਕੇ ਇਕ ਸਾਂਝੀ ਪਹੁੰਚ ਬਣਾ ਕੇ ਇਸ ਮੁੱਦੇ ’ਤੇ ਅਦਾਲਤੀ ਅਤੇ ਸਿਆਸੀ ਲੜਾਈ ਦੀ ਰਣਨੀਤੀ ਤਿਆਰ ਕਰਦੇ, ਬਹਿਸ ਕਿਸ ਗੱਲ ਦੀ? ਇਸ ਵਿਚ ਕੋਈ ਸ਼ੱਕ ਨਹੀਂ ਤੇ ਇਹ ਹੈ ਵੀ ਇਕ ਇਤਿਹਾਸਕ ਸਚਾਈ ਕਿ ਪਿਛਲੀ ਰਾਜ ਕਰਦੀਆਂ ਪਾਰਟੀਆਂ ਦੀ ਗਲਤ ਸੋਚ ਕਰਕੇ ਐੱਸ ਵਾਈ ਐੱਲ ਦਾ ਟੁੱਟਿਆ-ਫੁੱਟਿਆ ਅਧੂਰਾ ਢਾਂਚਾ ਕਾਇਮ ਹੋਇਆ ਹੈ ਤੇ ਹੁਣ ‘ਆਪ’ ਸਰਕਾਰ ਦੀਆਂ ਨੀਤੀਆਂ ਕਾਰਨ ਕੇਂਦਰ ਸਰਕਾਰ ਇਸ ਦਾ ਸਰਵੇਖਣ ਕਰਨ ਦੀ ਜੁਰਅਤ ਕਰ ਰਹੀ ਹੈ।
ਮੁੱਖ ਮੰਤਰੀ ਬਹਿਸ ਨਹੀਂ, ਸਿੱਧਾ ਜਵਾਬ ਦੇਣ ਕਿ ਅਮਨ-ਕਾਨੂੰਨ ਦੀ ਹਾਲਤ ਕਿਉਂ ਵਿਗੜ ਰਹੀ ਹੈ? ਕੁਰੱਪਸ਼ਨ ਲਗਾਤਾਰ ਵਧ ਰਹੀ ਹੈ ਤੇ ਇਸ ਲਈ ਵਜ਼ੀਰ ਅਤੇ ਐੱਮ ਐੱਲ ਏ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਰੇਤਾ-ਬੱਜਰੀ, ਨਸ਼ਾ ਮਾਫੀਆ, ਗੈਂਗਸਟਰ, ਬੱਚਿਆਂ ਨੂੰ ਬਾਹਰ ਭੇਜਣ ਵਾਲੇ ਨਕਲੀ ਏਜੰਟ ਆਦਿ ਪੰਜਾਬ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ? ਸਾਥੀ ਬਰਾੜ ਨੇ ਕਿਹਾ ਕਿ ਚੰਡੀਗੜ੍ਹ, ਬੀ ਬੀ ਐੱਮ ਬੀ, ਪੰਜਾਬੀ ਬੋਲਦੇ ਇਲਾਕਿਆਂ ਆਦਿ ਬਾਰੇ ਢਿਲ-ਮੱਠ ਦੀ ਨੀਤੀ ਕਿਸ ਨੂੰ ਖੁਸ਼ ਕਰਨ ਵਾਸਤੇ ਬਣਾਈ? ਉਹਨਾ ਆਖਿਆ ਕਿ ਜਦੋਂ ਲਗਭਗ ਸਾਰੀਆਂ ਪ੍ਰਾਂਤਿਕ ਕਾਂਗਰਸੀ ਸਰਕਾਰਾਂ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿਤੀ ਹੈ ਤਾਂ ਪੰਜਾਬ ਸਰਕਾਰ ਇਸ ਬਾਰੇ ਕਿਉਂ ਮੌਨ-ਵਰਤ ਰੱਖੀ ਬੈਠੀ ਹੈ। ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿੱਥੇ ਗਿਆ? ਠੇਕੇ ’ਤੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦੀ ਗੱਲ ’ਤੇ ਵਿੱਦਿਆ ਅਤੇ ਸਿਹਤ ਸੇਵਾਵਾਂ ਵਿਚ ਸੁਧਾਰ ਦੀ ਬਜਾਏ ਵਿਗਾੜ ਕਿਉਂ ਪੈ ਰਿਹਾ ਹੈ? ਕਿਸ ਦੇ ਕਹਿਣ ’ਤੇ ਭਾਜਪਾ ਸਰਕਾਰ ਦੇ ਮਜ਼ਦੂਰ-ਵਿਰੋਧੀ ਏਜੰਡੇ ਤਹਿਤ ਦਿਹਾੜੀ 12 ਘੰਟੇ ਕੀਤੀ? ਚੰਡੀਗੜ੍ਹ ਦੀ ਬਜਾਏ ਤੁਸੀਂ ਮੁਹਾਲੀ ਨੂੰ ‘ਗੇਟ ਵੇ ਆਫ ਪੰਜਾਬ’ ਕਿਉਂ ਆਖਿਆ?
ਉਹਨਾ ਦੋਸ਼ ਲਾਇਆ ਕਿ ਮਾਨ ਸਰਕਾਰ ਨੇ ਆਪਣੇ 2 ਸਾਲਾਂ ਦੇ ਸਮੇਂ ਵਿਚ ਹੀ 50,000 ਕਰੋੜ ਹੋਰ ਕਰਜ਼ਾ ਲੈ ਕੇ ਕਿੱਥੇ ਖਰਚ ਕੀਤਾ? ਉਹਨਾ ਮਾਨ ਸਰਕਾਰ ਨੂੰ ਅਪੀਲ ਕੀਤੀ ਕਿ ਝੂਠੇ ਪ੍ਰਾਪੇਗੰਡੇ ’ਤੇ ਪੰਜਾਬੀਆਂ ਦਾ ਪੈਸਾ ਖਰਚ ਕਰਨ ਦੀ ਬਜਾਏ ਸਾਰੀਆਂ ਰਾਜਸੀ ਪਾਰਟੀਆਂ, ਅਰਥ ਸ਼ਾਸਤਰੀਆਂ ਅਤੇ ਵਿਗਿਆਨੀਆਂ ਨਾਲ ਬੈਠ ਕੇ ਗੰਭੀਰਤਾਪੂਰਵਕ ਵਿਚਾਰ ਕਰਕੇ ਪੰਜਾਬ ਨੂੰ ਆਰਥਕ, ਸਮਾਜਕ ਅਤੇ ਵਿਚਾਰਧਾਰਕ ਸੰਕਟ ਵਿਚੋਂ ਕੱਢਿਆ ਜਾਵੇ। ਇਹਨਾਂ ਸੁਆਲਾਂ ਸੰਬੰਧੀ ਹੀ ਪੰਜਾਬ ਦੀਆਂ ਸਾਰੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ 3 ਨਵੰਬਰ ਨੂੰ ਮੁਹਾਲੀ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਨੂੰ ਸਫਲ ਬਣਾਉਣ ਲਈ ਸਾਥੀ ਬਰਾੜ ਨੇ ਮਜ਼ਦੂਰ ਜਮਾਤ ਨੂੰ ਜ਼ੋਰਦਾਰ ਅਪੀਲ ਕੀਤੀ ਹੈ।





