ਇੰਫਾਲ : ਮਨੀਪੁਰ ਦੇ ਤੇਂਗਨੌਪਾਲ ਜ਼ਿਲ੍ਹੇ ਦੇ ਮੋਰੇਹ ਵਿਖੇ ਮੰਗਲਵਾਰ ਮਸ਼ਕੂਕ ਕਬਾਇਲੀ ਅੱਤਵਾਦੀਆਂ ਨੇ ਸਬ-ਡਵੀਜ਼ਨਲ ਪੁਲਸ ਅਫਸਰ (ਐੱਸ ਡੀ ਪੀ ਓ) ਚਿੰਗਥਮ ਆਨੰਦ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਹ ਕੁੱਕੀ-ਜ਼ੋ ਭਾਈਚਾਰੇ ਦੇ ਪ੍ਰਭਾਵ ਵਾਲੇ ਸਰਹੱਦੀ ਕਸਬੇ ’ਚ ਨਵੇਂ ਬਣੇ ਹੈਲੀਪੈਡ ਦਾ ਨਿਰੀਖਣ ਕਰਨ ਗਏ ਸਨ, ਜਦੋਂ ਉਨ੍ਹਾ ’ਤੇ ਹਮਲਾ ਹੋਇਆ। ਇਸੇ ਦੌਰਾਨ ਸੁਰੱਖਿਆ ਬਲਾਂ ਨੇ ਮਨੀਪੁਰ ਦੇ ਪੂਰਬੀ ਇੰਫਾਲ ਅਤੇ ਚੂਰਾਚਾਂਦਪੁਰ ਜ਼ਿਲ੍ਹਿਆਂ ’ਚ ਭਾਰੀ ਮਾਤਰਾ ’ਚ ਹਥਿਆਰ ਅਤੇ ਧਮਾਕਖੇਜ ਸਮਗਰੀ ਬਰਾਮਦ ਕੀਤੀ ਹੈ। ਪੁਲਸ ਨੇ ਕਿਹਾ ਕਿ ਪੂਰਬੀ ਇੰਫਾਲ ਜ਼ਿਲ੍ਹੇ ’ਚ ਸੰਜੇਨਬਾਮ ਖੁੱਲਨ, ਗੌਰਾਨਗਰ ਅਤੇ ਤੇਰਾਖੋਂਗ ਪਿੰਡਾਂ ਵਿੱਚੋਂ ਚਾਰ ਹਥਿਆਰ, 20 ਗਰਨੇਡ ਅਤੇ ਪੰਜ ਖਾਲੀ ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਸੰਜੇਨਲੋਕ ਪਹਾੜੀ ਅਤੇ ਈਸ਼ਿੰਗਥੈਂਬੀ ਪਹਾੜੀ ਤੋਂ ਦੋ 9 ਐੱਮ ਐੱਮ ਦੇ ਪਿਸਤੌਲ ਸਮੇਤ ਛੇ ਹਥਿਆਰ, 21 ਗਰਨੇਡ ਅਤੇ ਮੋਰਟਰ ਦਾ ਇੱਕ ਗੋਲਾ ਜ਼ਬਤ ਕੀਤੇ ਗਏ ਹਨ। ਇਸੇ ਦੌਰਾਨ ਚੂਰਾਚਾਂਦਪੁਰ ਜ਼ਿਲ੍ਹੇ ’ਚ ਡੀ ਮੋਲੀਜੰਗ ਪਿੰਡ ਵਿੱਚੋਂ ਇੱਕ ਦੇਸੀ ਮੋਰਟਰ ਸਮੇਤ ਦੋ ਹਥਿਆਰ ਫੜੇ ਗਏ ਹਨ। ਸੁਰੱਖਿਆ ਬਲਾਂ ਨੇ ਬਾਗੀਆਂ ਦੇ ਛੇ ਬੰਕਰਾਂ ਨੂੰ ਵੀ ਨਸ਼ਟ ਕੀਤਾ ਹੈ। ਪੁਲਸ ਨੇ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਸਿਟੀ ਮੈਤੇਈ) ਦੇ ਇੱਕ ਸਰਗਰਮ ਮੈਂਬਰ ਨੂੰ ਗਿ੍ਰਫਤਾਰ ਕੀਤਾ ਹੈ।