ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਤੇ ਸ਼ੁਰੂ ਕੀਤੇ ਗਏ ਹਮਲਿਆਂ ਨੂੰ ਇੱਕ ਮਹੀਨਾ ਬੀਤ ਗਿਆ ਹੈ। ਹੁਣ ਤੱਕ 9 ਹਜ਼ਾਰ ਦੇ ਕਰੀਬ ਆਮ ਫਲਸਤੀਨੀ ਨਾਗਰਿਕ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿੱਚ 4 ਹਜ਼ਾਰ ਦੇ ਕਰੀਬ ਬੱਚੇ, ਤਿੰਨ ਹਜ਼ਾਰ ਔਰਤਾਂ ਤੇ ਬਜ਼ੁਰਗ ਹਨ। ਪਹਿਲੇ ਦਿਨ ਤੋਂ ਹੀ ਇਜ਼ਰਾਈਲ ਕੌਮਾਂਤਰੀ ਨੇਮਾਂ ਦੀਆਂ ਧੱਜੀਆਂ ਉਡਾਉਂਦਾ ਹੋਇਆ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਹਸਪਤਾਲਾਂ ਤੇ ਸ਼ਰਨਾਰਥੀ ਕੈਂਪਾਂ ’ਤੇ ਹਵਾਈ ਹਮਲੇ ਹੋ ਰਹੇ ਹਨ। ਬੀਤੀ 4 ਨਵੰਬਰ ਦੀ ਰਾਤ ਨੂੰ ਇੱਕ ਵਾਰ ਮੁੜ ਉਸ ਨੇ ਸ਼ਰਨਾਰਥੀ ਕੈਂਪ ’ਤੇ ਬੰਬ ਸੁੱਟ ਕੇ 30 ਨਿਰਦੋਸ਼ਾਂ ਨੂੰ ਮਾਰ ਦਿੱਤਾ ਹੈ। ਇਸ ਤੋਂ ਪਹਿਲੇ ਦਿਨ ਇੱਕ ਐਂਬੂਲੈਂਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ’ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤੇਰੇਸ ਕਿਹਾ ਸੀ, ‘‘ਹਸਪਤਾਲ ਦੇ ਬਾਹਰ ਐਂਬੂਲੈਂਸ ’ਤੇ ਹਮਲੇ ਤੋਂ ਮੈਂ ਭੈਭੀਤ ਹਾਂ। ਇੱਕ ਮਹੀਨੇ ਤੋਂ ਗਾਜ਼ਾ ਵਿੱਚ ਬੱਚਿਆਂ ਤੇ ਔਰਤਾਂ ਸਮੇਤ ਆਮ ਨਾਗਰਿਕਾਂ ਨੂੰ ਘੇਰ ਕੇ ਮਾਰਿਆ ਜਾ ਰਿਹਾ ਹੈ, ਉਨ੍ਹਾਂ ਦੇ ਘਰਾਂ ’ਤੇ ਬੰਬਾਰੀ ਕੀਤੀ ਜਾ ਰਹੀ ਹੈ, ਇਹ ਰੁਕਣਾ ਚਾਹੀਦਾ ਹੈ।’’ ਪਰ ਇਜ਼ਰਾਈਲ ਦੇ ਫਾਸ਼ੀ ਹਾਕਮ ਕਿਸੇ ਦੀ ਨਹੀਂ ਸੁਣ ਰਹੇ।
ਇਸ ਮੌਕੇ ਸਕੂਨ ਵਾਲੀ ਗੱਲ ਹੈ ਕਿ ਪੱਛਮੀ ਦੇਸ਼ਾਂ ਤੇ ਖੁਦ ਇਜ਼ਰਾਈਲ ਅੰਦਰ ਜੰਗ ਦੇ ਵਿਰੋਧ ਵਿੱਚ ਲੋਕ ਸੜਕਾਂ ’ਤੇ ਉਤਰ ਰਹੇ ਹਨ। ਬੰਧਕਾਂ ਨੂੰ ਛੁਡਾਉਣ ਤੇ ਗਾਜ਼ਾ ਵਿੱਚ ਨਸਲਘਾਤ ਰੋਕਣ ਵਿਰੁੱਧ ਬੀਤੇ ਐਤਵਾਰ ਨੂੰ ਇਜ਼ਰਾਈਲ ਵਿੱਚ ਵੱਡੇ ਮੁਜ਼ਾਹਰੇ ਕਰਕੇ ਲੋਕਾਂ ਨੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ। ਹਜ਼ਾਰਾਂ ਲੋਕਾਂ ਨੇ ਰਾਜਧਾਨੀ ਤੇਲ ਅਵੀਵ ਦੇ ਕਈ ਇਲਾਕਿਆਂ ਵਿੱਚ ਵਿਖਾਵੇ ਕੀਤੇ। ਉਨ੍ਹਾਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੱਗੇ ਲਾਏ ਗਏ ਬੈਰੀਕੇਡਾਂ ਨੂੰ ਵੀ ਤੋੜ ਦਿੱਤਾ। ਇਜ਼ਰਾਈਲ ਵਿੱਚ ਲੋਕਾਂ ਦਾ ਗੁੱਸਾ ਵਧ ਰਿਹਾ ਹੈ। ਇਸ ਮੌਕੇ ਇੱਕ ਔਰਤ ਮੁਜ਼ਾਹਰਾਕਾਰੀ ਹਦਾਸ ਕਾਲਡੇਰਨ ਨੇ ਕਿਹਾ, ‘‘ਮੇਰੇ ਪਰਵਾਰ ਦੇ ਪੰਜ ਜੀਅ ਬੰਧਕ ਹਨ। ਮੈਂ ਨਰਕ ਮਹਿਸੂਸ ਕਰਦੀ ਹਾਂ। ਮੇਰੇ ਬੱਚਿਆਂ ਦਾ ਯੁੱਧ ਵੱਖਰਾ ਹੈ। ਇਹ ਸਭ ਕੁਝ ਕਦੋਂ ਬੰਦ ਹੋਵੇਗਾ?’’
ਪਿਛਲੇ ਸ਼ਨੀਵਾਰ ਇਜ਼ਰਾਈਲ ਦੇ ਚੈਨਲ 13 ਨੇ ਇੱਕ ਸਰਵੇਖਣ ਪੇਸ਼ ਕੀਤਾ ਸੀ। ਇਸ ਵਿੱਚ 76 ਫੀਸਦੀ ਇਜ਼ਰਾਈਲੀਆਂ ਨੇ ਮੰਗ ਕੀਤੀ ਸੀ ਕਿ ਨੇਤਨਯਾਹੂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਅਤੇ 64 ਫ਼ੀਸਦੀ ਨੇ ਕਿਹਾ ਕਿ ਜੰਗ ਮੁੱਕਣ ਤੋਂ ਬਾਅਦ ਤੁਰੰਤ ਚੋਣਾਂ ਕਰਾਈਆਂ ਜਾਣੀਆਂ ਚਾਹੀਦੀਆਂ ਹਨ।
ਇਜ਼ਰਾਈਲ ਤੋਂ ਇਲਾਵਾ ਅਮਰੀਕਾ ਦੇ ਵਾਸ਼ਿੰਗਟਨ, ਲਾਸ ਐਂਜਲਿਸ, ਬਰਤਾਨੀਆ ਦੇ ਲੰਡਨ ਤੇ ਜਰਮਨੀ ਦੇ ਬਰਲਿਨ ਵਿੱਚ ਵੀ ਲੋਕਾਂ ਨੇ ਜੰਗ ਵਿਰੁੱਧ ਵੱਡੇ ਪ੍ਰਦਰਸ਼ਨ ਕੀਤੇ ਹਨ। ਇਹਨਾਂ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਭਾਵੇਂ ਇਜ਼ਰਾਈਲ ਦੇ ਨਾਲ ਹਨ, ਪਰ ਆਮ ਲੋਕ ਫਲਸਤੀਨ ਦਾ ਸਮਰਥਨ ਕਰ ਰਹੇ ਹਨ।
ਇਹ ਸਭ ਪ੍ਰਦਰਸ਼ਨ ਕਰਨ ਵਾਲੇ ਲੋਕ ਜੰਗ ਨੂੰ ਤੁਰੰਤ ਬੰਦ ਕਰਨ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਹਮਾਸ ਨੂੰ ਸਬਕ ਸਿਖਾਉਣ ਦੇ ਨਾਂਅ ’ਤੇ ਬੱਚਿਆਂ ਤੇ ਔਰਤਾਂ ਦਾ ਕਤਲੇਆਮ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਜ਼ਰਾਈਲ ਸਮੇਤ ਸਭ ਪੱਛਮੀ ਦੇਸ਼ਾਂ ਦੇ ਲੋਕ ਜੰਗ ਨਾ ਰੋਕਣ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਅ ਰਹੇ ਹਨ। ਅਮਰੀਕੀ ਬਦੇਸ਼ ਮੰਤਰੀ ਐਂਟਨੀ ਬ�ਿਕਨ ਨੇ ਅਰਬ ਲੀਗ ਦੇਸ਼ਾਂ ਦੀ ਇਸ ਮੰਗ ਨੂੰ ਖਾਰਜ ਕਰ ਦਿੱਤਾ ਹੈ ਕਿ ਸਥਾਈ ਜੰਗਬੰਦੀ ਦਾ ਐਲਾਨ ਕੀਤਾ ਜਾਵੇ। ਇਜ਼ਰਾਈਲ ਦੇ ਮੁਜ਼ਾਹਰਾਕਾਰੀਆਂ ਨੇ ਮੀਡੀਆ ਨੂੰ ਕਿਹਾ ਕਿ ਜੰਗ ਜਾਰੀ ਰੱਖਣ ਲਈ ਅਮਰੀਕਾ ਆਪਣਾ ਹਿੱਤ ਦੇਖ ਰਿਹਾ ਹੈ, ਇਸੇ ਲਈ ਉਹ ਇਜ਼ਰਾਈਲ ਦੀ ਏਨੀ ਮਦਦ ਕਰ ਰਿਹਾ ਹੈ।



