ਨਵੀਂ ਦਿੱਲੀ : ਦਿੱਲੀ ਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਇੱਕ ਵਾਰ ਫਿਰ ਔਡ-ਈਵਨ ਫਾਰਮੂਲੇ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। 13 ਤੋਂ 20 ਨਵੰਬਰ ਤੱਕ ਰਾਜਧਾਨੀ ਦੀਆਂ ਸੜਕਾਂ ’ਤੇ ਵਾਹਨਾਂ ਲਈ ਨਿਯਮ ਲਾਗੂ ਕੀਤਾ ਜਾਵੇਗਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ’ਚ ਸੋਮਵਾਰ ਹੋਈ ਉੱਚ ਪੱਧਰੀ ਮੀਟਿੰਗ ’ਚ ਇਹ ਫੈਸਲਾ ਕੀਤਾ ਗਿਆ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੱਤੀ।
ਗੋਪਾਲ ਰਾਏ ਨੇ ਦੀਵਾਲੀ ਦੌਰਾਨ ਪ੍ਰਦੂਸ਼ਣ ’ਚ ਕਮੀ ਲਈ ਯੂ ਪੀ ਅਤੇ ਭਾਜਪਾ ਸਰਕਾਰ ਨੂੰ ਵੀ ਪਟਾਕਿਆਂ ’ਤੇ ਰੋਕ ਲਾਉਣ ਦੀ ਮੰਗ ਕੀਤੀ। ਗੋਪਾਲ ਰਾਏ ਕਿਹਾ ਕਿ ਦੀਵਾਲੀ ਤੋਂ ਅਗਲੇ ਦਿਨ 13-20 ਨਵੰਬਰ ਤੱਕ ਦਿੱਲੀ ’ਚ ਔਡ-ਈਵਨ ਫਾਰਮੂਲਾ ਲਾਗੂ ਕੀਤਾ ਜਾਵੇਗਾ। ਇੱਕ ਹਫ਼ਤੇ ਤੱਕ ਪ੍ਰਦੂਸ਼ਣ ਦੀ ਸਥਿਤੀ ਦੀ ਸਮੀਖਿਆ ਕਰਕੇ ਅੱਗੇ ਦਾ ਫੈਸਲਾ ਲਿਆ ਜਾਵੇਗਾ। ਔਡ ਵਾਲੇ ਦਿਨ ਉਨ੍ਹਾਂ ਗੱਡੀਆਂ ਨੂੰ ਚਲਾਉਣ ਦੀ ਇਜਾਜ਼ਤ ਹੋਵੇਗੀ, ਜਿਨ੍ਹਾਂ ਦੇ ਨੰਬਰਾਂ ਦੇ ਅੰਤ ’ਚ 1, 3, 5, 7 ਅਤੇ 9 ਆਉਂਦਾ ਹੈ। ਇਸੇ ਤਰ੍ਹਾਂ ਈਵਨ ਵਾਲੇ ਦਿਨ 0, 2, 4, 6 ਤੇ 8 ਨੰਬਰ ਵਾਲੇ ਵਾਹਨ ਚਲਾਏ ਜਾਣਗੇ।