ਕਾਮਰੇਡ ਭੋਲਾ ਮਾਂਝੀ ਨਗਰ,
ਕਾਮਰੇਡ ਜੀ. ਮਲੇਸ ਹਾਲ, ਪਟਨਾ (ਗਿਆਨ ਸੈਦਪੁਰੀ)
ਦੋ ਨਵੰਬਰ ਤੋਂ ਇੱਥੇ ਚੱਲ ਰਿਹਾ ਭਾਰਤੀ ਖੇਤ ਮਜ਼ਦੂਰ ਯੂਨੀਅਨ ਦਾ ਪੰਦਰਵਾਂ ਰਾਸ਼ਟਰੀ ਸੰਮੇਲਨ ਭਵਿੱਖ ਲਈ ਕਰਨ ਵਾਲੇ ਕੰਮਾਂ ਦੀ ਵਿਉਂਤਬੰਦੀ ਉਲੀਕਦਾ ਹੋਇਆ ਸਫਲਤਾ-ਪੂਰਵਕ ਸੰਪੰਨ ਹੋ ਗਿਆ। ਪਿਛਲੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੂੰ ਮੁੜ ਸਰਬ-ਸੰਮਤੀ ਨਾਲ ਜਨਰਲ ਸਕੱਤਰ ਚੁਣਿਆ ਗਿਆ। ਇਸੇ ਤਰ੍ਹਾਂ ਐੱਨ ਪੇਰੀਆਸਾਮੀ ਨੂੰ ਵੀ ਮੁੜ ਪ੍ਰਧਾਨ ਚੁਣ ਲਿਆ ਗਿਆ। ਯੂਨੀਅਨ ਦੇ ਸੀਨੀਅਰ ਆਗੂ ਤੇ ਸਾਬਕਾ ਐੱਮ ਪੀ ਨਗੇਂਦਰ ਨਾਥ ਓਝਾ ਸੀ ਪੀ ਆਈ ਦੇ ਕੌਮੀ ਸਕੱਤਰ ਹਨ ਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਅਤੇ ਦਲਿਤ ਅਧਿਕਾਰ ਅੰਦੋਲਨ ਵਿਭਾਗ ਦੇ ਇੰਚਾਰਜ ਵਜੋਂ ਕੰਮ ਕਰਨਗੇ। 35 ਮੈਂਬਰੀ ਕਾਰਜਕਾਰਨੀ ’ਚੋਂ ਪ੍ਰਧਾਨ ਤੇ ਜਨਰਲ ਸਕੱਤਰ ਤੋਂ ਇਲਾਵਾ ਕੇ ਈ ਇਸਮਾਈਲ, ਏ ਰਾਮਾਮੂਰਤੀ, ਸ਼ਿਵ ਕੁਮਾਰ ਰਣਬੀਰ ਅਤੇ ਤਪਿਨ ਗੰਗੋਲੀ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਇਸੇ ਤਰ੍ਹਾਂ ਵੀ ਐੱਸ ਨਿਰਮਲ, ਪੀ ਕੇ ਕਿ੍ਰਸ਼ਨਨ, ਜਾਨਕੀ ਪਾਸਵਾਨ, ਦੇਵੀ ਕੁਮਾਰੀ ਸਰਹਾਲੀ ਕਲਾਂ, ਬਾਲਾ ਮਲੇਸ਼, ਫੂਲ ਚੰਦ ਯਾਦਵ ਅਤੇ ਏ ਸ਼ੇਖਰ ਸਕੱਤਰ ਚੁਣੇ ਗਏ। ਦਰਿਓ ਸਿੰਘ ਕਸ਼ਅਪ ਦੀ ਖਜ਼ਾਨਚੀ ਵਜੋਂ ਚੋਣ ਕੀਤੀ ਗਈ। ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਚੁਣੇ ਗਏ ਨੈਸ਼ਨਲ ਕੌਂਸਲ ਦੇ ਮੈਂਬਰਾਂ ਵਿੱਚ 11 ਮੈਂਬਰ ਪੰਜਾਬ ਤੋਂ ਹਨ। ਇਨ੍ਹਾਂ ’ਚ ਦੇਵੀ ਕੁਮਾਰੀ (ਸਰਹਾਲੀ ਕਲਾਂ), ਪ੍ਰੀਤਮ ਸਿੰਘ (ਸੰਗਰੂਰ), ਗਿਆਨ ਸਿੰਘ (ਜਲੰਧਰ), ਕਿ੍ਰਸ਼ਨ ਚੌਹਾਨ (ਮਾਨਸਾ), ਨਾਨਕ ਚੰਦ (ਮੁਕਤਸਰ), ਰਿਸ਼ੀਪਾਲ (ਫਾਜ਼ਿਲਕਾ), ਸੁਰਜੀਤ ਸਿੰਘ ਸੋਹੀ (ਬਠਿੰਡਾ), ਸੁਰਿੰਦਰ ਸਿੰਘ ਭੈਣੀ (ਮਾਲੇਰਕੋਟਲਾ), ਕੁਲਵੰਤ ਸਿੰਘ (ਲੁਧਿਆਣਾ), ਪ੍ਰਕਾਸ਼ ਸਿੰਘ (ਅੰਮਿ੍ਰਤਸਰ) ਅਤੇ ਗੁਰਨਾਮ ਸਿੰਘ (ਫਰੀਦਕੋਟ) ਸ਼ਾਮਲ ਹਨ। ਇੱਕ ਸੀਟ ਖਾਲੀ ਰੱਖੀ ਗਈ ਹੈ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਪੇਰੀਆਸਾਮੀ ਅਤੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਕਿ ਯੂਨੀਅਨ ਹਰ ਤਰ੍ਹਾਂ ਦੀਆਂ ਚੁਣੌਤੀਆਂ ਕਬੂਲ ਕਰਕੇ ਮਜ਼ਦੂਰ ਵਰਗ ਦੀ ਬਿਹਤਰੀ ਦੇ ਕਾਰਜਾਂ ਨੂੰ ਅੱਗੇ ਵਧਾਏਗੀ। ਆਗੂਆਂ ਕਿਹਾ ਕਿ ਇੰਟਰਨੈਸ਼ਨਲ ਟਰੇਡ ਯੂਨੀਅਨ ਦੇ ਆਗੂਆਂ ਦੀ ਹਾਜ਼ਰੀ ਸਾਡੇ ਲਈ ਉਤਸ਼ਾਹਜਨਕ ਰਹੀ ਹੈ। ਸਵਾਗਤੀ ਕਮੇਟੀ ਦੇ ਜਨਰਲ ਸਕੱਤਰ ਜਾਨਕੀ ਪਾਸਵਾਨ ਨੇ ਸਭ ਦਾ ਧੰਨਵਾਦ ਕੀਤਾ।