ਡਾਇਲ-112 ਦੀਆਂ ਮਹਿਲਾ ਮੁਲਾਜ਼ਮਾਂ ਨਾਲ ਪੁਲਸ ਨੇ ਕੀਤੀ ਖਿੱਚ-ਧੂਹ

0
190

ਲਖਨਊ : ਉੱਤਰ ਪ੍ਰਦੇਸ਼ ’ਚ ਐਮਰਜੈਂਸੀ ਨੰਬਰ ਡਾਇਲ 112 ਸਰਵਿਸ ’ਚ ਤਾਇਨਾਤ ਮਹਿਲਾ ਮੁਲਾਜ਼ਮਾਂ ਨੇ ਲਖਨਊ ’ਚ ਮੰਗਲਵਾਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜਦ ਮਹਿਲਾ ਮੁਲਾਜ਼ਮਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਮੰਤਰੀ ਨਿਵਾਸ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਨ੍ਹਾ ਨੂੰ ਰਸਤੇ ’ਚ ਹੀ ਰੋਕ ਲਿਆ ਅਤੇ ਹਿਰਾਸਤ ’ਚ ਲੈ ਲਿਆ। ਇਸ ਦੌਰਾਨ ਮਹਿਲਾ ਮੁਲਾਜ਼ਮਾਂ ਅਤੇ ਪੁਲਸ ਵਿਚਾਲੇ ਕਾਫ਼ੀ ਖਿੱਚੋਤਾਣ ਹੋਈ। ਯੂ ਪੀ ਦੀ ਡਾਇਲ 112 ’ਚ ਤਾਇਨਾਤ ਕਰੀਬ 600 ਮਹਿਲਾ ਮੁਲਾਜ਼ਮਾਂ ਨੇ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਕੰਮ ਬੰਦ ਕਰ ਦਿੱਤਾ, ਜਿਸ ਕਾਰਨ ਕਈ ਜ਼ਿਲ੍ਹਿਆਂ ’ਚ ਡਾਇਲ 112 ਦੀਆਂ ਸੇਵਾਵਾਂ ਠੱਪ ਹੋ ਗਈਆਂ। ਇਸ ਤੋਂ ਇਲਾਵਾ ਨਿਯੁਕਤੀ ਪੱਤਰ ਵੀ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠ ਗਈਆਂ। ਮਹਿਲਾ ਮੁਲਾਜ਼ਮਾਂ ਦਾ ਦੋਸ਼ ਹੈ ਕਿ ਆਊਟਸੋਰਸਿੰਗ ਕੰਪਨੀ ਟੈਕ ਮਹਿੰਦਰਾ ਦਾ ਕੰਟਰੈਕਟ ਖ਼ਤਮ ਹੋ ਗਿਆ, ਜਿਸ ਤੋਂ ਬਾਅਦ ਇਸ ਦਾ ਟੈਂਡਰ ਕਿਸੇ ਨਵੀਂ ਕੰਪਨੀ ਨੂੰ ਦੇ ਦਿੱਤਾ ਗਿਆ ਹੈ। ਨਵੀਂ ਕੰਪਨੀ ਹੁਣ ਉਨ੍ਹਾ ਨੂੰ ਨੌਕਰੀ ਤੋਂ ਕੱਢਣ ਦੀ ਤਿਆਰੀ ਕਰ ਰਹੀ ਹੈ। ਇਹੀ ਨਹੀਂ ਪਹਿਲਾਂ ਵਾਲੀ ਆਊਟਸੋਰਸਿੰਗ ਕੰਪਨੀ ਨੇ ਵੀ ਉਨ੍ਹਾ ਨੂੰ ਨਿਯੁਕਤੀ ਪੱਤਰ ਨਹੀਂ ਦਿੱਤਾ ਅਤੇ ਨਵੀਂ ਭਰਤੀ ਸ਼ੁਰੂ ਕਰ ਦਿੱਤੀ ਸੀ।
ਜਾਣਕਾਰੀ ਮੁਤਾਬਿਕ ਯੂ ਪੀ ਡਾਇਲ 112 ’ਚ ਮਹਿਲਾ ਮੁਲਾਜ਼ਮਾਂ 11-12 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ’ਤੇ ਕੰਮ ਕਰ ਰਹੀਆਂ ਹਨ। ਦੋਸ਼ ਹੈ ਕਿ ਅਧਿਕਾਰੀਆਂ ਨੇ 18 ਹਜ਼ਾਰ ਤੱਕ ਦੀ ਤਨਖਾਹ ਦਾ ਵਾਅਦਾ ਕੀਤਾ ਸੀ, ਜੋ ਹੁਣ ਤੱਕ ਨਹੀਂ ਪੂਰਾ ਕੀਤਾ ਗਿਆ। ਇਸ ਦੌਰਾਨ ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਕਿਹਾ ਕਿ ਉੱਤਰ ਪ੍ਰਦੇਸ਼ ’ਚ ਭਾਜਪਾ ਸਰਕਾਰ ਦਾ ਅਪਰਾਧ ਪ੍ਰਤੀ ਜ਼ੀਰੋ ਟਾਲਰੈਂਸ ਇਸ ਲਈ ਜ਼ੀਰੋ ਹੋ ਗਿਆ, ਕਿਉਂਕਿ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ‘ਡਾਇਲ 112’ ਤੱਕ ਨੂੰ ਉਨ੍ਹਾ ਦੀ ਤਨਖਾਹ ਨਹੀਂ ਦੇ ਰਹੀ, ਜਿਸ ਕਾਰਨ ਮਜਬੂਰ ਹੋ ਕੇ ਮੁਲਾਜ਼ਮਾਂ ਨੂੰ ਧਰਨੇ ’ਤੇ ਬੈਠਣ ਲਈ ਮਜਬੂਰ ਹੋਣਾ ਪਿਆ। ਤਨਖਾਹ ਨਾ ਦੇ ਕੇ, ਘੱਟ ਤੋਂ ਘੱਟ ਦੀਵਾਲੀ ’ਤੇ ਤਾਂ ਭਾਜਪਾ ਸਰਕਾਰ ਲੋਕਾਂ ਦੇ ਘਰਾਂ ’ਚ ਹਨੇਰਾ ਨਾ ਕਰੇ। ਉਨ੍ਹਾ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੀ ਰਾਤ ਠੰਢ ’ਚ ਬੈਠੀਆਂ ਰਹੀਆਂ ਭੈਣਾਂ, ਬੇਟੀਆਂ ਨੂੰ ਸਵੇਰੇ ਹਿਰਾਸਤ ’ਚ ਲੈ ਲਿਆ ਗਿਆ। ਇਹ ਹੈ ਕਿ ਭਾਜਪਾ ਦਾ ਨਾਰੀ ਵੰਦਨਾ ਦਾ ਸੱਚ।

LEAVE A REPLY

Please enter your comment!
Please enter your name here