ਘਰ ’ਚ ਦਾਖ਼ਲ ਹੋ ਕੇ ਗੋਲੀਆਂ ਮਾਰ ਕੇ ਹੱਤਿਆ

0
274

ਪੱਟੀ (ਬਲਦੇਵ ਸਿੰਘ ਸੰਧੂ, ਸ਼ਮਸ਼ੇਰ ਸਿੰਘ ਯੋਧਾ)-ਤਰਨ ਤਾਰਨ ਜ਼ਿਲ੍ਹੇ ਦੇ ਥਾਣਾ ਸਦਰ ਪੱਟੀ ਅਧੀਨ ਆਉਂਦੇ ਪਿੰਡ ਘਰਿਆਲਾ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦ ਜਿੰਮ ਮਾਲਕ ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਬਦਮਾਸ਼ਾਂ ਨੇ ਘਰ ’ਚ ਦਾਖ਼ਲ ਹੋ ਕੇ ਉਸ ’ਤੇ 5 ਗੋਲੀਆਂ ਚਲਾਈਆਂ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਪੂਰੀ ਘਟਨਾ ਘਰ ’ਚ ਲੱਗੇ ਸੀ ਸੀ ਟੀ ਵੀ ਕੈਮਰੇ ’ਚ ਕੈਦ ਹੋ ਗਈ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਫਰਾਰ ਹੋ ਗਏ। ਥਾਣਾ ਸਦਰ ਪੱਟੀ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਰਣਜੀਤ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਘਰਿਆਲਾ ਕਰੀਬ ਅੱਠ ਸਾਲ ਵਿਦੇਸ਼ ’ਚ ਨੌਕਰੀ ਕਰਨ ਤੋਂ ਬਾਅਦ ਸੱਤ ਮਹੀਨੇ ਪਹਿਲਾ ਹੀ ਪਿੰਡ ਵਾਪਸ ਆਇਆ ਸੀ ਤੇ ਜਿੰਮ ਚਲਾਉਂਦਾ ਸੀ। ਬੀਤੀ ਸੋਮਵਾਰ ਰਾਤ ਕਰੀਬ ਡੇਢ ਵਜੇ ਦੋ ਅਣਪਛਾਤੇ ਹਮਲਾਵਰਾਂ ਨੇ ਰਣਜੀਤ ਸਿੰਘ ਦੇ ਘਰ ’ਚ ਦਾਖ਼ਲ ਹੋ ਉਸ ਦੀ ਹੱਤਿਆ ਕਰ ਦਿੱਤੀ। ਗੋਲੀਆਂ ਦੀ ਆਵਾਜ਼ ਸੁਣ ਕੇ ਪਿਤਾ ਮਲੂਕ ਸਿੰਘ ਜਦ ਹਮਲਾਵਰਾਂ ਨੂੰ ਫੜਨ ਲਈ ਅੱਗੇ ਆਏ ਤਾਂ ਮੁਲਜ਼ਮਾਂ ਨੇ ਉਸ ਨੂੰ ਧੱਕਾ ਦੇ ਸੁੱਟ ਦਿੱਤਾ ਤੇ ਫਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਪੱਟੀ ਦੇ ਮੁਖੀ ਗੁਰਤੇਜ ਸਿੰਘ ਮੌਕੇ ’ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ। ਡੀ ਐੱਸ ਪੀ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਘਰ ਵਿੱਚ ਲੱਗੇ ਕੈਮਰੇ ਘੋਖਣ ’ਤੇ ਮਿ੍ਰਤਕ ਰਣਜੀਤ ਸਿੰਘ ਰਾਣਾ ਦੀ ਪਤਨੀ ਬਲਜੀਤ ਕੌਰ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਰਣਜੀਤ ਸਿੰਘ ਰਾਣਾ ਦੀ ਪਤਨੀ ਬਲਜੀਤ ਕੌਰ ਦੇ ਮਹਾਂਵੀਰ ਸਿੰਘ ਲਾਖਣਾ ਨਾਲ ਨਜਾਇਜ਼ ਸੰਬੰਧ ਸਨ। ਬਲਜੀਤ ਕੌਰ ਦੇ ਪਿਤਾ ਵੱਲੋਂ ਬੀਤੀ ਮਈ ਵਿੱਚ ਹਲਫੀਆ ਬਿਆਨ ਦਿੱਤਾ ਗਿਆ ਸੀ ਕਿ ਮੇਰੀ ਲੜਕੀ ਅੱਗੇ ਤੋਂ ਕੋਈ ਅਜਿਹੀ ਹਰਕਤ ਨਹੀਂ ਕਰੇਗੀ। ਮਿ੍ਰਤਕ ਦੇ ਪਿਤਾ ਮਲੂਕ ਸਿੰਘ ਦੇ ਬਿਆਨਾਂ ਉੱਤੇ ਐੱਫ ਆਈ ਆਰ ਨੰਬਰ 175/302/134 ਆਈ ਪੀ ਸੀ ਅਧੀਨ ਮਹਾਂਬੀਰ ਸਿੰਘ ਲਾਖਣਾ ਅਤੇ ਇੱਕ ਅਣਪਛਾਤੇ ਵਿਅਕਤੀ ਉਪਰ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

LEAVE A REPLY

Please enter your comment!
Please enter your name here