ਪਟਿਆਲਾ : ਨਵਜੋਤ ਸਿੰਘ ਸਿੱਧੂ ਨੇ ਆਖਰ ਸ਼ੁੱਕਰਵਾਰ ਚੀਫ ਜੁਡੀਸ਼ਲ ਮੈਜਿਸਟ੍ਰੇਟ ਅਮਿਤ ਮਲ੍ਹਣ ਦੀ ਅਦਾਲਤ ਵਿਚ ਆਤਮ-ਸਮਰਪਣ ਕੀਤਾ | ਇਸ ਤੋਂ ਪਹਿਲਾਂ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਸਿੱਧੂ ਨੇ ਸੁਪਰੀਮ ਕੋਰਟ ਤੋਂ ਆਤਮ-ਸਮਰਪਣ ਲਈ ਕੁਝ ਦਿਨ ਦੀ ਮੋਹਲਤ ਮੰਗੀ ਸੀ, ਜੋ ਨਹੀਂ ਮਿਲੀ | ਇਸ ਕਰਕੇ ਆਤਮ-ਸਮਰਪਣ ਕਰਨਾ ਪਿਆ | ਇਸਤੋਂ ਬਾਅਦ ਪੁਲਸ ਨੇ ਉਨ੍ਹਾ ਦਾ ਮਾਤਾ ਕੌਸ਼ਲਿਆ ਹਸਪਤਾਲ ਤੋਂ ਮੈਡੀਕਲ ਕਰਵਾਇਆ ਤੇ ਜੇਲ੍ਹ ਲੈ ਗਈ | ਸਿੱਧੂ ਦੇ ਆਤਮ-ਸਮਰਪਣ ਕਰਨ ਨੂੰ ਲੈ ਕੇ ਪਟਿਆਲਾ ਪੁਲਸ ਨੇ ਅਦਾਲਤ ਦੇ ਬਾਹਰ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ | ਸਿੱਧੂ ਨੂੰ 1988 ਦੇ ‘ਰੋਡ ਰੇਜ’ ਕੇਸ ਵਿਚ ਸੁਪਰੀਮ ਕੋਰਟ ਨੇ ਵੀਰਵਾਰ ਇਕ ਸਾਲ ਦੀ ਕੈਦ ਬਾਮੁਸ਼ੱਕਤ ਦੀ ਸਜ਼ਾ ਸੁਣਾਈ ਸੀ | ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਕਟ ਵਿਚ ਫਸੇ ਪਾਰਟੀ ਨੇਤਾ ਨਵਜੋਤ ਸਿੰਘ ਸਿੱਧੂ ਦੀ ਹਮਾਇਤ ਵਿਚ ਨਿਤਰਦਿਆਂ ਟਵੀਟ ਕੀਤਾ ਹੈ-ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਦੇ ਸਨਮਾਨ ਦੇ ਨਾਲ ਮੈਂ ਇਸ ਔਖੀ ਘੜੀ ਵਿਚ ਆਪਣੇ ਸੀਨੀਅਰ ਸਹਿਯੋਗੀ ਨਵਜੋਤ ਸਿੰਘ ਸਿੱਧੂ ਤੇ ਉਨ੍ਹਾ ਦੇ ਪਰਵਾਰ ਦੇ ਨਾਲ ਖੜ੍ਹਾ ਹਾਂ | ਇਸੇ ਦੌਰਾਨ ਪਟਿਆਲਾ ਤੋਂ ਪਿਛਲੀ ਵਾਰ ਆਮ ਆਦਮੀ ਪਾਰਟੀ ਦੀ ਤਰਫੋਂ ਲੋਕ ਸਭਾ ਮੈਂਬਰ ਰਹੇ ਡਾ. ਧਰਮਵੀਰ ਗਾਂਧੀ ਵੀ ਪਟਿਆਲਾ ਵਿਚ ਸਿੱਧੂ ਦੀ ਯਾਦਵਿੰਦਰਾ ਕਾਲੋਨੀ ਸਥਿਤ ਕੋਠੀ ਵਿਚ ਪਹੁੰਚੇ |