ਮੋਹਾਲੀ (ਗੁਰਜੀਤ ਬਿੱਲਾ)-ਪਟਿਆਲਾ ਜ਼ਿਲ੍ਹੇ ਦੇ ਨਾਭਾ ਬਲਾਕ ਵਿਚ ਇਕ ਗਰੀਬ ਪਰਿਵਾਰ ਨਾਲ ਨਾਭਾ ਦੇ ਇਕ ਡੀ ਐਸ ਪੀ ਦੀ ਕਥਿਤ ਸ਼ਹਿ ‘ਤੇ ਕੀਤੀ ਗਈ 10 ਲੱਖ ਰੁਪਏ ਤੋਂ ਵੱਧ ਦੀ ਠੱਗੀ ਨੇ ਪਰਿਵਾਰ ਦਾ ਭਵਿੱਖ ਧੁੰਦਲਾ ਕਰ ਦਿੱਤਾ ਹੈ | ਵਾਰ-ਵਾਰ ਅਫ਼ਸਰਾਂ ਕੋਲ ਇਨਸਾਫ਼ ਲਈ ਅਰਜੋਈਆਂ ਕਰਨ ਦੇ ਬਾਵਜੂਦ ਪੀੜਤ ਪਰਿਵਾਰ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ | ਹੁਣ ਉਸਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ | ਪਿੰਡ ਤੁੰਗਾ (ਨਾਭਾ) ਦੀ ਵਿਧਵਾ ਪਰਮਜੀਤ ਕੌਰ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸ਼ੁੱਕਰਵਾਰ ਇਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ—ਮੇਰਾ ਬੈਂਕ ਖਾਤਾ ਨਾਭਾ ਬੈਂਕ ਵਿਚ ਹੈ ਅਤੇ ਮੈਂ ਆਪਣੇ ਖਰਚੇ ਲਈ ਬੈਂਕ ਵਿਚੋਂ 10 ਹਜ਼ਾਰ ਰੁਪਏ ਪੈਸੇ ਕਢਵਾਉਣ ਜਾਣਾ ਸੀ | ਚਮਕੌਰ ਸਿੰਘ ਅਗੇਤੀ ਵਾਸੀ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ ਅਤੇ ਉਸ ਦੇ ਕਹਿਣ ‘ਤੇ ਭਰੋਸਾ ਕਰਕੇ ਮੈਂ ਉਸਨੂੰ ਖਾਲੀ ਚੈਕ ਸਾਈਨ ਕਰਕੇ ਦੇ ਦਿੱਤਾ | ਉਸਨੇ ਧੋਖਾਧੜੀ ਨਾਲ ਉਸ ਦੇ ਬੈਂਕ ਖਾਤੇ ਵਿਚੋਂ ਬਿਨਾਂ ਦੱਸੇ 10.40 ਲੱਖ ਰੁਪਏ ਕਢਵਾ ਲਏ | ਮੈਨੂੰ ਇਸ ਮਾਮਲੇ ਦਾ ਉਦੋਂ ਪਤਾ ਲੱਗਿਆ ਜਦੋਂ ਦੋ-ਢਾਈ ਮਹੀਨੇ ਬਾਅਦ ਬੈਂਕ ਪੈਸੇ ਕਢਵਾਉਣ ਗਈ | ਜਦੋਂ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਮੌਜੂਦਗੀ ਵਿਚ ਚਮਕੌਰ ਸਿੰਘ ਅਗੇਤੀ ਕੋਲੋਂ ਪੈਸੇ ਵਾਪਸ ਦੇਣ ਦੀ ਗੱਲ ਕੀਤੀ ਗਈ ਤਾਂ ਉਸ ਨੇ ਸਭ ਦੀ ਮੌਜੂਦਗੀ ਵਿਚ ਮੇਰੇ ਪੁੱਤਰ ਸੁਖਦੇਵ ਸਿੰਘ ਨੂੰ ਗਾਲ਼ਾਂ ਕੱਢੀਆਂ ਅਤੇ ਪੈਸੇ ਵਾਪਸ ਨਾ ਮੋੜਨ ਦੀ ਗੱਲ ਕਹੀ | ਪਰਮਜੀਤ ਕੌਰ ਨੇ ਅੱਗੇ ਦਸਿਆ ਕਿ ਉਨ੍ਹਾਂ ਡੀ ਐਸ ਪੀ ਨਾਭਾ ਰਾਜੇਸ਼ ਛਿੱਬੜ ਨੂੰ ਇਸ ਧੋਖਾਧੜੀ ਸੰਬੰਧੀ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ | ਉਸਨੇ ਦੋਸ਼ ਲਾਇਆ ਕਿ ਇਹ ਮਾਮਲਾ ਮਾਣਯੋਗ ਅਦਾਲਤ ਵਿਚ ਹੋਣ ਦੇ ਬਾਵਜੂਦ ਉਕਤ ਪੁਲਸ ਅਧਿਕਾਰੀ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਐਸ ਐਸ ਪੀ ਪਟਿਆਲਾ ਅੱਗੇ ਪੇਸ਼ ਹੋ ਕੇ ਮਾਮਲੇ ਨੂੰ ਸੁਲਝਾਉਣ ਦੀ ਬੇਨਤੀ ਕੀਤੀ |
ਉਪਰੰਤ ਡੀ ਐਸ ਪੀ ਨਾਭਾ ਨੇ ਦੋਸ਼ੀਆਂ ਨਾਲ ਮਿਲੀਭੁਗਤ ਕਰਕੇ 5.1.2022 ਨੂੰ ਪਰਚਾ ਡਿਸਮਿਸ ਕਰਨ ਦੀ ਰਿਪੋਰਟ ਐਸ ਐਸ ਪੀ ਨੂੰ ਪੇਸ਼ ਕਰ ਦਿੱਤੀ | ਪਟਿਆਲਾ ਦੇ ਐਸ ਐਸ ਪੀ, ਆਈ ਜੀ, ਡੀ ਜੀ ਪੀ, ਏ ਡੀ ਜੀ ਪੀ, ਐਡੀਸ਼ਨਲ ਚੀਫ਼ ਸੈਕਟਰੀ (ਗ੍ਰਹਿ) ਕੋਲ ਪਾਈਆਂ ਅਪੀਲਾਂ ਦੀ ਅਜੇ ਤੱਕ ਸਿਰਫ਼ ਜਾਂਚ ਹੀ ਚੱਲ ਰਹੀ ਹੈ | ਹੁਣ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰ ਰਹੇ ਹਨ ਕਿ ਉਪਰੋਕਤ ਡੀ ਐਸ ਪੀ ਖਿਲਾਫ ਦੋਸ਼ੀਆਂ ਨੂੰ ਬਚਾਉਣ ਲਈ ਬਣਦੀ ਕਾਰਵਾਈ ਕਰਕੇ ਸਾਨੂੰ ਇਨਸਾਫ਼ ਦਿਵਾਇਆ ਜਾਵੇ |
ਦੂਜੇ ਪਾਸੇ ਡੀ ਐਸ ਪੀ ਨਾਭਾ ਰਾਜੇਸ਼ ਛਿੱਬੜ ਨਾਲ ਜਦੋਂ ਫੋਨ ‘ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਕਿਹਾ ਕਿ ਇਸ ਮਾਮਲੇ ਦੀ ਅਜੇ ਇਨਕੁਆਰੀ ਚੱਲ ਰਹੀ ਹੈ | ਇਸ ਮਾਮਲੇ ਵਿਚ ਇਕ ਵਿਅਕਤੀ ਦੀ ਗਿ੍ਫਤਾਰੀ ਕੀਤੀ ਸੀ, ਪਰ ਬਾਅਦ ਵਿਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਾਂਚ ਤੋਂ ਇਸ ਮਾਮਲੇ ਵਿਚ ਅੱਗੇ ਕਾਰਵਾਈ ਨਹੀਂ ਕੀਤੀ ਜਾਵੇਗੀ | ਸੁਖਦੇਵ ਸਿੰਘ ਅਤੇ ਉਸ ਦਾ ਪਰਿਵਾਰ ਕਈ ਉਚ ਪੁਲਸ ਅਫਸਰਾਂ ਕੋਲ ਪਹੁੰਚ ਕਰ ਚੁੱਕਾ ਹੈ ਅਤੇ ਇਸ ਮਾਮਲੇ ਦੀ ਪੜਤਾਲ ਚੱਲ ਰਹੀ ਹੈ |