ਵਣ ਵਿਭਾਗ ਦਾ ਖੇਤਰੀ ਮੈਨੇਜਰ 30,000 ਰੁਪਏ ਰਿਸ਼ਵਤ ਲੈਂਦਾ ਕਾਬੂ

0
221

ਲੁਧਿਆਣਾ (ਜਸਦੀਪ ਵਰਤੀਆ)
ਜ਼ਿਲ੍ਹਾ ਜਲੰਧਰ ਦੇ ਕਸਬਾ ਫਿਲੌਰ ਵਿਖੇ ਪੰਜਾਬ ਜੰਗਲਾਤ ਵਿਭਾਗ ਦੇ ਖੇਤਰੀ ਮੈਨੇਜਰ ਵਜੋਂ ਤਾਇਨਾਤ ਸੁਖਮਿੰਦਰ ਸਿੰਘ ਹੀਰਾ ਪੀ ਐੱਫ ਐਸ ਨੂੰ ਬੁੱਧਵਾਰ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਰਫਤਾਰ ਕਰ ਲਿਆ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਅਧਿਕਾਰੀ ਨੂੰ ਜੰਗਲਾਤ ਠੇਕੇਦਾਰ ਬਲਕਾਰ ਸਿੰਘ ਵਾਸੀ ਪਿੰਡ ਕਾਲਸ ਕਲਾਂ, ਜ਼ਿਲ੍ਹਾ ਲੁਧਿਆਣਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ’ਤੇ ਗਿ੍ਰਫਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਪੰਜਾਬ ਵਿਜੀਲੈਂਸ ਬਿਊਰੋ ਦੀ ਆਰਥਕ ਅਪਰਾਧ ਸ਼ਾਖਾ (ਈ ਓ ਡਬਲਯੂ) ਲੁਧਿਆਣਾ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਕਤ ਜੰਗਲਾਤ ਅਧਿਕਾਰੀ ਨੇ ਉਸ ਦੀ ਫਰਮ ਨੂੰ ਅਲਾਟ ਕੀਤੇ ਟੈਂਡਰ ਤਹਿਤ ਦਰੱਖਤਾਂ ਦੀ ਕਟਾਈ ਬਦਲੇ ਉਸ ਤੋਂ 35,000 ਰੁਪਏ ਬਤੌਰ ਕਮਿਸ਼ਨ ਦੇਣ ਦੀ ਮੰਗ ਕੀਤੀ ਹੈ। ਸੁਖਮਿੰਦਰ ਸਿੰਘ ਨੇ ਉਸ ਨੂੰ ਧਮਕਾਇਆ ਹੈ ਕਿ ਜੇਕਰ ਉਸ ਨੇ ਇਸ ਕਮਿਸ਼ਨ ਦੀ ਅਦਾਇਗੀ ਨਾ ਕੀਤੀ ਤਾਂ ਭਵਿੱਖ ਵਿੱਚ ਉਸ (ਸ਼ਿਕਾਇਤਕਰਤਾ) ਨੂੰ ਅਜਿਹਾ ਕੋਈ ਟੈਂਡਰ ਅਲਾਟ ਨਹੀਂ ਕਰਨ ਦੇਵੇਗਾ। ਸ਼ਿਕਾਇਤਕਰਤਾ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਉਹ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ, ਪਰ ਮਜਬੂਰੀਵੱਸ ਉਸ ਨੂੰ ਪਹਿਲੀ ਕਿਸ਼ਤ ਵਜੋਂ 5000 ਰੁਪਏ ਉਕਤ ਵਣ ਅਧਿਕਾਰੀ ਨੂੰ ਦੇਣੇ ਪਏ ਅਤੇ ਹੁਣ ਉਹ ਬਕਾਇਆ ਪੈਸਿਆਂ ਦੀ ਮੰਗ ਕਰ ਰਿਹਾ ਹੈ। ਉਨ੍ਹਾ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਈ ਓ ਡਬਲਯੂ ਲੁਧਿਆਣਾ ਦੀ ਇੱਕ ਟੀਮ ਨੇ ਉਕਤ ਵਣ ਅਧਿਕਾਰੀ ਨੂੰ ਦੋ ਅਧਿਕਾਰੀਆਂ ਦੇ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਦੂਜੀ ਕਿਸਤ ਵਜੋਂ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸੰਬੰਧੀ ਉਕਤ ਮੁਲਜ਼ਮ ਖਿਲਾਫ਼ ਈ ਓ ਡਬਲਯੂ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here