ਇੰਫਾਲ : ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ’ਚ ਕਾਂਗਚੁੱਪ ਚਿੰਗਖੋਂਗ ਪਿੰਡ ਦੇ ਕੋਲ ਇੱਕ ਚੈੱਕ ਪੁਆਇੰਟ ’ਤੇ ਮੈਤੇਈ ਲੋਕਾਂ ਦੀ ਭੀੜ ਨੇ ਇੱਕ ਵਾਹਨ ਰੋਕ ਕੇ ਉਸ ’ਚ ਸਵਾਰ ਚਾਰ ਕੂਕੀ ਲੋਕਾਂ ਨੂੰ ਅਗਵਾ ਕਰ ਲਿਆ। ਇਨ੍ਹਾਂ ’ਚੋਂ ਤਿੰਨ ਲੋਕ ਸੈਨਿਕ ਪਰਵਾਰ ਦੇ ਹਨ, ਇਨ੍ਹਾਂ ’ਚ ਸੈਨਿਕ ਦੀ ਮਾਂ ਵੀ ਸ਼ਾਮਲ ਹੈ। ਜਦੋਂ ਹੀ ਲੋਕਾਂ ਦੇ ਅਗਵਾ ਹੋਣ ਦੀ ਖ਼ਬਰ ਫੈਲੀ, ਕੁਝ ਕੁਕੀ ਲੋਕ ਹੱਥਾਂ ’ਚ ਹਥਿਆਰ ਲੈ ਕੇ ਘਟਨਾ ਸਥਾਨ ’ਤੇ ਪਹੁੰਚੇ ਅਤੇ ਕਾਂਗਚੁੱਪ ਵੱਲ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਫਾਇਰਿੰਗ ’ਚ ਦੋ ਪੁਲਸ ਮੁਲਾਜ਼ਮ ਅਤੇ ਇੱਕ ਮਹਿਲਾ ਸਮੇਤ ਨੌਂ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇੰਫਾਲ ਦੇ ਹਸਪਤਾਲ ’ਚ ਭਰਤੀ ਕਰਾਇਆ ਗਿਆ। ਸੂਤਰਾਂ ਅਨੁਸਾਰ ਵਾਹਨ ’ਚ 65 ਸਾਲਾ ਬਜ਼ੁਰਗ ਵੀ ਸਵਾਰ ਸੀ, ਜਿਸ ਨੂੰ ਮੌਕੇ ’ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਬਚਾਅ ਲਿਆ। ਉਸ ਦੀ ਪਛਾਣ ਮੰਗਲੂਨ ਹਾਅਓਕਿਪ ਦੇ ਨਾਂਅ ਦੇ ਤੌਰ ’ਤੇ ਹੋਈ। ਬਾਕੀ ਚਾਰ ਲੋਕਾਂ ਦੀ ਪਛਾਣ ਨੇਂਗਕਿਮ (60), ਨੀਲਮ (55), ਜਾਨ ਥੰਗਜਿਮ ਹਾਓਕਿਪ (25) ਅਤੇ ਜਮਖੋਤੰਗ (40) ਦੇ ਤੌਰ ’ਤੇ ਹੋਈ।




