ਇਸ ਸਮੇਂ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਦਾ ਕਹਿਰ ਜਾਰੀ ਹੈ। ਹਵਾ ਪ੍ਰਦੂਸ਼ਣ ਮਨੁੱਖ ਦੇ ਸਰੀਰ ’ਤੇ ਕਿੰਨਾ ਘਾਤਕ ਹਮਲਾ ਬੋਲਦਾ ਹੈ, ਇਸ ਸੰਬੰਧੀ ਇੱਕ ਤਾਜ਼ਾ ਪੜਤਾਲ ਇਸ ਦੀ ਨਿਸ਼ਾਨਦੇਹੀ ਕਰਦੀ ਹੈ।
ਨਵੀਂ ਦਿੱਲੀ ਦੇ ਸੈਂਟਰ ਫਾਰ ਕਰਾਨਿਕ ਡਿਸੀਜ਼ ਕੰਟਰੋਲ, ਪਬਲਿਕ ਹੈੱਲਥ ਫਾਊਂਡੇਸ਼ਨ ਆਫ਼ ਇੰਡੀਆ, ਅਖਿਲ ਭਾਰਤੀ ਆਯੁਰਵੈਦਿਕ ਸੰਸਥਾਨ, ਮਦਰਾਸ ਡਾਇਬਟੀਜ਼ ਰਿਸਰਚ ਫਾਊਂਡੇਸ਼ਨ, ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਤੇ ਐਮੋਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਸਾਂਝੇ ਤੌਰ ’ਤੇ ਕੀਤੇ ਗਏ ਅਧਿਐਨ ਵਿੱਚ ਸਿੱਟਾ ਕੱਢਿਆ ਗਿਆ ਹੈ ਕਿ ਵਧ ਰਹੇ ਹਵਾ ਪ੍ਰਦੂਸ਼ਣ ਕਾਰਨ ਟਾਈਪ-2 ਡਾਇਬਟੀਜ਼ (ਸ਼ੂਗਰ) ਦੇ ਮਾਮਲੇ ਵਧ ਸਕਦੇ ਹਨ। ਇਹ ਅਧਿਐਨ ਦੋ ਸ਼ਹਿਰਾਂ ਦਿੱਲੀ ਤੇ ਚੇਨਈ ਵਿੱਚ ਕੀਤਾ ਗਿਆ ਸੀ। ਅਧਿਐਨ ਮੁਤਾਬਕ ਹਵਾ ਪ੍ਰਦੂਸ਼ਣ ਕਾਰਨ ਹਵਾ ਵਿੱਚ ਮੌਜੂਦ ਬਰੀਕ ਕਣ ਖੂਨ ਵਿੱਚ ਦਾਖਲ ਹੋ ਜਾਂਦੇ ਹਨ, ਜਿਸ ਨਾਲ ਸਾਹ ਰੋਗ ਤੇ ਦਿਲ ਸੰਬੰਧੀ ਰੋਗ ਹੋ ਸਕਦੇ ਹਨ ਜਾਂ ਰੋਗੀ ਵਿੱਚ ਇਨ੍ਹਾਂ ਦਾ ਪ੍ਰਭਾਵ ਵਧ ਜਾਂਦਾ ਹੈ। ਜੇਕਰ ਹਵਾ ਪ੍ਰਦੂਸ਼ਣ ਇੱਕ ਹੱਦ ਤੋਂ ਵਧ ਜਾਵੇ ਤਾਂ ਇਸ ਨਾਲ ਖੂਨ ਵਿੱਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ।
ਇਸ ਅਧਿਐਨ ਦੇ ਨਤੀਜੇ ਸ਼ੂਗਰ ਰੋਗ ਦੇ ਸੰਦਰਭ ਵਿੱਚ ਖ਼ਤਰਨਾਕ ਭਵਿੱਖ ਵੱਲ ਸੰਕੇਤ ਕਰਦੇ ਹਨ। ਜਿਨ੍ਹਾਂ ਦੇਸ਼ਾਂ ਵਿੱਚ ਸ਼ੂਗਰ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ, ਉਨ੍ਹਾਂ ਵਿੱਚ ਭਾਰਤ ਸਭ ਤੋਂ ਅੱਗੇ ਹੈ। ਇਸ ਸਾਲ ਜੂਨ ਮਹੀਨੇ ਵਿੱਚ ਮੈਡੀਕਲ ਜਰਨਲ ‘ਲਾਂਸੈਟ’ ਵਿੱਚ ਪ੍ਰਕਾਸ਼ਤ ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ 10 ਕਰੋੜ ਤੋਂ ਵੱਧ ਅਬਾਦੀ ਯਾਨੀ 11.4 ਫ਼ੀਸਦੀ ਅਬਾਦੀ ਸ਼ੂਗਰ ਰੋਗ ਤੋਂ ਪੀੜਤ ਤੇ 13.6 ਕਰੋੜ ਹੋਰ ਅਬਾਦੀ ਸ਼ੂਗਰ ਰੋਗ ਦੇ ਖਤਰੇ ਵਿੱਚ ਹੈ। ਇਸ ਦੇ ਮੁਕਾਬਲੇ ਯੂਰਪ ਵਿੱਚ ਸਿਰਫ਼ 6.2 ਫ਼ੀਸਦੀ ਅਬਾਦੀ ਹੀ ਸ਼ੂਗਰ ਰੋਗ ਦਾ ਸ਼ਿਕਾਰ ਹੈ। ਇਸ ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਪਹਿਲਾਂ ਖਾਣ-ਪੀਣ ਦੀਆਂ ਆਦਤਾਂ, ਮੋਟਾਪਾ, ਰਹਿਣ-ਸਹਿਣ ਦੀਆਂ ਹਾਲਤਾਂ ਤੇ ਵਿਹਲੜਪੁਣੇ ਨੂੰ ਹੀ ਸ਼ੂਗਰ ਰੋਗ ਦਾ ਕਾਰਨ ਸਮਝਿਆ ਜਾਂਦਾ ਸੀ, ਹੁਣ ਇਸ ਵਿੱਚ ਹਵਾ ਪ੍ਰਦੂਸ਼ਣ ਵੀ ਇੱਕ ਕਾਰਨ ਜੁੜ ਗਿਆ ਹੈ। ਇਹ ਇੱਕ ਗੰਭੀਰ ਮਾਮਲਾ ਹੈ, ਕਿਉਂਕਿ ਬਾਕੀ ਕਾਰਨਾਂ ’ਤੇ ਤਾਂ ਕੰਟਰੋਲ ਕੀਤਾ ਜਾ ਸਕਦਾ ਹੈ, ਪਰ ਹਵਾ ਪ੍ਰਦੂਸ਼ਣ ਤੋਂ ਬਚਾਅ ਕਰਨਾ ਔਖਾ ਹੈ। ਇਸ ਤੋਂ ਇਲਾਵਾ ਇੱਕ ਹੋਰ ਅਧਿਐਨ ਵਿੱਚ ਇਹ ਸਿੱਟਾ ਕੱਢਿਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਨਾਲ ਬੱਚਿਆਂ ਵਿੱਚ ਖੂਨ ਦੀ ਕਮੀ, ਜਨਮ ਸਮੇਂ ਘੱਟ ਭਾਰ ਤੇ ਗੰਭੀਰ ਸਾਹ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਸਾਡੇ ਦੇਸ਼ ਵਿੱਚ ਪਿਛਲੇ ਕੁਝ ਸਮੇਂ ਤੋਂ ਇਹ ਚਲਣ ਹੋ ਗਿਆ ਹੈ ਕਿ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ, ਉਸ ਦਾ ਹੱਲ ਕਰਨ ਦੀ ਥਾਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਡੀਆਂ ਸਰਕਾਰਾਂ ਤੇ ਪਾਰਟੀਆਂ ਦੇ ਆਗੂ ਤਾਂ ਹਵਾ ਪ੍ਰਦੂਸ਼ਣ ਬਾਰੇ ਵੀ ਕਮੇਡੀ ਕਰਦੇ ਰਹਿੰਦੇ ਹਨ। ਵਿਰੋਧੀ ਸਰਕਾਰਾਂ ’ਤੇ ਹਮਲੇ ਸਮੇਂ ਕਾਰਨ ਹੋਰ ਦੱਸੇ ਜਾਂਦੇ ਹਨ, ਮੀਡੀਆ ਵਿੱਚ ਹੋਰ, ਸੰਸਦ ਵਿੱਚ ਹੋਰ ਤੇ ਨਿਆਂ ਪਾਲਿਕਾ ਵਿੱਚ ਹੋਰ। ਨਿਆਂ ਪਾਲਿਕਾ ਹਰ ਸਾਲ ਸਰਕਾਰ ਨੂੰ ਫਟਕਾਰ ਲਾਉਂਦੀ ਹੈ, ਮੀਡੀਆ ਇਸ ਨੂੰ ਖ਼ਬਰ ਬਣਾਉਂਦਾ ਹੈ ਤੇ ਫਿਰ ਗਰਮੀ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਤੇ ਨਿਆਂ ਪਾਲਿਕਾ ਚੁੱਪ ਹੋ ਜਾਂਦੀ ਹੈ।
ਇਸ ਸਮੇਂ ਸਰਕਾਰਾਂ ਦਾ ਕੰਮ ਵਾਹ-ਵਾਹ ਖੱਟਣਾ ਰਹਿ ਗਿਆ ਹੈ। ਇਸ ਲਈ ਚੰਦਰਮਾ ’ਤੇ ਪਹੁੰਚਣਾ ਜ਼ਰੂਰੀ ਸੀ, ਹੁਣ ਮੰਗਲ ’ਤੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਇਸ ਦੀ ਕਿਸੇ ਨੂੰ ਚਿੰਤਾ ਨਹੀਂ ਕਿ ਲੋਕਾਂ ਲਈ ਸਾਹ ਲੈਣਾ ਔਖਾ ਹੋ ਚੁੱਕਾ ਹੈ। ਇਸ ਵੇਲੇ ਹਵਾ ਪ੍ਰਦੂਸ਼ਣ ਸਾਡੇ ਲਈ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਾ ਹੈ, ਪਰ ਸਰਕਾਰ ਲਈ ਇਹ ਕੋਈ ਸਮੱਸਿਆ ਨਹੀਂ, ਕਿਉਂਕਿ ਇਸ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲੇ ਆਮ ਲੋਕ ਹੁੰਦੇ ਹਨ।



