ਸ਼ਾਹਕੋਟ (ਗਿਆਨ ਸੈਦਪੁਰੀ)
‘ਆਮ ਆਦਮੀ ਪਾਰਟੀ ਦੇਸ਼ ’ਚ ਇੱਕੋ-ਇੱਕ ਪਾਰਟੀ ਹੈ, ਜਿਹੜੀ ਜਾਤ-ਪਾਤ ਤੋਂ ਉੱਪਰ ਉੱਠ ਕੇ ਵਿਅਕਤੀ ਦਾ ਕੰਮ ਤੇ ਕਿਰਦਾਰ ਵੇਖ ਕੇ ਬਣਦਾ ਮਾਣ-ਸਨਮਾਨ ਦਿੰਦੀ ਹੈ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕੀਤਾ। ਉਹ ਬੁੱਧਵਾਰ ਸਥਾਨਕ ਮਾਰਕੀਟ ਕਮੇਟੀ ਦਫਤਰ ’ਚ ਬਲਵੀਰ ਸਿੰਘ ਢੰਡੋਵਾਲ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਮੌਕੇ ਹੋਏ ਸਮਾਗਮ ਨੂੰ ਸੰਬੇਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਅਹੁਦਾ ਸੰਭਾਲ ਰਹੇ ਬਲਵੀਰ ਸਿੰਘ ਢੰਡੋਵਾਲ ਮੰਡੀ ਵਿੱਚ ਮਜ਼ਦੂਰ ਵਜੋਂ ਕੰਮ ਕਰਦੇ ਰਹੇ ਹਨ। ਕਿਰਤ ਨੂੰ ਸੱਭਿਅਕ ਸਮਾਜ ’ਚ ਸਨਮਾਨ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ, ਪਰ ਫਿਰ ਵੀ ਬਹੁਤੀ ਵਾਰ ਕਿਰਤੀ ਬੰਦਾ ਆਪਣੇ ਹੱਕ ਤੋਂ ਵਿਰਵਾ ਰਹਿ ਜਾਂਦਾ ਹੈ। ਆਪ ਸਰਕਾਰ ਨੇ ਕਿਰਤ ਦੀ ਕਦਰ ਕਰਨ ਦੇ ਸਿਧਾਂਤ ਨੂੰ ਬਲ ਬਖਸ਼ਿਆ ਹੈ। ਇਸ ਵਰਤਾਰੇ ਨਾਲ ਉੱਠੀ ਚਿਣਗ ਤੋਂ ਕਿਰਤ ਨਾਲ ਜੁੜੇ ਹੋਰ ਲੋਕਾਂ ਦੀ ਆਸ ਦਾ ਦੀਵਾ ਜਗਦਾ ਰਹੇਗਾ, ਜੋ ਸਮਾਜ ਨੂੰ ਰੌਸ਼ਨ ਕਰਨ ਵਿੱਚ ਭੂਮਿਕਾ ਨਿਭਾਏਗਾ। ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਦੀ ਕਾਰਜਸ਼ੈਲੀ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਆਪ ਦੀ 92 ਮੈਂਬਰੀ ਟੀਮ ਨੇ ਨਿਧੜਕ ਸ਼ਖਸੀਅਤ ਨੂੰ ਮੁੱਖ ਮੰਤਰੀ ਬਣਾ ਕੇ ਉਨ੍ਹਾ ਦੇ ਰੰਗਲਾ ਪੰਜਾਬ ਬਣਾਉਣ ਦੀ ਰੀਝ ਨੂੰ ਉਤਸ਼ਾਹਤ ਕੀਤਾ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਰਾਜ ਸਭਾ ਮੈਂਬਰ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਕੰਮਾਂ ਦੀ ਚਰਚਾ ਕਰਦਿਆਂ ਕਿਹਾ ਕਿ ਸਾਨੂੰ ਉਨ੍ਹਾ ਤੋਂ ਪ੍ਰੇਰਨਾ ਲੈ ਕੇ ਸਮਾਜ ਦੀ ਬਿਹਤਰੀ ਲਈ ਅੱਗੇ ਆਉਣਾ ਚਾਹੀਦਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਲਬੀਰ ਸਿੰਘ ਢੰਡੋਵਾਲ ਵਰਗੇ ਕਿਰਤ ਨਾਲ ਜੁੜੇ ਲੋਕਾਂ ਨੂੰ ਅਹੁਦੇਦਾਰੀਆਂ ਦੇ ਕੇ ਨਵੀਂ ਤੇ ਸੂਹੀ ਸਵੇਰ ਆਉਣ ਵਰਗੀ ਨਿਆਰੀ ਪਿਰਤ ਪਾਈ ਹੈ। ਇਹ ਸੱਚਮੁੱਚ ਹੀ ਸਿਆਸਤ ’ਚ ਬਦਲਾਅ ਦਾ ਝਲਕਾਰਾ ਹੈ। ਉਨ੍ਹਾ ਨਵੇਂ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ ਨੂੰ ਮੁਬਾਰਕਾਂ ਦੇਣ ਦੇ ਨਾਲ-ਨਾਲ ਆਸ ਵੀ ਪ੍ਰਗਟਾਈ ਕਿ ਉਹ ਇਮਾਨਦਾਰੀ ਨਾਲ ਕੰਮ ਕਰਕੇ ਸੂਹੀ ਸਵੇਰ ਨੂੰ ਹੋਰ ਸੰਵਾਰਨਗੇ। ਸੰਤ ਸੀਚੇਵਾਲ ਨੇ ਨਵੀਂ ਪਿਰਤ ਪਾਉਣ ਲਈ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਧੰਨਵਾਦ ਕੀਤਾ। ਹਲਕਾ ਇੰਚਾਰਜ ਸ਼ਾਹਕੋਟ ਰਤਨ ਸਿੰਘ ਕਾਕੜ ਕਲਾਂ ਨੇ ਕਿਹਾ ਕਿ ਇੱਕ ਮਜ਼ਦੂਰ ਦੀ ਮਜ਼ਦੂਰੀ ਦਾ ਮੁੱਲ ਪਿਆ ਹੈ। ਇਸ ਮੁੱਲ ਵਜੋਂ ਇੱਕ ਪੱਲੇਦਾਰ ਅੱਜ ਚੇਅਰਮੈਨ ਵਜੋਂ ਸਤਿਕਾਰਿਆ ਗਿਆ ਹੈ।
ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ, ਆਪ ਦੀ ਸੀਨੀਅਰ ਆਗੂ ਰਾਜਵਿੰਦਰ ਕੌਰ ਥਿਆੜਾ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ। ਸਟੇਜ ਸਕੱਤਰ ਦੇ ਫਰਜ਼ ਵਪਾਰ ਮੰਡਲ ਆਪ ਜਲੰਧਰ ਦੇ ਸਕੱਤਰ ਜਸਪਾਲ ਸਿੰਘ ਮਿਗਲਾਨੀ ਨੇ ਨਿਭਾਏ। ਇਸ ਮੌਕੇ ਮਾਰਕਿਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ, ਮਾਰਕਿਟ ਕਮੇਟੀ ਲੋਹੀਆਂ ਦੇ ਚੇਅਰਮੈਨ ਸਰਬਜੀਤ ਸਿੰਘ ਸਾਹਬ, ਸੀਨੀਅਰ ਆਗੂ ਬੂਟਾ ਸਿੰਘ ਕਲਸੀ, ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ, ਯਸ਼ਪਾਲ ਗੁਪਤਾ, ਕਪਿਲ ਕੁਮਾਰ ਗੁਪਤਾ (ਦੋਵੇਂ ਸਾਬਕਾ ਵਾਈਸ ਚੇਅਰਮੈਨ ਮਾਰਕਿਟ ਕਮੇਟੀ ਸ਼ਾਹਕੋਟ), ਤਜਿੰਦਰ ਕੁਮਾਰ ਸਕੱਤਰ ਮਾਰਕੀਟ ਕਮੇਟੀ ਸ਼ਾਹਕੋਟ, ਸ਼ੋਭਰਾਜ ਸਿੰਘ ਲੇਖਾਕਾਰ, ਸ਼ਾਮ ਲਾਲ ਦੌਧਰ, ਅਮਨਦੀਪ ਸਿੰਘ ਟੁਰਨਾ (ਦੋਵੇਂ ਮੰਡੀ ਸੁਪਰਵਾਈਜ਼ਰ), ਸਾਬਕਾ ਐੱਮ ਸੀ ਜਤਿੰਦਰ ਪਾਲ ਸਿੰਘ ਬੱਲ੍ਹਾ, ਆਪ ਬੀ ਸੀ ਵਿੰਗ ਦੇ ਪ੍ਰਧਾਨ ਹਰਜਿੰਦਰ ਸਿੰਘ ਸੀਚੇਵਾਲ, ਸੀਨੀਅਰ ਆਗੂ ਜਸਵੀਰ ਸਿੰਘ ਜਲਾਲਪੁਰੀ, ਰੂਪ ਲਾਲ ਸ਼ਰਮਾ, ਸ਼ਹਿਰੀ ਪ੍ਰਧਾਨ ਮਨੋਜ਼ ਅਰੋੜਾ, ਡਾ. ਵਿਲੀਅਮ ਜੌਨ, ਬਲਜਿੰਦਰ ਸਿੰਘ ਖਿੰਡਾ, ਕੁਲਦੀਪ ਸਿੰਘ ਦੀਦ, ਵੀਰ ਕੁਲਵੰਤ ਸਿੰਘ ਢੰਡੋਵਾਲ ਪ੍ਰਧਾਨ ਡਾ. ਬੀ ਆਰ ਅੰਬੇਡਕਰ ਆਰਮੀ ਪੰਜਾਬ, ਨਵਨੀਤ ਸਿੰਘ ਸਹੋਤਾ, ਨਿਰਮਲ ਸਿੰਘ ਮੱਲ ਅਤੇ ਰਣਜੀਤ ਸਿੰਘ ਰਾਣਾ (ਦੋਵੇਂ ਪੀ ਏ ਕਾਕੜ ਕਲਾਂ) ਆਦਿ ਹਾਜ਼ਰ ਸਨ। ਇਸੇ ਦੌਰਾਨ ਆਪ ਦੀ ਲੀਡਰਸ਼ਿਪ ਨੇ ਨਵਨਿਯੁਕਤ ਚੇਅਰਮੈਨ ਬਲਬੀਰ ਸਿੰਘ ਢੰਡੋਵਾਲ ਨੂੰ ਮੂੰਹ ਮਿੱਠਾ ਕਰਾ ਕੇ ਚੇਅਰਮੈਨ ਵਜੋਂ ਚਾਰਜ ਸੌਂਪਿਆ।





