ਭੁਪਾਲ : ਮੱਧ ਪ੍ਰਦੇਸ਼ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਦੇ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ’ਤੇ ਜ਼ੋਰਦਾਰ ਹਮਲਾ ਬੋਲਿਆ। ਪਿ੍ਰਅੰਕਾ ਗਾਂਧੀ ਨੇ ਕਿਹਾ ਕਿ ਭਾਜਪਾ ਦੇ ਲੋਕ ਅਕਸਰ ਕਹਿੰਦੇ ਹਨ ਕਿ ਕਾਂਗਰਸ ਨੇ 70 ਸਾਲ ’ਚ ਕੁਝ ਨਹੀਂ ਕੀਤਾ, ਤਾਂ ਮੋਦੀ ਜੀ ਸਕੂਲ ਕਿੱਥੇ ਪੜ੍ਹਨ ਗਏ ਸਨ। ਜੇਕਰ ਸਕੂਲ ਗਏ, ਤਾਂ ਉਸ ਨੂੰ ਕਾਂਗਰਸ ਨੇ ਹੀ ਬਣਾਇਆ ਹੋਵੇਗਾ। ਮੈਨੂੰ ਨਹੀਂ ਪਤਾ ਮੋਦੀ ਜੀ ਕਾਲਜ ਪੜ੍ਹਨ ਗਏ ਜਾਂ ਨਹੀਂ, ਪਰ ਉਨ੍ਹਾ ਦੇ ਐਂਟਾਇਰ ਪੋਲੀਟੀਕਲ ਸਾਇੰਸ ਦਾ ਸਰਟੀਫਿਕੇਟ ਜ਼ਰੂਰ ਕਾਂਗਰਸ ਦੇ ਦਿੱਤੇ ਗਏ ਕੰਪਿਊਟਰ ’ਤੇ ਛਪਿਆ ਹੋਵੇਗਾ। ਉਨ੍ਹਾ ਕਿਹਾ ਕਿ ਮੱਧ ਪ੍ਰਦੇਸ਼ ਦੀਆਂ ਮੇਰੀਆਂ ਭੈਣੋਂ ਤੁਸੀ ਸਾਵਧਾਨ ਰਹਿਣਾ। ਸ਼ਿਵਰਾਜ ਸਰਕਾਰ ਨੇ 18 ਸਾਲ ’ਚ ਤੁਹਾਡੇ ਲਈ ਕੁਝ ਨਹੀਂ ਕੀਤਾ, ਉਹ ਹੁਣ ਚੋਣਾਂ ਤੋਂ ਪਹਿਲਾ ਖਾਤਾ ਖੁੱਲ੍ਹਵਾ ਰਹੇ ਹਨ। ਤੁਸੀਂ ਛੱਤੀਸਗੜ੍ਹ ਨੂੰ ਦੇਖੋ, ਉਥੇ ਲੋਕ ਖੁਸ਼ ਹਨ, ਕਿਸਾਨ ਮੁਸਕਰਾ ਰਹੇ ਹਨ। ਤੁਹਾਨੂੰ ਵੀ ਇੱਕ ਇਸ ਤਰ੍ਹਾਂ ਦੀ ਸਰਕਾਰ ਚਾਹੀਦੀ ਹੈ, ਜੋ ਸੱਚਮੁੱਚ ਤੁਹਾਡੇ ਲਈ ਕੰਮ ਕਰੇ। ਪਿ੍ਰਅੰਕਾ ਨੇ ਕੇਂਦਰ ਸਰਕਾਰ ’ਤੇ ਉਦਯੋਗਪਤੀਆਂ ਲਈ ਕੰਮ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਮੋਦੀ ਨੇ ਸਰਕਾਰੀ ਕੰਪਨੀਆਂ ਨੂੰ ਆਪਣੇ ਉਦਯੋਗਪਤੀ ਦੋਸਤਾਂ ਨੂੰ ਸੌਂਪ ਦਿੱਤਾ ਹੈ। ਸਰਕਾਰੀ ਨੌਕਰੀਆਂ ਖ਼ਤਮ ਹੋ ਰਹੀਆ ਹਨ। ਇਸ ਲਈ ਅੱਜ ਜਨਤਾ ਪ੍ਰੇਸ਼ਾਨ ਹੈ, ਸਰਕਾਰੀ ਮੁਲਾਜ਼ਮ ਆਪਣੀ ਪੁਰਾਣੀ ਪੈਨਸ਼ਨ ਮੰਗ ਰਹੇ ਹਨ।





