ਨਵੀਂ ਦਿੱਲੀ : ਪੈਸੇ ਲੈ ਕੇ ਸਵਾਲ ਪੁੱਛਣ ਦੇ ਮਾਮਲੇ ਵਿਚ ਲੋਕ ਸਭਾ ਦੀ ਸਦਾਚਾਰ ਕਮੇਟੀ ਨੇ ਤਿ੍ਰਣਮੂਲ ਕਾਂਗਰਸ ਦੀ ਲੋਕ ਸਭਾ ਮੈਂਬਰ ਮਹੂਆ ਮੋਇਤਰਾ ਨੂੰ ਕੱਢਣ ਦੀ ਸਿਫਾਰਸ਼ ਕਰ ਦਿੱਤੀ ਹੈ। ਕਮੇਟੀ ਨੇ ਫੈਸਲਾ 6-4 ਨਾਲ ਲਿਆ। ਹੁਣ ਲੋਕ ਸਭਾ ਦੇ ਸਪੀਕਰ ਓਮ ਬਿੜਲਾ ਅੰਤਮ ਫੈਸਲਾ ਲੈਣਗੇ। ਸਿਫਾਰਸ਼ ਦਾ ਵਿਰੋਧ ਕਰਨ ਵਾਲੇ ਮੈਂਬਰਾਂ ਨੇ ਫੈਸਲੇ ਨੂੰ ਗਿਣਿਆ-ਮਿਥਿਆ ਦੱਸਿਆ।
ਕਮੇਟੀ ਦੇ 15 ਮੈਂਬਰ ਹਨ। ਚੇਅਰਮੈਨ ਵਿਨੋਦ ਕੁਮਾਰ ਸੋਨਕਰ ਸਣੇ ਭਾਜਪਾ ਦੇ 7 ਮੈਂਬਰ ਹਨ, ਜਦਕਿ ਕਾਂਗਰਸ ਦੇ ਤਿੰਨ ਅਤੇ ਬਸਪਾ, ਸ਼ਿਵ ਸੈਨਾ, ਵਾਈ ਐੱਸ ਆਰ ਕਾਂਗਰਸ, ਮਾਰਕਸੀ ਪਾਰਟੀ ਤੇ ਜਨਤਾ ਦਲ ਯੂਨਾਈਟਿਡ ਦੇ ਇੱਕ-ਇੱਕ ਮੈਂਬਰ ਹਨ। ਕਾਂਗਰਸ ਦੀ ਪਰਨੀਤ ਕੌਰ ਨੇ ਸਿਫਾਰਸ਼ ਦੇ ਹੱਕ ਵਿਚ ਵੋਟ ਪਾਈ। ਭਾਜਪਾ ਮੈਂਬਰ ਅਪਰਾਜਿਤਾ ਸਾਰੰਗੀ ਨੇ ਕਿਹਾ ਕਿ ਪਰਨੀਤ ਕੌਰ ਸੱਚ ਨਾਲ ਖੜ੍ਹੀ। ਮਹੂਆ ਖਿਲਾਫ ਸ਼ਿਕਾਇਤ ਕਰਨ ਵਾਲੇ ਭਾਜਪਾ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਿਹਾ ਕਿ ਪੰਜਾਬ ਹਮੇਸ਼ਾ ਭਾਰਤ ਦੀ ਪਛਾਣ ਤੇ ਕੌਮੀ ਸੁਰੱਖਿਆ ਨਾਲ ਖੜ੍ਹਾ ਹੈ। ਅੱਜ ਵੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਮੈਂਬਰ ਪਰਨੀਤ ਕੌਰ ਨੇ ਕੌਮੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ। ਭਾਰਤ ਹਮੇਸ਼ਾ ਬਹਾਦਰਾਂ ਦਾ ਸ਼ੁਕਰਗੁਜ਼ਾਰ ਰਿਹਾ ਹੈ ਤੇ ਰਹੇਗਾ। ਬਸਪਾ ਸਾਂਸਦ ਤੇ ਸਦਾਚਾਰ ਕਮੇਟੀ ਦੇ ਮੈਂਬਰ ਦਾਨਿਸ਼ ਅਲੀ ਨੇ ਕਮੇਟੀ ਦੇ ਚੇਅਰਮੈਨ ਵਿਨੋਦ ਸੋਨਕਰ ਤੇ ਭਾਜਪਾ ਮੈਂਬਰਾਂ ’ਤੇ ਕਾਰਵਾਈ ਲੀਕ ਕਰਨ ਤੇ ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਾਉਦਿਆਂ ਕਿਹਾ ਕਿ ਕਮੇਟੀ ਨੇ ਕਠੋਰ ਸਿਫਾਰਸ਼ ਕੀਤੀ ਹੈ। ਬਿਜ਼ਨੈੱਸਮੈਨ ਗੌਤਮ ਅਡਾਨੀ ਬਾਰੇ ਸਵਾਲ ਪੁੱਛਣ ਵਾਲੀ ਮੋਇਤਰਾ ਨੇ ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਹੈ ਕਿ ਉਸ ਖਿਲਾਫ ਸਿਫਾਰਸ਼ ਦੀ ਇਕ ਨਿੱਜੀ ਟੀ ਵੀ ਨਿਊਜ਼ ਚੈਨਲ ਨੇ ਖਬਰ ਚਲਾਈ ਤੇ ਇਹ ਚੈਨਲ ਅਡਾਨੀ ਗਰੁੱਪ ਦਾ ਹੈ। ਚੈਨਲ ਨੇ ਸਦਾਚਾਰ ਕਮੇਟੀ ਦੇ ਖੁਫੀਆ ਦਸਤਾਵੇਜ਼ ਹਾਸਲ ਕੀਤੇ।





