ਗੈਰ-ਕਾਨੂੰਨੀ ਓਪੀਔਡਜ਼ ਮੈਨੰੂਫੈਕਚਰਿੰਗ ਤੇ ਸਪਲਾਈ ਨੈੱਟਵਰਕ ਦਾ ਪਰਦਾ ਫਾਸ਼

0
183

ਚੰਡੀਗੜ੍ਹ : ਪੰਜਾਬ ਪੁਲਸ ਨੇ ਦਿੱਲੀ ਤੇ ਹਰਿਆਣਾ ਸਥਿਤ ਫਾਰਮਾ ਫੈਕਟਰੀਆਂ ਤੋਂ ਗੈਰ-ਕਾਨੂੰਨੀ ਓਪੀਔਡਜ਼ ਮੈਨੰੂਫੈਕਚਰਿੰਗ ਅਤੇ ਸਪਲਾਈ ਦੇ ਅੰਤਰਰਾਜੀ ਨੈੱਟਵਰਕ ਦਾ ਪਰਦਾ ਫਾਸ਼ ਕੀਤਾ ਹੈ। ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਇਹ ਜਾਣਕਾਰੀ ਦਿੱਤੀ। ਇਹ ਕਾਰਵਾਈ ਫਤਿਹਗੜ੍ਹ ਸਾਹਿਬ ਪੁਲਸ ਵੱਲੋਂ ਅੰਬਾਲਾ ਦੇ ਨਸ਼ਾ ਤਸਕਰ ਗੌਰਵ ਸਿੰਘ ਉਰਫ ਕਾਲਾ, ਜਿਸ ਨੂੰ 44 ਲੀਗੇਸਿਕ ਅਤੇ 44 ਐਵੀਲ ਇੰਜੈਕਸ਼ਨਾਂ ਸਮੇਤ ਗਿ੍ਰਫਤਾਰ ਕੀਤਾ ਗਿਆ ਸੀ, ਦੀ ਗਿ੍ਰਫ਼ਤਾਰੀ ਉਪਰੰਤ ਤਿੰਨ ਮਹੀਨੇ ਦੀ ਬਰੀਕੀ ਨਾਲ ਜਾਂਚ ਤੋਂ ਬਾਅਦ ਅਮਲ ’ਚ ਲਿਆਂਦੀ ਗਈ ਹੈ।
ਯਾਦਵ ਨੇ ਕਿਹਾ ਕਿ ਸਪਲਾਇਰ ਦੀ ਗਿ੍ਰਫਤਾਰੀ ਤੋਂ ਬਾਅਦ ਮਾਮਲੇ ਦੀ ਜਾਂਚ ਕਰਦਿਆਂ ਫਤਿਹਗੜ੍ਹ ਪੁਲਸ ਦੀ ਟੀਮ ਦਿੱਲੀ ਦੇ ਗੈਰ-ਕਾਨੂੰਨੀ ਫਾਰਮਾ ਨਿਰਮਾਤਾ ਸੁਮਿਤ ਅਗਰਵਾਲ, ਜੋ ਕਿ ਪੈਕਸਨਜ਼ ਫਾਰਮਾਸਿਊਟੀਕਲਜ਼ ਪ੍ਰਾਈਵੇਟ ਲਿਮਟਿਡ ਦਾ ਮਾਲਕ ਹੈ ਅਤੇ ਜਿਸ ਦੀਆਂ ਯੂਨਿਟਾਂ ਦਿੱਲੀ ਦੇ ਰੋਹਿਣੀ ਅਤੇ ਹਰਿਆਣਾ ਦੇ ਬਹਾਦਰਗੜ੍ਹ ’ਚ ਹਨ, ਨੂੰ ਟਰੇਸ ਕਰਨ ਅਤੇ ਗਿ੍ਰਫਤਾਰ ਕਰਨ ’ਚ ਕਾਮਯਾਬ ਹੋਈ। ਸੀ ਆਈ ਏ ਫ਼ਤਿਹਗੜ੍ਹ ਸਾਹਿਬ ਦੇ ਪੁਲਸ ਮੁਲਾਜ਼ਮਾਂ ਅਤੇ ਦੋ ਡਰੱਗ ਇੰਸਪੈਕਟਰਾਂ ਦੀ ਟੀਮ ਨੇ ਆਪਣੇ ਡਰੱਗ ਇੰਸਪੈਕਟਰ ਦੀ ਮੌਜੂਦਗੀ ’ਚ ਬਹਾਦਰਗੜ੍ਹ ਸਥਿਤ ਫਾਰਮਾ ਫੈਕਟਰੀ ’ਤੇ ਛਾਪਾ ਮਾਰਿਆ ਅਤੇ ਫੈਕਟਰੀ ਵਿੱਚੋਂ ਲਗਭਗ 6 ਲੱਖ ਬਿਨਾਂ ਲੇਬਲ ਵਾਲੇ ਟੀਕਿਆਂ ਸਮੇਤ ਕਈ ਗੈਰ-ਕਾਨੂੰਨੀ ਵਪਾਰਕ, ਵਿੱਤੀ, ਟਰਾਂਸਪੋਰਟ ਦਸਤਾਵੇਜ਼ ਬਰਾਮਦ ਕੀਤੇ। ਇਹ ਬਰਾਮਦਗੀ ਇਸ ਮਾਮਲੇ ’ਚ ਪਹਿਲਾਂ ਹੋਈ 3.24 ਲੱਖ ਗੋਲੀਆਂ/ ਕੈਪਸੂਲ/ ਟੀਕੇ/ ਸ਼ੀਸ਼ੀਆਂ ਅਤੇ 2.20 ਲੱਖ ਰੁਪਏ ਦੀ ਡਰੱਗ ਮਨੀ ਦੀ ਬਰਾਮਦਗੀ ਤੋਂ ਇਲਾਵਾ ਹੈ।
ਇਸ ਮਾਮਲੇ ’ਚ ਹੁਣ ਤੱਕ ਪੁਲਸ ਟੀਮਾਂ 7 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਚੁੱਕੀਆਂ ਹਨ। ਗਿ੍ਰਫ਼ਤਾਰ ਕੀਤੇ ਗਏ ਪੰਜ ਹੋਰ ਮੁਲਜ਼ਮਾਂ ਦੀ ਪਛਾਣ ਮੁਹੰਮਦ ਅਰਬਾਜ਼, ਮੁਹੰਮਦ ਸਲਮਾਨ, ਮੁਹੰਮਦ ਸ਼ਾਹਬੇਜ਼, ਰਾਕੇਸ਼ ਕੁਮਾਰ ਅਤੇ ਘਨਸ਼ਿਆਮ ਸ਼ਰਮਾ ਵਜੋਂ ਹੋਈ ਹੈ।
ਆਈ ਜੀ ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਐੱਸ ਅੱੈਸ ਪੀ ਫਤਿਹਗੜ੍ਹ ਸਾਹਿਬ ਡਾ. ਰਵਜੋਤ ਕੌਰ ਗਰੇਵਾਲ ਨਾਲ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਗੌਰਵ ਦੀ ਗਿ੍ਰਫਤਾਰੀ ਤੋਂ ਬਾਅਦ ਫਤਿਹਗੜ੍ਹ ਸਾਹਿਬ ਪੁਲਸ ਨੇ ਗੈਰ-ਕਾਨੂੰਨੀ ਕੈਮਿਸਟਾਂ, ਫਾਰਮੇਸੀਆਂ, ਗੋਦਾਮਾਂ ’ਚ ਛਾਪੇਮਾਰੀ ਕੀਤੀ, ਜਿਸ ਸਦਕਾ ਮੁਹੰਮਦ ਅਰਬਾਜ਼, ਮੁਹੰਮਦ ਸਲਮਾਨ ਅਤੇ ਮੁਹੰਮਦ ਸ਼ਾਹਬੇਜ਼ ਸਮੇਤ ਤਿੰਨ ਹੋਰ ਸਪਲਾਇਰਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਤਿੰਨਾਂ ਸਪਲਾਇਰਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਆਗਰਾ ਤੋਂ ਨਸ਼ੀਲੇ ਪਦਾਰਥਾਂ ਦੀ ਖਰੀਦਦਾਰੀ ਕਰ ਰਹੇ ਸਨ। ਪੁਲਸ ਟੀਮਾਂ ਨੇ ਇੱਕ ਹੋਰ ਮੁਲਜ਼ਮ ਨੂੰ ਗਿ੍ਰਫਤਾਰ ਕੀਤਾ ਹੈ, ਜਿਸ ਦੀ ਪਛਾਣ ਰਾਕੇਸ਼ ਕੁਮਾਰ ਵਜੋਂ ਹੋਈ ਹੈ, ਜਿਸ ਦਾ ਆਗਰਾ ’ਚ ਨਸ਼ੀਲੇ ਪਦਾਰਥਾਂ ਦਾ ਗੈਰ-ਕਾਨੂੰਨੀ ਗੋਦਾਮ ਹੈ। ਰਾਕੇਸ਼ ਨੇ ਖੁਲਾਸਾ ਕੀਤਾ ਕਿ ਉਹ ਗਾਜ਼ੀਆਬਾਦ ਦੇ ਲੋਨੀ ਦਿਹਾਤ ਦੇ ਵਿਅਕਤੀ ਦੇ ਸੰਪਰਕ ’ਚ ਸੀ, ਜਿਸ ਦੀ ਪਛਾਣ ਘਨਸ਼ਿਆਮ ਸ਼ਰਮਾ ਵਜੋਂ ਕੀਤੀ ਗਈ, ਜੋ ਕਿ ਨਸ਼ੀਲੇ ਪਦਾਰਥਾਂ ਦਾ ਥੋਕ ਵਿਕਰੇਤਾ ਹੈ ਅਤੇ ਉਸ ਦੀ ਸ਼੍ਰੀ ਸ਼ਿਆਮਾ ਨਾਮੀ ਆਪਣੀ ਮੈਡੀਕਲ ਏਜੰਸੀ ਵੀ ਹੈ। ਘਣਸ਼ਿਆਮ ਨੂੰ 2 ਨਵੰਬਰ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ, ਜਿਸ ਨਾਲ ਨਸ਼ੀਲੇ ਪਦਾਰਥਾਂ ਦੇ ਨਿਰਮਾਤਾ ਸੁਮਿਤ ਅਗਰਵਾਲ ਦੀ ਗਿ੍ਰਫ਼ਤਾਰੀ ਕਰਨ ’ਚ ਸਫਲਤਾ ਮਿਲੀ।

LEAVE A REPLY

Please enter your comment!
Please enter your name here