ਕੈਨੇਡਾ ’ਚ ਗੈਂਗਵਾਰ ’ਚ ਪਿਓ-ਪੁੱਤ ਕਤਲ

0
186

ਓਟਾਵਾ : ਕੈਨੇਡਾ ਦੇ ਐਡਮੰਟਨ ’ਚ ਹਰਪ੍ਰੀਤ ਸਿੰਘ ਉੱਪਲ ਤੇ ਉਸ ਦੇ 11 ਸਾਲਾ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਉੱਪਲ (41) ਕੈਨੇਡਾ ਦੇ ਸੰਗਠਤ ਅਪਰਾਧ ਦੇ ਖੇਤਰ ’ਚ ਕਾਫੀ ਬਦਨਾਮ ਸੀ। ਐਡਮੰਟਨ ਪੁਲਸ ਸੇਵਾ ਦੇ ਕਾਰਜਕਾਰੀ ਸੁਪਰਡੈਂਟ ਕੋਲਿਨ ਡਰਕਸਨ ਨੇ ਮੀਡੀਆ ਨੂੰ ਦੱਸਿਆ ਕਿ ਉੱਪਲ ਤੇ ਉਸ ਦੇ ਪੁੱਤਰ ਦੀ ਵੀਰਵਾਰ ਦੁਪਹਿਰ ਸਮੇਂ ਗੈਸ ਸਟੇਸ਼ਨ ਦੇ ਬਾਹਰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੋਲੀਬਾਰੀ ਸਮੇਂ ਉੱਪਲ ਦੀ ਕਾਰ ’ਚ ਉਸ ਦੇ ਪੁੱਤਰ ਦਾ ਦੋਸਤ ਵੀ ਸੀ, ਪਰ ਉਹ ਬਚ ਗਿਆ। ਡਰਕਸਨ ਨੇ ਕਿਹਾ ਕਿ ਪੁਲਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਜਦੋਂ ਹਮਲਾਵਰਾਂ ਨੇ ਗੋਲੀਬਾਰੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਕਾਰ ’ਚ ਬੱਚਿਆਂ ਦੇ ਹੋਣ ਬਾਰੇ ਪਤਾ ਸੀ ਜਾਂ ਨਹੀਂ।
ਪੁਲਸ ਨੇ ਕਿਹਾ ਕਿ ਉੱਪਲ ਬ੍ਰਦਰਜ਼ ਕੀਪਰਜ਼ ਨਾਮਕ ਗਰੋਹ ਦਾ ਮੈਂਬਰ ਸੀ। ਅਕਤੂਬਰ 2021 ’ਚ ਉੱਪਲ ਉਦੋਂ ਬਚ ਗਿਆ ਸੀ, ਜਦੋਂ ਇੱਕ ਬੰਦੂਕਧਾਰੀ ਨੇ ਉਸ ’ਤੇ ਕਈ ਗੋਲੀਆਂ ਚਲਾਈਆਂ। ਉਸ ਵੇਲੇ ਉਹ ਆਪਣੇ ਪਰਵਾਰ ਨਾਲ ਇੱਕ ਦੁਕਾਨ ’ਤੇ ਪੀਜ਼ਾ ਖਾ ਰਿਹਾ ਸੀ। ਉਸ ਨੂੰ 2013 ’ਚ ਅਣਅਧਿਕਾਰਤ ਹਥਿਆਰ ਰੱਖਣ ਦੇ ਦੋਸ਼ ’ਚ 15 ਮਹੀਨੇ ਦੀ ਜੇਲ੍ਹ ਹੋਈ ਸੀ। ਉਹ ਕੋਕੀਨ ਰੱਖਣ ਅਤੇ ਤਸਕਰੀ ਦੇ ਦੋਸ਼ਾਂ ’ਚ ਮੁਕੱਦਮੇ ਦਾ ਸਾਹਮਣਾ ਵੀ ਕਰ ਰਿਹਾ ਸੀ।
ਡਰਕਸਨ ਨੇ ਕਿਹਾ ਕਿ ਪਹਿਲਾਂ ਗੈਂਗਸਟਰ ਬੱਚਿਆਂ ਨੂੰ ਨਹੀਂ ਮਾਰਦੇ ਸਨ, ਪਰ ਰੇਤ ਦੀ ਇਹ ਲਕੀਰ ਹੁਣ ਮਿਟਦੀ ਲੱਗ ਰਹੀ ਹੈ। ਸੂਤਰਾਂ ਮੁਤਾਬਕ ਉੱਪਲ ਦਾ ਕਤਲ ਬ੍ਰਦਰਜ਼ ਕੀਪਰਜ਼ ਤੇ ਯੂ ਐੱਨ ਗੈਂਗ ਵਿਚਾਲੇ ਜੰਗ ਦਾ ਨਤੀਜਾ ਲੱਗਦਾ ਹੈ। ਇਹ ਜੰਗ ਵੈਨਕੂਵਰ ਤੋਂ ਸ਼ੁਰੂ ਹੋਈ ਸੀ ਤੇ ਹੁਣ ਕੈਨੇਡਾ-ਭਰ ਵਿਚ ਫੈਲ ਗਈ ਹੈ। ਪਿਛਲੇ ਦਿਨੀਂ ਯੂ ਐੱਨ ਗੈਂਗਸਟਰ ਪਰਮਵੀਰ ਚਾਹਲ ਨੂੰ ਟੋਰਾਂਟੋ ਵਿਚ ਕਤਲ ਕਰ ਦਿੱਤਾ ਗਿਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਹੋ ਸਕਦਾ ਹੈ ਉੱਪਲ ਦਾ ਕਤਲ ਉਸ ਨਾਲ ਜੁੜਿਆ ਹੋਵੇ। ਹੋਰਨਾਂ ਮਹਾਨਗਰਾਂ ਵਾਂਗ ਐਡਮੰਟਨ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਵਧੀਆਂ ਹਨ, ਪਰ ਬੱਚੇ ਦੇ ਕਤਲ ਨੇ ਪੁਲਸ ਨੂੰ ਹਿਲਾ ਦਿੱਤਾ ਹੈ। ਡਰਕਸਨ ਨੇ ਕਿਹਾ ਕਿ ਉਹ ਕਾਤਲਾਂ ਦਾ ਪਤਾ ਲਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ, ਕਿਉਕਿ ਇਸ ਵਾਰਦਾਤ ਵਿਚ ਇਕ ਬੱਚੇ ਦੀ ਜਾਨ ਚਲੇ ਗਈ ਹੈ।

LEAVE A REPLY

Please enter your comment!
Please enter your name here