ਹਰਿਆਣਾ ‘ਚ ਪੁਲਸ ਤੇ ਕਿਸਾਨਾਂ ‘ਚ ਝੜਪ, ਇੱਕ ਦੀ ਮੌਤ

0
375

ਚੰਡੀਗੜ੍ਹ : ਹਰਿਆਣਾ ਦੇ ਹਿਸਾਰ ਦੇ ਖੇਦੜ ਥਰਮਲ ਪਲਾਂਟ ਦੀ ਸੁਆਹ ਨੂੰ ਲੈ ਕੇ ਕਿਸਾਨਾਂ ਅਤੇ ਪਲਾਂਟ ਮੈਨੇਜਮੈਂਟ ਵਿਚਾਲੇ ਵਿਵਾਦ ਹਿੰਸਕ ਹੋ ਗਿਆ | ਇਸ ਵਿਵਾਦ ‘ਚ ਕਿਸਾਨ ਧਰਮਪਾਲ ਦੀ ਮੌਤ ਹੋ ਗਈ | ਇਸ ਦੌਰਾਨ ਕਿਸਾਨ ਨੇਤਾ ਰਾਕੇਸ਼ ਟਿਕੈਤ ਪਹੁੰਚ ਗਏ | ਉਨ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਮਾਮਲਾ ਗੱਲਬਾਤ ਨਾਲ ਸੁਲਝਾ ਲਓ ਨਹੀਂ ਤਾਂ ਠੀਕ ਨਹੀਂ ਹੋਵੇਗਾ | ਪ੍ਰਸ਼ਾਸਨ ਸਥਾਨਕ ਕਮੇਟੀ ਨਾਲ ਗੱਲਬਾਤ ਕਰੇ ਤੇ ਮਾਮਲਾ ਹੱਲ ਕਰੇ | ਸਵੇਰੇ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਹੋਈ | ਮੀਟਿੰਗ ‘ਚ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਨੇਤਾ ਗੁਰਨਾਮ ਸਿੰਘ ਚੜੂਨੀ ਵੀ ਸ਼ਾਮਲ ਹੋਏ | ਮਿ੍ਤਕ ਕਿਸਾਨ ਧਰਮਪਾਲ ਦਾ ਪੋਸਟਮਾਰਟਮ 4 ਡਾਕਟਰਾਂ ਦੀ ਟੀਮ ਕਰੇਗੀ | ਨਾਲ ਹੀ ਇਸ ਦੀ ਵੀਡੀਓਗ੍ਰਾਫ਼ੀ ਹੋਵੇਗੀ | ਕਿਸਾਨਾਂ ਨੇ ਹਿਰਾਸਤ ‘ਚ ਲਏ ਨੌਜਵਾਨਾਂ ਨੂੰ ਵੀ ਛੱਡਣ ਲਈ ਕਿਹਾ ਹੈ |
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰਾਖ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਨੇ ਖੇਦੜ ਪਾਵਰ ਪਲਾਂਟ ਦੇ ਅੰਦਰ ਜਾਣ ਵਾਲੇ ਰੇਲਵੇ ਟਰੈਕ ‘ਤੇ ਧਰਨਾ ਲਾਉਣ ਦਾ ਫੈਸਲਾ ਕੀਤਾ | ਇਸ ਤੋਂ ਬਾਅਦ ਕਿਸਾਨ ਟਰੈਕਟਰ ‘ਤੇ ਸਵਾਰ ਹੋ ਕੇ ਟਰੈਕ ਵੱਲ ਵਧਣ ਲੱਗੇ | ਪੁਲਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ | ਪੁਲਸ ਨੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਸੁੱਟੇ | ਇਸ ਦੌਰਾਨ ਇੱਕ ਟਰੈਕਟਰ ਨੇ ਬੈਰੀਕੇਡ ਤੋੜਦੇ ਹੋਏ ਕਿਸਾਨ ਨੂੰ ਕੁਚਲ ਦਿੱਤਾ | 3 ਪੁਲਸ ਮੁਲਾਜ਼ਮ ਵੀ ਟਰੈਕਟਰ ਦੀ ਲਪੇਟ ‘ਚ ਆ ਗਏ |
ਖੇਦੜ ਪਾਵਰ ਪਲਾਂਟ ਦੇ ਬਾਹਰ ਪਿਛਲੇ 85 ਦਿਨਾਂ ਤੋਂ ਪਿੰਡ ਵਾਸੀ ਅਤੇ ਕਿਸਾਨ ਧਰਨਾ ਦੇ ਰਹੇ ਹਨ | ਪਿੰਡ ਵਾਸੀਆਂ ਦੀ ਮੰਗ ਹੈ ਕਿ ਪਲਾਂਟ ਦੀ ਰਾਖ ਪਹਿਲਾਂ ਦੀ ਤਰ੍ਹਾਂ ਫਰੀ ਦਿੱਤੀ ਜਾਵੇ, ਜਦਕਿ ਪਲਾਂਟ ਦੇ ਅਧਿਕਾਰੀ ਇਸ ‘ਚ ਅਸਮਰਥਾ ਪ੍ਰਗਟ ਰਹੇ ਹਨ, ਕਿਉਂਕਿ ਬਿਜਲੀ ਮੰਤਰਾਲੇ ਨੇ ਰਾਖ ਨੂੰ ਟੈਂਡਰ ਜ਼ਰੀਏ ਵੇਚਣ ਦਾ ਪ੍ਰਸਤਾਵ ਪਾਸ ਕੀਤਾ ਹੈ | ਇਹ ਰਾਖ ਇੱਟਾਂ ਬਣਾਉਣ ‘ਚ ਇਸਤੇਮਾਲ ਹੁੰਦੀ ਹੈ | ਪਲਾਂਟ ‘ਚ ਕਰੀਬ 67 ਕਰੋੜ ਦੀ ਰਾਖ ਹੈ | ਪਿੰਡ ਵਾਸੀਆਂ ਦਾ ਤਰਕ ਹੈ ਕਿ ਜਦ ਪਹਿਲਾਂ ਰਾਖ ਨੂੰ ਕੋਈ ਲੈਂਦਾ ਨਹੀਂ ਸੀ ਤਾਂ ਪਿੰਡ ਵਾਸੀ ਇਸ ਦਾ ਇਸਤੇਮਾਲ ਕਰਦੇ ਸਨ | ਇਸ ਨਾਲ ਖੇਦੜ ਗਊਸ਼ਾਲਾ ਨੂੰ ਆਉਣ ਵਾਲੀ ਸਹਾਇਤਾ ਬੰਦ ਹੋ ਜਾਵੇਗੀ ਅਤੇ ਕਰੀਬ 1 ਹਜ਼ਾਰ ਗਾਵਾਂ ਦਾ ਪਾਲਣ-ਪੋਸਣ ਕਰ ਰਹੀ ਗਊਸ਼ਾਲਾ ਬੰਦ ਹੋ ਜਾਵੇਗੀ |

LEAVE A REPLY

Please enter your comment!
Please enter your name here