ਸੁਪਰੀਮ ਕੋਰਟ ਨੇ ਭਾਜਪਾ ਦੀ ਸਾਬਕਾ ਬੁਲਾਰੀ ਨੂਪੁਰ ਵਿਰੁੱਧ ਸਖ਼ਤ ਟਿੱਪਣੀ ਕਰਦਿਆਂ ਕਿਹਾ ਸੀ ਕਿ ਉਸ ਦੇ ਬਿਆਨ ਨੇ ਸਾਰੇ ਦੇਸ਼ ਵਿੱਚ ਅੱਗ ਭੜਕਾਅ ਦਿੱਤੀ ਹੈ | ਕੁਝ ਹਿੰਦੂਤਵੀ ਭਗਤਾਂ ਨੂੰ ਇਸ ਟਿੱਪਣੀ ਨੇ ਏਨਾ ਆਹਤ ਕਰ ਦਿੱਤਾ ਸੀ ਕਿ ਉਨ੍ਹਾਂ ਸੁਪਰੀਮ ਕੋਰਟ ਨੂੰ ਸੁਪਰੀਮ ਕੋਠਾ ਕਹਿਣਾ ਸ਼ੁਰੂ ਕਰ ਦਿੱਤਾ, ਪਰ ਸੁਪਰੀਮ ਕੋਰਟ ਦੇ ਜੱਜਾਂ ਦੇ ਕਹੇ ਵਿੱਚ ਰਤੀ ਭਰ ਵੀ ਸ਼ੱਕ ਨਹੀਂ ਸੀ, ਕਿਉਂਕਿ ਨੂਪੁਰ ਦੇ ਇਸ ਬਿਆਨ ਪਿੱਛੋਂ ਕਾਨਪੁਰ ਵਿੱਚ ਭੜਕੇ ਦੰਗੇ ਜਾਂ ਉਦੈਪੁਰ ਵਿੱਚ ਕਨੱ੍ਹਈਆ ਲਾਲ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਹੀ ਨਹੀਂ, ਸਗੋਂ ਇਸ ਨਾਲ ਸਾਰਾ ਦੇਸ਼ ਹੀ ਸੁਲਘ ਰਿਹਾ ਹੈ | ਦੋਹਾਂ ਪਾਸਿਓਾ ਇੱਕ-ਦੂਜੇ ਨੂੰ ਖ਼ਤਮ ਕਰਨ ਦੀਆਂ ਧਮਕੀਆਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ |
ਇਸ ਦੌਰਾਨ ਕਨੱ੍ਹਈਆ ਲਾਲ ਦੀ ਹੱਤਿਆ ਦੇ ਵਿਰੋਧ ਵਿੱਚ ਮੱਧ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਸੱਦੇ ਉੱਤੇ 100 ਦੇ ਕਰੀਬ ਮੁਜ਼ਾਹਰੇ ਕੀਤੇ ਗਏ, ਜਿਨ੍ਹਾਂ ਵਿੱਚ ਭੜਕਾਊ ਨਾਅਰੇ ਲਾਏ ਗਏ ਤੇ ਹਿੰਸਾ ਦੀਆਂ ਧਮਕੀਆਂ ਦਿੱਤੀਆਂ ਗਈਆਂ | ਇੰਦੌਰ ਵਿੱਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਬਜਰੰਗ ਦਲ ਦੇ ਆਗੂ ਰਾਜੇਸ਼ ਬਿਜਣੇ ਨੇ ਤਾਂ ਮੁਸਲਮਾਨਾਂ ਨੂੰ ਸਬਕ ਸਿਖਾਉਣ ਲਈ 2002 ਦੁਹਰਾਉਣ ਦੀ ਵੀ ਚੇਤਾਵਨੀ ਦੇ ਦਿੱਤੀ | ਯਾਦ ਰਹੇ ਕਿ 2002 ਵਿੱਚ ਗੁਜਰਾਤ ਅੰਦਰ ਮੁਸਲਮਾਨਾਂ ਦਾ ਵੱਡੇ ਪੱਧਰ ਉੱਤੇ ਕਤਲੇਆਮ ਕੀਤਾ ਗਿਆ ਸੀ | ਹਰਿਆਣਾ ਵਿੱਚ ਵੀ ਬਜਰੰਗ ਦਲ ਵੱਲੋਂ ਇੱਕ ਇਕੱਠ ਕਰਕੇ ਅਜਿਹੀਆਂ ਹੀ ਧਮਕੀਆਂ ਦਿੱਤੀਆਂ ਗਈਆਂ ਸਨ |
ਇਸੇ ਦੌਰਾਨ ਦੂਜੇ ਪੱਖ ਵੱਲੋਂ ਵੀ ਕਦੇ ਨੂਪੁਰ ਦੀ ਗਰਦਨ ਕੱਟਣ ਤੇ ਕਦੇ ਜ਼ੁਬਾਨ ਕੱਟਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ | ਬਰੇਲੀ ਦੇ ਇੱਕ ਨਾਸਿਰ ਨਾਂਅ ਦੇ ਵਿਅਕਤੀ ਨੇ ਇੱਕ ਵੀਡੀਓ ਜਾਰੀ ਕਰਕੇ ਨੂਪੁਰ ਦੀ ਗਰਦਨ ਕੱਟਣ ਦੀ ਧਮਕੀ ਦਿੱਤੀ ਹੈ, ਜਿਸ ਨੂੰ ਪੁਲਸ ਨੇ ਗਿ੍ਫ਼ਤਾਰ ਕਰ ਲਿਆ ਹੈ | ਹਰਿਆਣਾ ਦੇ ਇੱਕ ਸ਼ਖਸ ਨੇ ਵੀ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਜੋ ਵਿਅਕਤੀ ਨੂਪੁਰ ਦੀ ਜੀਭ ਕੱਟ ਕੇ ਲਿਆਵੇਗਾ, ਉਹ ਉਸ ਨੂੰ ਦੋ ਕਰੋੜ ਦੇਵੇਗਾ | ਇਰਸ਼ਾਦ ਨਾਂਅ ਦੇ ਇਸ ਵਿਅਕਤੀ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਸ ਤੋਂ ਪਹਿਲਾਂ ਅਜਮੇਰ ਦਰਗਾਹ ਦੇ ਖਾਦਿਮ ਨੇ ਵੀ ਅਜਿਹੀ ਹੀ ਧਮਕੀ ਦਿੱਤੀ ਸੀ, ਜੋ ਹੁਣ ਜੇਲ੍ਹ ਵਿੱਚ ਹੈ |
ਅਜਿਹੇ ਨਫ਼ਰਤ-ਭਰੇ ਮਾਹੌਲ ਵਿੱਚ ਦਿੱਲੀ ਤੋਂ ਇੱਕ ਭਾਈਚਾਰਕ ਪ੍ਰੇਮ ਦਾ ਬੱੁਲਾ ਆਇਆ ਹੈ | ਬੀਤੇ ਬੁੱਧਵਾਰ ਦੇਸ਼ ਦੇ ਪ੍ਰਮੁੱਖ ਮੁਸਲਿਮ ਸੰਗਠਨ ਜਮੀਅਤ-ਉਲੇਮਾ-ਏ-ਹਿੰਦ ਦੇ ਸੱਦੇ ਉੁੱਤੇ ਇੱਕ ਸਦਭਾਵਨਾ ਸੰਮੇਲਨ ਕੀਤਾ ਗਿਆ ਸੀ | ਇਸ ਵਿੱਚ ਜੈਨ ਧਰਮ ਗੁਰੂ ਅਚਾਰੀਆ ਲੋਕੇਸ਼ ਮੁਨੀ ਸਮੇਤ ਸਿੱਖ, ਇਸਾਈ ਤੇ ਬੁੱਧ ਧਰਮ ਦੇ ਨੁਮਾਇੰਦੇ ਵੀ ਸ਼ਾਮਲ ਹੋਏ | ਸੰਮੇਲਨ ਨੂੰ ਸੰਬੋਧਨ ਕਰਦਿਆਂ ਜਮੀਅਤ ਉਲੇਮਾ ਏ ਹਿੰਦ ਦੇ ਪ੍ਰਧਾਨ ਮੌਲਾਨਾ ਮਹਿਮੂਦ ਮਦਨੀ ਨੇ ਕਨੱ੍ਹਈਆ ਲਾਲ ਦਰਜੀ ਦੀ ਹੱਤਿਆ ਤੇ ਕੁਝ ਹੋਰ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ, ”ਨਫ਼ਰਤ ਨਾਲ ਨਫ਼ਰਤ ਨੂੰ ਨਹੀਂ ਹਰਾਇਆ ਜਾ ਸਕਦਾ | ਹਾਲ ਹੀ ਵਿੱਚ ਕੁਝ ਘਟਨਾਵਾਂ ਹੋਈਆਂ ਹਨ, ਜੇਕਰ ਕੋਈ ਕਹਿੰਦਾ ਹੈ ਕਿ ਇਹ ਕ੍ਰਿਆ ਦੀ ਪ੍ਰਤੀਕ੍ਰਿਆ ਹੈ ਤਾਂ ਉਹ ਬੇਈਮਾਨ ਹੈ | ਇਸਲਾਮ ਕਿਸੇ ਪ੍ਰਤੀਕ੍ਰਿਆ ਦੀ ਇਜਾਜ਼ਤ ਨਹੀਂ ਦਿੰਦਾ | ਇਸਲਾਮ ਮੁਹੱਬਤ ਦਾ ਪੈਗਾਮ ਦਿੰਦਾ ਹੈ | ਨਫ਼ਰਤ ਦਾ ਇਲਾਜ ਨਫ਼ਰਤ ਨਹੀਂ ਹੈ | ਜੇਕਰ ਅੱਗ ਲੱਗੀ ਹੋਵੇ ਤਾਂ ਪਾਣੀ ਦੀ ਜ਼ਰੂਰਤ ਹੁੰਦੀ ਹੈ, ਅੱਗ ਦੀ ਨਹੀਂ | ਨਫ਼ਰਤ ਦਾ ਇਲਾਜ ਮੁਹੱਬਤ ਹੈ |”
ਅਸਲ ਗੱਲ ਇਹ ਹੈ ਕਿ ਲੋਕ ਲੜਨਾ ਨਹੀਂ ਚਾਹੁੰਦੇ, ਸਿਆਸਤਦਾਨ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਲੋਕਾਂ ਨੂੰ ਲੜਾਉਂਦੇ ਹਨ | ਇਹ ਸੱਚਾਈ ਜਦੋਂ ਆਮ ਜਨਮਾਨਸ ਦੀ ਸਮਝ ਵਿੱਚ ਆ ਗਈ ਤਾਂ ਸਾਰੇ ਤਫਰਕੇ ਮਿਟ ਜਾਣਗੇ | ਇਸ ਲਈ ‘ਸਦਭਾਵਨਾ ਸੰਮੇਲਨ’ ਵਾਂਗ ਸਮੂਹਿਕ ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ |