ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਜੀਲੈਂਸ ਮੰਤਰੀ ਆਤਿਸ਼ੀ ਦੀ ਰਿਪੋਰਟ ਲੈਫਟੀਨੈਂਟ ਗਵਰਨਰ ਨੂੰ ਭੇਜ ਦਿੱਤੀ ਹੈ, ਜਿਸ ’ਚ ਮੁੱਖ ਸਕੱਤਰ ਨਰੇਸ਼ ਕੁਮਾਰ ’ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੇ ਪੁੱਤ ਦੀ ਹਿੱਸੇਦਾਰੀ ਵਾਲੀ ਕੰਪਨੀ ਅਤੇ ਆਈ ਐੱਲ ਬੀ ਐੱਸ ਵਿਚਾਲੇ ਲਾਭ ਲੈਣ ਲਈ ਸਹਿਯੋਗ ਕਰਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਹ ਰਿਪੋਰਟ ਵੀਰਵਾਰ ਨੂੰ ਵਿਜੀਲੈਂਸ ਮੰਤਰੀ ਨੇ ਕੇਜਰੀਵਾਲ ਨੂੰ ਸੌਂਪੀ। ਰਿਪੋਰਟ ’ਚ ਨਰੇਸ਼ ਕੁਮਾਰ ਨੂੰ ਮੁਅੱਤਲ ਕਰਨ ਅਤੇ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਤੋਂ ਜਾਂਚ ਕਰਵਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਮੁੱਖ ਸਕੱਤਰ ਨੇ ਰਿਪੋਰਟ ’ਚ ਦੋਸ਼ਾਂ ਨੂੰ ਹਾਸੋਹੀਣਾ ਅਤੇ ਬਕਵਾਸ ਕਰਾਰ ਦਿੱਤਾ ਹੈ। ਹੁਣ ਕੇਜਰੀਵਾਲ ਨੇ ਜਾਂਚ ਰਿਪੋਰਟ ਉਪ ਰਾਜਪਾਲ ਨੂੰ ਭੇਜ ਦਿੱਤੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਕੱਤਰ ਦੇ ਬੇਟੇ ਦੀ ਕੰਪਨੀ ਨੂੰ ਕਥਿਤ ਤੌਰ ’ਤੇ ਦਿੱਲੀ ਸਰਕਾਰ ਦੇ ਆਈ ਐੱਲ ਬੀ ਐੱਸ ਹਸਪਤਾਲ ਤੋਂ ਬਿਨਾਂ ਟੈਂਡਰ ਏ ਆਈ ਸਾਫਟਵੇਅਰ ਬਣਾਉਣ ਦਾ ਕੰਮ ਸੌਂਪਿਆ ਗਿਆ। ਨਾਲ ਹੀ ਦੋਸ਼ ਲਾਇਆ ਕਿ ਇਸ ਕੋਸ਼ਿਸ਼ ਨਾਲ ਕੰਪਨੀ ਨੂੰ ਕਰੋੜਾਂ ਰੁਪਏ ਦਾ ਲਾਭ ਪਹੁੰਚਾਇਆ ਗਿਆ। ਮੁੱਖ ਸਕੱਤਰ ਨੇ ਰਿਪੋਰਟ ਵਿੱਚ ਦੋਸ਼ਾਂ ਨੂੰ ਹਾਸੋਹੀਣਾ ਅਤੇ ਬਕਵਾਸ ਕਰਾਰ ਦਿੱਤਾ ਹੈ। ਉਹ 30 ਨਵੰਬਰ ਨੂੰ ਸੇਵਾਮੁਕਤ ਹੋਣ ਵਾਲੇ ਹਨ।