ਅੰਮਿ੍ਰਤਸਰ : ਜੇਲ੍ਹ ’ਚ ਬੰਦ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਸ਼ਨੀਵਾਰ ਅੰਮਿ੍ਰਤਸਰ ਅਦਾਲਤ ’ਚ ਪੇਸ਼ ਕੀਤਾ ਗਿਆ। ਉਹਨਾ ਨੂੰ ਅਦਾਲਤ ’ਚ ਪੇਸ਼ ਕਰਨ ਲਈ ਤਿਹਾੜ ਜੇਲ੍ਹ ਤੋਂ ਇੱਥੇ ਜੰਮੂ ਤਵੀ ਟਰੇਨ ਰਾਹੀਂ ਹੀ ਲਿਆਂਦਾ ਗਿਆ। ਉਨ੍ਹਾ ਨੂੰ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਖਲ ਮਾਣਹਾਨੀ ਦੇ ਕੇਸ ਦੇ ਸੰਬੰਧ ’ਚ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਦੌਰਾਨ ਸੰਜੇ ਸਿੰਘ ਨੇ ਕਿਹਾ ਕਿ ਮੋਦੀ ਦੀ ਤਾਨਾਸ਼ਾਹੀ ਖਿਲਾਫ ਲੜਾਈ ਜਾਰੀ ਰਹੇਗੀ। ਮੈਂ ਕਿਸੇ ਜੇਲ੍ਹ ਜਾਂ ਝੂਠੇ ਕੇਸ ਤੋਂ ਨਹੀਂ ਡਰਦਾ। ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਖਿਲਾਫ ਦਾਖਲ ਮਾਣਹਾਨੀ ਦੇ ਕੇਸ ’ਚ ਮਜੀਠੀਆ ਅਤੇ ਸੰਜੇ ਸਿੰਘ ਅਦਾਲਤ ਵਿੱਚ ਪੇਸ਼ ਹੋਏ, ਜਿੱਥੇ ਜੱਜ ਨੇ ਕੇਸ ਦੀ ਸੁਣਵਾਈ ਲਈ ਅਗਲੀ ਤਰੀਕ 16 ਦਸੰਬਰ ਪਾ ਦਿੱਤੀ। ਇਸ ਮੌਕੇ ਸੰਜੇ ਸਿੰਘ ਨੇ ਕਿਹਾ ਕਿ ਉਹ ਕਿਸੇ ਝੂਠੇ ਕੇਸ ਤੋਂ ਡਰਨ ਵਾਲੇ ਨਹੀਂ ਹਨ। ਜ਼ਿਕਰਯੋਗ ਹੈ ਕਿ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ’ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਹੋਰ ਨੇਤਾਵਾਂ ਨੇ ਨਸ਼ਾ ਤਸਕਰੀ ਦੇ ਦੋਸ਼ ਲਾਏ ਸਨ। ਇਸ ਮਾਮਲੇ ’ਚ ਸਾਬਕਾ ਕੈਬਨਿਟ ਮੰਤਰੀ ਨੇ ਅਦਾਲਤ ’ਚ ‘ਆਪ’ ਆਗੂਆਂ ਖਿਲਾਫ ਮਾਣਹਾਨੀ ਦਾ ਕੇਸ ਦਾਖਲ ਕੀਤਾ ਸੀ, ਜਿਸ ’ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਹੋਰ ਨੇਤਾਵਾਂ ਨੇ ਮਾਫੀ ਮੰਗੀ ਸੀ, ਜਦਕਿ ਸੰਜੇ ਸਿੰਘ ਇਸ ਮਾਮਲੇ ’ਚ ਅਜੇ ਵੀ ਕੇਸ ਲੜ ਰਹੇ ਹਨ।