27.5 C
Jalandhar
Friday, October 18, 2024
spot_img

ਪੰਜਾਬ ਹਰ ਖੇਤਰ ’ਚ ਕਰ ਰਿਹੈ ਲਾਸਾਨੀ ਵਿਕਾਸ : ਮੁੱਖ ਮੰਤਰੀ

ਹੁਸ਼ਿਆਰਪੁਰ (ਓ ਪੀ ਰਾਣਾ, ਬਲਬੀਰ ਸਿੰਘ ਸੈਣੀ)
ਪੰਜਾਬ ’ਚ ‘ਵਿਕਾਸ ਕ੍ਰਾਂਤੀ’ ਦੇ ਲਾਮਿਸਾਲ ਯੁੱਗ ਦਾ ਪਿੜ ਬੰਨ੍ਹਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਸ਼ਿਆਰਪੁਰ ਦੇ ਲੋਕਾਂ ਨੂੰ 867 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ/ ਨੀਂਹ ਪੱਥਰ ਅਤੇ ਐਲਾਨ ਕਰ ਕੇ ਵੱਡਾ ਤੋਹਫ਼ਾ ਦਿੱਤਾ। ਦੋਵਾਂ ਆਗੂਆਂ ਨੇ 550 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਮੈਡੀਕਲ ਕਾਲਜ ਸਮੇਤ ਕਈ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਸ਼ਹੀਦ ਊਧਮ ਸਿੰਘ ਦੇ ਨਾਂਅ ’ਤੇ ਬਣਨ ਵਾਲੇ ਇਸ ਕਾਲਜ ’ਚ ਐੱਮ ਬੀ ਬੀ ਅੱੈਸ ਦੀਆਂ 100 ਸੀਟਾਂ ਹੋਣਗੀਆਂ ਅਤੇ ਇਸ ਲਈ ਕੌਮੀ ਮੈਡੀਕਲ ਕਮਿਸ਼ਨ ਯੂ ਜੀ-ਐੱਮ ਐੱਸ ਆਰ-2023 ਤਹਿਤ 420 ਬਿਸਤਰਿਆਂ ਵਾਲਾ ਹਸਪਤਾਲ ਲੋੜੀਂਦਾ ਹੋਵੇਗਾ। ਦੋਵਾਂ ਮੁੱਖ ਮੰਤਰੀਆਂ ਨੇ ਪਿੰਡ ਖੁਰਾਲਗੜ੍ਹ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮੈਮੋਰੀਅਲ ਅਤੇ ਆਡੀਟੋਰੀਅਮ ਤੇ ਓਪਨ ਥੀਏਟਰ ਵੀ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਇਸ ਖੇਤਰ ਨੂੰ ਅੱਖੋਂ-ਪਰੋਖੇ ਕਰਦੀਆਂ ਰਹੀਆਂ ਹਨ, ਪਰ ਉਨ੍ਹਾ ਦੀ ਸਰਕਾਰ ਇਸ ਖੇਤਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਨੂੰ ਇੱਕ ਮਹਾਨ ਅਤੇ ਕ੍ਰਾਂਤੀਕਾਰੀ ਨੇਤਾ ਦੱਸਿਆ, ਜਿਸ ਨੇ ਆਮ ਆਦਮੀ ਨੂੰ ਭਾਰਤੀ ਰਾਜਨੀਤੀ ਦੇ ਕੇਂਦਰੀ ਮੰਚ ’ਤੇ ਲਿਆਉਣ ਦਾ ਹੌਸਲਾ ਕੀਤਾ ਹੈ। ਮਾਨ ਨੇ ਕਿਹਾ ਕਿ ਅੱਜ ਸੂਬੇ ਦੇ ਕੋਨੇ-ਕੋਨੇ ’ਚ ਬੇਮਿਸਾਲ ਵਿਕਾਸ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ ਆਮ ਆਦਮੀ ਸਰਕਾਰ ਦੇ ਮਹਿਜ਼ 18 ਮਹੀਨੇ ਦੇ ਸ਼ਾਸਨ ਦਾ ਨਤੀਜਾ ਹੈ। ਉਹਨਾ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਨੇ ਸੂਬੇ ਨੂੰ ਬਰਬਾਦੀ ਕੰਢੇ ਲਿਆ ਖੜ੍ਹਾ ਕੀਤਾ ਹੈ ਅਤੇ ਹੁਣ ਉਹ ਬੇਸ਼ਰਮੀ ਨਾਲ ਨੈਤਿਕਤਾ ਦਾ ਰਾਗ ਅਲਾਪਣ ਲੱਗੀਆਂ ਹੋਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਉਸ ਦੇ ਸਾਥੀਆਂ ਨੇ ਸੂਬੇ ਦੇ ਹਿੱਤ ਵੇਚੇ ਹਨ, ਆਮ ਆਦਮੀ ਦਾ ਜੀਵਨ ਬਰਬਾਦ ਕਰ ਦਿੱਤਾ ਹੈ ਅਤੇ ਹੁਣ ਉਹ ਆਮ ਆਦਮੀ ਪਾਰਟੀ ਨੂੰ ਮਲੰਗਾਂ ਦੀ ਪਾਰਟੀ ਕਹਿ ਕੇ ਪੰਜਾਬ ਦੇ ਨੌਜਵਾਨਾਂ ਦਾ ਅਪਮਾਨ ਕਰ ਰਹੇ ਹਨ। ਉਨ੍ਹਾ ਕਿਹਾ ਕਿ ਪਾਰਟੀ ਕੋਲ ਬੁੱਧੀਜੀਵੀ ਨੇਤਾ ਹਨ।
ਮੁੱਖ ਮੰਤਰੀ ਨੇ ਭਵਿੱਖਬਾਣੀ ਕਰਦਿਆਂ ਕਿਹਾ ਕਿ ਲੋਕ ਇਨ੍ਹਾਂ ਤਾਨਾਸ਼ਾਹ ਆਗੂਆਂ ਤੋਂ ਏਨੇ ਅੱਕ ਚੁੱਕੇ ਹਨ ਕਿ ਉਨ੍ਹਾਂ ਨੇ ਆਉਣ ਵਾਲੀਆਂ ਆਮ ਚੋਣਾਂ ’ਚ ਸੂਬੇ ਦੀਆਂ ਸਾਰੀਆਂ 13 ਅਤੇ ਚੰਡੀਗੜ੍ਹ ਦੀ ਇੱਕ ਸੀਟ ‘ਆਪ’ ਦੀ ਝੋਲੀ ’ਚ ਪਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਅੰਕੜਾ 13-0 ਦਾ ਹੋਵੇਗਾ। ਅਕਾਲੀ ਦਲ ਦੇ ਮੁਖੀ ਵੱਲੋਂ ਉਨ੍ਹਾ ਖਿਲਾਫ ਮਾਣਹਾਨੀ ਦਾ ਕੋਈ ਵੀ ਕੇਸ ਦਾਇਰ ਕਰਨ ਲਈ ਉਹ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾ ਕਿਹਾ ਕਿ ਉਹ ਬਾਦਲ ਪਰਵਾਰ ਦੀਆਂ ਕਰਤੂਤਾਂ ਨੂੰ ਲੋਕਾਂ ਸਾਹਮਣੇ ਨੰਗਾ ਕਰਨ ਲਈ ਇਸ ਕੇਸ ਦਾ ਸਵਾਗਤ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਲੋਕਾਂ ਨੇ ਮਹਿਲਾਂ ਜਾਂ ਵੱਡੇ ਘਰਾਂ ’ਚ ਰਹਿਣ ਵਾਲੇ ਅਤੇ ‘ਕਾਕਾ ਜੀ’ ਅਤੇ ‘ਬੀਬਾ ਜੀ’ ਦੇ ਨਾਵਾਂ ਨਾਲ ਜਾਣੇ ਜਾਂਦੇ ਆਗੂਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਇਹ ਮੌਕਾਪ੍ਰਸਤ ਆਗੂ ਕਦੇ ਵੀ ਲੋਕਾਂ ਦੇ ਨਾਲ ਨਹੀਂ ਖੜ੍ਹੇ, ਪਰ ਇਨ੍ਹਾਂ ਨੇ ਹਮੇਸ਼ਾ ਉਨ੍ਹਾਂ ਲੋਕਾਂ ਦਾ ਸਾਥ ਦਿੱਤਾ ਹੈ, ਜੋ ਉਨ੍ਹਾਂ ਦੇ ਨਿੱਜੀ ਹਿੱਤਾਂ ਲਈ ਫਾਇਦੇਮੰਦ ਸਨ। ਇਨ੍ਹਾਂ ਆਗੂਆਂ ਨੇ ਹਮੇਸ਼ਾ ਸੂਬੇ ਅਤੇ ਇੱਥੋਂ ਦੇ ਲੋਕਾਂ ਨਾਲੋਂ ਆਪਣੇ ਸਵਾਰਥਾਂ ਨੂੰ ਪਹਿਲ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ‘ਮੁਹਾਵਰੇ ਦੇ ਮਾਸਟਰ’ ਹਨ, ਜਿਨ੍ਹਾ ਆਪਣੇ ਪੂਰੇ ਕਾਰਜਕਾਲ ਦੌਰਾਨ ਲੋਕਾਂ ਨੂੰ ਬੇਵਕੂਫ ਬਣਾਇਆ ਹੈ। ਉਨ੍ਹਾ ਲੋਕਾਂ ਨੂੰ ਚੇਤੇ ਕਰਵਾਇਆ ਕਿ ਮੋਦੀ ਵੱਲੋਂ ਹਰੇਕ ਦੇ ਖਾਤੇ ’ਚ 15 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ, ਪਰ ਅਜੇ ਤੱਕ ਉਨ੍ਹਾ ਦੀਆਂ ਗੈਰ-ਯੋਜਨਾਬੱਧ ਨੀਤੀਆਂ ਕਾਰਨ ਲੋਕਾਂ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਦੋਵਾਂ ਨੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਆਮ ਜਨਤਾ ਨੂੰ ਮੂਰਖ ਬਣਾਇਆ ਹੈ। ਮੁੱਖ ਮੰਤਰੀ ਨੇ ਕਿਹਾ ਆਉਣ ਵਾਲੇ ਇੱਕ ਸਾਲ ਵਿੱਚ ਸੂਬੇ ਵਿੱਚ ਪੰਜ ਹੋਰ ਮੈਡੀਕਲ ਕਾਲਜ ਖੋਲ੍ਹੇ ਜਾਣਗੇ। ਆਉਣ ਵਾਲੇ ਸਾਲਾਂ ਵਿੱਚ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਹੋਵੇਗਾ। ਇਸ ਨਾਲ ਸੂਬੇ ਦੇ ਲੋਕਾਂ ਨੂੰ ਮਿਆਰੀ ਇਲਾਜ ਅਤੇ ਡਾਕਟਰੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਦੋਵਾਂ ਮੁੱਖ ਮੰਤਰੀਆਂ ਨੇ ਕਿਹਾ ਕਿ 148 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਪ੍ਰਾਜੈਕਟ ਲੋਕਾਈ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਤੇ ਫਲਸਫ਼ੇ ਬਾਰੇ ਜਾਣੂੰ ਕਰਵਾਉਣ ਵਿੱਚ ਸਹਾਈ ਹੋਵੇਗਾ। ਇਸ ਦੌਰਾਨ ਦੋਵਾਂ ਆਗੂਆਂ ਨੇ 30.82 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਬਜਵਾੜਾ ਤੇ ਕਿਲ੍ਹਾ ਬੈਰੋਂ ’ਚ ਬਣਨ ਵਾਲੇ ਸੀਵਰੇਜ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਹੁਸ਼ਿਆਰਪੁਰ ਵਿੱਚ ਫ਼ਰਦ ਕੇਂਦਰ ਨਾਲ ਤਹਿਸੀਲ ਇਮਾਰਤ ਦੇ ਨਿਰਮਾਣ ਦਾ ਵੀ ਨੀਂਹ ਪੱਥਰ ਰੱਖਿਆ, ਜਿਸ ਉਤੇ 5.29 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਇਮਾਰਤ ’ਚ ਐੱਸ ਡੀ ਐੱਮ ਦਫ਼ਤਰ, ਐੱਸ ਡੀ ਐੱਮ ਅਦਾਲਤ, ਤਹਿਸੀਲ ਦਫ਼ਤਰ, ਤਹਿਸੀਲਦਾਰ ਅਦਾਲਤ, ਸਬ-ਰਜਿਸਟਰੇਸ਼ਨ ਦਫ਼ਤਰ, ਕੰਟੀਨ, ਵੇਟਿੰਗ ਏਰੀਆ, ਮੀਟਿੰਗ ਰੂਮ, ਫ਼ਰਦ ਕੇਂਦਰ, ਰਿਕਾਰਡ ਰੂਮ ਅਤੇ ਹੋਰ ਸਹੂਲਤਾਂ ਹੋਣਗੀਆਂ। ਇਸੇ ਤਰ੍ਹਾਂ ਮੁਹੱਲਾ ਕੱਚਾ ਟੋਭਾ, ਨਿਊ ਸ਼ਾਂਤੀ ਨਗਰ, ਪ੍ਰੇਮਗੜ੍ਹ, ਨਿਊ ਬੈਂਕ ਕਲੋਨੀ ਅਤੇ ਬੂਥਗੜ੍ਹ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਲਈ 1.94 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਦੋਵਾਂ ਆਗੂਆਂ ਨੇ ਬਾਲਾ ਪੀਰ ਰੋਡ, ਟਾਂਡਾ ਰੋਡ ਤੋਂ ਮੁੱਖ ਸੜਕ ਬੇਗੋਵਾਲ ਦੇ ਨਿਰਮਾਣ ਅਤੇ ਬੇਗੋਵਾਲ ਸ਼ਹਿਰ ਵਿੱਚ ਨਾਲੇ ਦੇ ਦੋਵੇਂ ਪਾਸੇ ਇੰਟਰਲਾਕਿੰਗ ਟਾਇਲਾਂ ਲਾਉਣ ਦੇ ਪ੍ਰਾਜੈਕਟ ਦਾ ਵੀ ਨੀਂਹ ਪੱਥਰ ਰੱਖਿਆ, ਜਿਸ ਉਤੇ 1.52 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸੇ ਤਰ੍ਹਾਂ ਫਗਵਾੜਾ ’ਚ ਵੀ 14 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ। ਗੜ੍ਹਸ਼ੰਕਰ ਵਿਖੇ 1.36 ਕਰੋੜ ਰੁਪਏ ਦੀ ਲਾਗਤ ਨਾਲ 100 ਫੀਸਦੀ ਵਾਟਰ ਸਪਲਾਈ ਪਾਈਪ ਲਾਈਨ ਵਿਛਾਉਣ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਦੋਵਾਂ ਮੁੱਖ ਮੰਤਰੀਆਂ ਨੇ 22.68 ਕਰੋੜ ਰੁਪਏ ਦੀ ਲਾਗਤ ਨਾਲ ਸਾਰੇ ਜ਼ਿਲ੍ਹਿਆਂ ’ਚ ਖਾਲੀ ਪਈਆਂ ਪੰਚਾਇਤੀ ਜ਼ਮੀਨਾਂ ’ਤੇ ਚਾਰ ਏਕੜ ਰਕਬੇ ’ਚ ਖੇਡ ਮੈਦਾਨਾਂ ਦੀ ਉਸਾਰੀ ਲਈ ਇਕ ਵੱਡੇ ਪ੍ਰਾਜੈਕਟ ਦੀ ਸ਼ੁਰੂਆਤ ਵੀ ਕੀਤੀ। ਦੋਵਾਂ ਆਗੂਆਂ ਨੇ ਹਥਿਆਰਬੰਦ ਸੈਨਾਵਾਂ ਦੇ ਭਰਤੀ ਇਮਤਿਹਾਨਾਂ ਲਈ ਲੜਕਿਆਂ ਅਤੇ ਲੜਕੀਆਂ ਦੀ ਸਿਖਲਾਈ ਲਈ 26.96 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਐੱਸ ਬਹਾਦਰ ਅਮੀ ਚੰਦ ਸੋਨੀ ਇੰਸਟੀਚਿਊਟ ਦਾ ਉਦਘਾਟਨ ਵੀ ਕੀਤਾ, ਤਾਂ ਜੋ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਦਾਖਲਾ ਲੈਣ ਦੀ ਸਹੂਲਤ ਦਿੱਤੀ ਜਾ ਸਕੇ। ਉਨ੍ਹਾ 5.75 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ 30 ਬਿਸਤਰਿਆਂ ਵਾਲੇ ਮਦਰ ਐਂਡ ਚਾਈਲਡ ਹਸਪਤਾਲ ਵਿੰਗ ਲਈ ਨਵੀਂ ਇਮਾਰਤ ਵੀ ਸਮਰਪਿਤ ਕੀਤੀ। ਦੋਵਾਂ ਮੁੱਖ ਮੰਤਰੀਆਂ ਨੇ ਗੜ੍ਹਸ਼ੰਕਰ ਵਿਖੇ 0.80 ਕਰੋੜ ਦੀ ਲਾਗਤ ਨਾਲ ਹਾਲ ਹੀ ਵਿੱਚ ਅੱਪਗ੍ਰੇਡ ਕੀਤਾ ਸਬ-ਡਵੀਜ਼ਨ ਹਸਪਤਾਲ ਵੀ ਲੋਕਾਂ ਨੂੰ ਸਮਰਪਿਤ ਕੀਤਾ। ਇਸੇ ਤਰ੍ਹਾਂ ਮਾਹਿਲਪੁਰ ਵਿਖੇ ਨਵੇਂ ਬਣੇ ਆਮ ਆਦਮੀ ਕਲੀਨਿਕ ਨੂੰ ਵੀ ਦੋਵਾਂ ਮੁੱਖ ਮੰਤਰੀਆਂ ਵੱਲੋਂ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ 0.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਇਹ ਕਲੀਨਿਕ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਦੋਵਾਂ ਆਗੂਆਂ ਨੇ ਹਰਿਆਣਾ ਨਗਰ ਕੌਂਸਲ ਲਈ 3.14 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਦੀ ਸਹੂਲਤ ਦੇਣ ਦਾ ਵੀ ਐਲਾਨ ਕੀਤਾ। ਦੋਵਾਂ ਮੁੱਖ ਮੰਤਰੀਆਂ ਨੇ 500 ਵਿਅਕਤੀਆਂ ਦੀ ਸਮਰੱਥਾ ਵਾਲਾ ਮਲਟੀਪਰਪਜ਼ ਹਾਲ ਵੀ ਦਸੂਹਾ ਦੇ ਲੋਕਾਂ ਨੂੰ ਸਮਰਪਿਤ ਕੀਤਾ, ਜਿੱਥੇ ਲੋਕ ਮਾਮੂਲੀ ਕੀਮਤ ’ਤੇ ਵਿਆਹ, ਸਮਾਗਮ, ਇਕੱਠ, ਮੀਟਿੰਗਾਂ ਅਤੇ ਹੋਰ ਕੰਮ ਕਰ ਸਕਣਗੇ। ਇਹ ਪ੍ਰਾਜੈਕਟ 1.42 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਇਸੇ ਤਰ੍ਹਾਂ ਜਲ ਸਪਲਾਈ ਸਕੀਮ ਲਈ 100 ਕਰੋੜ ਰੁਪਏ ਦੀ ਲਾਗਤ ਆਈ ਹੈ। ਕਾਲੋਵਾਲ ਅਤੇ ਮੀਰਪੁਰ ਕੋਟਲੀ ਦੇ ਲੋਕਾਂ ਨੂੰ 1.59 ਕਰੋੜ ਰੁਪਏ ਦੀ ਲਾਗਤ ਵਾਲੇ ਟਿਊਬਵੈੱਲ, ਸਿਵਲ ਵਰਕ ਅਤੇ ਓ ਐੱਚ ਐੱਸ ਆਰ ਪ੍ਰਾਜੈਕਟ ਤੋਹਫੇ ਵਜੋਂ ਦਿੱਤੇ ਗਏ ਹਨ। ਟਾਹਲੀ ਅਤੇ ਬਘੌਰਾ (ਚੱਬੇਵਾਲ) ਦੇ ਲੋਕਾਂ ਨੂੰ ਕ੍ਰਮਵਾਰ 0.15 ਕਰੋੜ ਅਤੇ 0.20 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਟਿਊਬਵੈੱਲ ਦੀ ਤੋਹਫਾ ਦਿੱਤਾ ਗਿਆ। ਲੋਕਾਂ ਨੂੰ ਪੀਣ ਯੋਗ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਦੋਵਾਂ ਮੁਖ ਮੰਤਰੀਆਂ ਨੇ ਮੁਕੇਰੀਆਂ ਦੇ ਸੀਬੋ ਚੱਕ, ਭੋਜਪੁਰ, ਅਬਦੁੱਲਾਪੁਰ ਅਤੇ ਕਾਲੂ ਚਾਂਗ ਪਿੰਡਾਂ ਦੇ ਵਸਨੀਕਾਂ ਨੂੰ 1.85 ਕਰੋੜ ਰੁਪਏ ਦੀ ਲਾਗਤ ਨਾਲ ਟਿਊਬਵੈੱਲ, ਸਿਵਲ ਵਰਕ ਅਤੇ ਓ ਐੱਚ ਐੱਸ ਆਰ ਸਮੇਤ ਜਲ ਸਪਲਾਈ ਸਕੀਮ ਦਾ ਤੋਹਫ਼ਾ ਵੀ ਦਿੱਤਾ। ਉਨ੍ਹਾਂ ਢਿਲਵਾਂ ਸ਼ਹਿਰ ਵਿੱਚ 1.53 ਕਰੋੜ ਰੁਪਏ ਅਤੇ ਨਡਾਲਾ ਸ਼ਹਿਰ ਵਿੱਚ 1.18 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਅਤੇ ਐੱਨ ਪੀ ਭੁਲੱਥ ਵਿੱਚ ਨਵੇਂ ਬਣੇ ਕਲੱਸਟਰ ਫਾਇਰ ਬਿ੍ਰਗੇਡ ਦਫ਼ਤਰ ਦਾ ਉਦਘਾਟਨ ਕੀਤਾ, ਜੋ ਕਿ 0.45 ਕਰੋੜ ਰੁਪਏ ਦੀ ਲਾਗਤ ਨਾਲ ਹੋਰ ਗੁਆਂਢੀ ਯੂ ਐੱਲ ਬੀ ਨਡਾਲਾ, ਢਿੱਲਵਾਂ ਅਤੇ ਬੇਗੋਵਾਲ ਨੂੰ ਅਤੇ ਇਕ ਕਰੋੜ ਰੁਪਏ ਦੀ ਲਾਗਤ ਨਾਲ ਨਡਾਲਾ, ਢਿੱਲਵਾਂ, ਭੁਲੱਥ ਅਤੇ ਬੇਗੋਵਾਲ ਦੇ ਆਮ ਆਦਮੀ ਕਲੀਨਿਕਾਂ ਨੂੰ ਜੋੜੇਗਾ। ਦੋਵਾਂ ਮੁੱਖ ਮੰਤਰੀਆਂ ਨੇ ਹੁਸ਼ਿਆਰਪੁਰ ਦੇ ਲਾਜਵੰਤੀ ਆਊਟਡੋਰ ਸਟੇਡੀਅਮ ’ਚ ਅੱਠ ਲੇਨ ਅਥਲੈਟਿਕਸ ਸਿੰਥੈਟਿਕ ਟਰੈਕ ਅਤੇ ਸਰਕਾਰੀ ਕਾਲਜ, ਟਾਂਡਾ ’ਚ ਛੇ-ਛੇ ਕਰੋੜ ਰੁਪਏ ਦੀ ਲਾਗਤ ਨਾਲ ਅੱਠ ਲੇਨ ਅਥਲੈਟਿਕਸ ਸਿੰਥੈਟਿਕ ਟਰੈਕ ਬਣਾਉਣ ਦੀ ਯੋਜਨਾ ਦਾ ਵੀ ਐਲਾਨ ਕੀਤਾ। ਉਨ੍ਹਾਂ ਹੁਸ਼ਿਆਰਪੁਰ ਵਿੱਚ 6.77 ਕਰੋੜ ਦੀ ਲਾਗਤ ਨਾਲ ਜ਼ਿਲ੍ਹਾ ਹਸਪਤਾਲ ਦੀ ਇਮਾਰਤ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਵੀ ਐਲਾਨ ਕੀਤਾ। ਇਸੇ ਤਰ੍ਹਾਂ ਉਨ੍ਹਾਂ ਕਮਿਊਨਿਟੀ ਹੱੈਲਥ ਸੈਂਟਰ ਗੜ੍ਹਦੀਵਾਲਾ ਨੂੰ 8.05 ਕਰੋੜ ਰੁਪਏ ਦੀ ਲਾਗਤ ਨਾਲ ਅੱਪਗ੍ਰੇਡ ਕਰਨ, ਸੀ ਐੱਚ ਸੀ ਟਾਂਡਾ ਨੂੰ 2.40 ਕਰੋੜ ਰੁਪਏ ਦੀ ਲਾਗਤ ਨਾਲ ਅੱਪਗ੍ਰੇਡ ਕਰਨ ਅਤੇ ਸੀ ਐੱਚ ਸੀ ਬੁੱਢਾਬੜ ਨੂੰ 2.26 ਕਰੋੜ ਰੁਪਏ ਦੀ ਲਾਗਤ ਨਾਲ ਅੱਪਗ੍ਰੇਡ ਕਰਨ ਦਾ ਐਲਾਨ ਕੀਤਾ। ਦੋਵਾਂ ਮੁੱਖ ਮੰਤਰੀਆਂ ਨੇ ਇਹ ਵੀ ਕਿਹਾ ਕਿ ਟਾਂਡਾ ਵਿਖੇ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਐੱਸ ਡੀ ਐੱਮ ਦਫ਼ਤਰ ਅਤੇ ਅਦਾਲਤ, ਤਹਿਸੀਲਦਾਰ ਦਫ਼ਤਰ ਅਤੇ ਕਚਹਿਰੀ, ਵੇਟਿੰਗ ਏਰੀਆ, ਮੀਟਿੰਗ ਹਾਲ, ਫ਼ਰਦ ਕੇਂਦਰ, ਰਿਕਾਰਡ ਰੂਮ ਅਤੇ ਹੋਰ ਸਹੂਲਤਾਂ ਨਾਲ ਨਵੀਂ ਤਹਿਸੀਲ ਦੀ ਇਮਾਰਤ ਬਣਾਈ ਜਾਵੇਗੀ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਖਰਖਾਣ, ਪਿੱਪਲਵਾਲਾ, ਬੂਥਗੜ੍ਹ, ਨਾਰੀ, ਸਿੰਘਪੁਰ, ਭਾਮ, ਢੱਡੇ ਕਟਵਾਲ, ਹਰਸਾ ਮਾਨਸਰ, ਅੰਬਾਲਾ ਜੱਟਾਂ, ਕੋਈ, ਝੱਜ, ਕੁਰਾਲਾ ਕਲਾਂ, ਤਲਵੰਡੀ ਡੱਡੀਆਂ, ਬਾਬਕ, ਭੰਬੋਤਰ, ਚਮੂਹੀ, ਸਾਠਵਾਂ, ਸੰਸਾਰਪੁਰ, ਸਫਦਰਪੁਰ, ਤਲਵਾੜਾ ਸਿਟੀ, ਰਾਮਗੜ੍ਹ ਸੀਕਰੀ, ਦਾਰਾਪੁਰ, ਬਹੇੜਾ, ਮਸਤਪੁਰ, ਮਿਰਜ਼ਾਪੁਰ ਖਡਿਆਲਾ, ਭਾਗੋਵਾਲ ਅਤੇ ਮਾਹਿਲਪੁਰ ਵਿਖੇ 6.96 ਕਰੋੜ ਦੀ ਲਾਗਤ ਨਾਲ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ-1, ਭੂੰਗਾ, ਟਾਂਡਾ, ਦਸੂਹਾ ਅਤੇ ਸ੍ਰੀ ਹਰਗੋਬਿੰਦਪੁਰ ਬਲਾਕਾਂ ਵਿਖੇ ਨਵੀਂਆਂ ਲਾਇਬ੍ਰੇਰੀਆਂ ਖੋਲ੍ਹਣ ਉਤੇ 2.56 ਕਰੋੜ ਰੁਪਏ ਖਰਚੇ ਜਾਣਗੇ।

Related Articles

LEAVE A REPLY

Please enter your comment!
Please enter your name here

Latest Articles