ਮੁੰਬਈ : ਬਹੁਮੁੰਬਈ ਨਗਰ ਨਿਗਮ (ਬੀ ਅੱੈਮ ਸੀ) ਦੀ ਸ਼ਿਕਾਇਤ ’ਤੇ ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਗੁੱਟ ਦੇ ਨੇਤਾ ਅਤੇ ਵਿਧਾਇਕ ਅਦਿਤਿਆ ਠਾਕਰੇ, ਐੱਮ ਐੱਲ ਸੀ ਸੁਨੀਲ ਸ਼ਿੰਦੇ, ਸਚਿਨ ਅਹੀਰ, ਕਿਸ਼ੋਰੀ ਪੇਡਨੇਕਰ ਅਤੇ ਸਨੇਹਲ ਅੰਬੇਡਕਰ ਸਮੇਤ ਪਾਰਟੀ ਦੇ 20 ਹੋਰ ਨੇਤਾਵਾਂ ਅਤੇ ਵਰਕਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਅਧੂਰੇ ਡੇਲਿਸਲ ਰੋਡ ਪੁਲਸ ਨੂੰ ਜਨਤਾ ਲਈ ਖੁੱਲ੍ਹਾ ਐਲਾਨ ਕਰਨ ਨੂੰ ਲੈ ਕੇ ਕੀਤਾ ਗਿਆ ਹੈ। ਠਾਕਰੇ ਨੇ ਡੇਲਿਸਲ ਪੁਲ ਦੇ ਦੂਜੇ ਕੈਰੀਜਵੇ ’ਤੇ ਹੱਥ ’ਚ ਭਗਵਾਂ ਝੰਡਾ ਲੈ ਕੇ ਚੱਲਦੇ ਹੋਏ ਇੱਕ ਤਸਵੀਰ ਪੋਸਟ ਕੀਤੀ ਸੀ। ਇਸ ’ਚ ਉਨ੍ਹਾ ਨੇ ਲਿਖਿਆ ਸੀ, ‘ਅਸੀਂ ਖੋਖੇ ਸਰਕਾਰ (ਏਕਨਾਥ ਸ਼ਿੰਦੇ ਸਰਕਾਰ ਦਾ ਅਪਮਾਨਜਨਕ ਸੰਦਰਭ) ਦੇ ਵੀ ਆਈ ਪੀ ਨਹੀਂ ਚਾਹੁੰਦੇ। ਲੋਕ ਪ੍ਰੇਸ਼ਾਨ ਹਨ।’ ਐਨ ਐਮ ਜੋਸ਼ੀ ਮਾਰਗ ਪੁਲਸ ਨੇ ਕਿਹਾ, ‘ਅਸੀਂ ਬੀ ਐੱਮ ਸੀ, ਪੁਲ ਵਿਭਾਗ ਦੇ ਅਧਿਕਾਰੀ ਪੁਰਸ਼ੋਤਮ ਝੰਗਲੇ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਹੈ। ਇਹ ਸਾਰੇ ਲੋਅਰ ਪਰੇਲ ’ਚ ਡੇਲਿਸਲ ਪੁਲ ਦੇ ਕੰਮ ਦੀ ਦੇਖਰੇਖ ਕਰ ਰਹੇ ਹਨ। ਉਨ੍ਹਾ ਦੋਸ਼ ਲਾਇਆ ਕਿ ਲੇਨ ਮਾਰਕਿੰਗ, ਰੰਗ ਅਤੇ ਸਟ੍ਰੀਟ ਲੈਂਪ ਦਾ ਕੰਮ ਕੀਤਾ ਗਿਆ ਸੀ। ਡੇਲਿਸਲ ਰੋਡ ਪੁਲਸ, ਦੱਖਣ ਵੱਲ ਜਾਣ ਵਾਲੀ ਲੇਨ ’ਤੇ ਹਾਲੇ ਵੀ ਕੰਮ ਪੂਰਾ ਹੋਣਾ ਬਾਕੀ ਹੈ। ਇਸ ਦੇ ਬਾਵਜੂਦ ਉਨ੍ਹਾ ਨੇ ਸੋਸ਼ਲ ਮੀਡੀਆ ’ਤੇ ਦੇਖਿਆ ਕਿ ਪੁਲ ਦਾ ਉਦਘਾਟਨ ਅਦਿਤਿਆ ਠਾਕਰੇ ਨੇ ਹੋਰ ਪਾਰਟੀ ਵਰਕਰਾਂ ਦੇ ਨਾਲ ਕਰ ਦਿੱਤਾ। ਇਸ ਤਰ੍ਹਾਂ ਕਰਕੇ ਉਨ੍ਹਾ ਨੇ ਲੋਕਾਂ ਦੇ ਜੀਵਨ ਨੂੰ ਖ਼ਤਰੇ ’ਚ ਪਾ ਦਿੱਤਾ। ਉਨ੍ਹਾ ਨੇ ਐਂਟਰੀ ਪੁਆਇੰਟ ’ਤੇ ਲਾਏ ਗਏ ਬੈਰੀਕੇਡ ਨੂੰ ਵੀ ਹਟਾ ਦਿੱਤਾ।’ ਬੀ ਐੱਮ ਸੀ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਨਾਰੀਅਲ ਟੁੱਟਾ ਹੋਇਆ ਹੈ ਅਤੇ ਬੈਰੀਕੇਡ ਖੁੱਲ੍ਹੇ ਹਨ। ਇਸ ਬਾਰੇ ਬੀ ਐੱਮ ਸੀ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਪੁਲ ਨੂੰ ਫਿਰ ਤੋਂ ਬੰਦ ਕਰ ਦਿੱਤਾ ਗਿਆ ਅਤੇ ਬਾਅਦ ’ਚ ਮਾਮਲਾ ਦਰਜ ਕਰਾਉਣ ਦਾ ਫੈਸਲਾ ਕੀਤਾ ਗਿਆ।