ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਚੀਨੀ ਰਾਸ਼ਟਰਪਤੀ ਸ਼ੀ ਜਿੰਨਪਿੰਗ ਵਿਚਕਾਰ ਸਾਂਫਰਾਂਸਿਸਕੋ ਵਿੱਚ ਹੋਈ ਸਿਖਰ ਵਾਰਤਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਹੁਣ ਦੁਨੀਆ ਬਹੁਧਰੁਵੀ ਹੋ ਚੁੱਕੀ ਹੈ। ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਜਿਹੜਾ ਅਮਰੀਕਾ ਆਪੇ ਸਾਰੀ ਦੁਨੀਆ ਦਾ ਚੌਧਰੀ ਬਣਿਆ ਬੈਠਾ ਸੀ, ਆਖਰ ਉਸ ਨੇ ਇਸ ਹਕੀਕਤ ਨੂੰ ਪ੍ਰਵਾਨ ਕਰ ਲਿਆ ਹੈ।
ਚੀਨ ਦੀ ਬੈਲਟ ਐਂਡ ਰੋਡ ਪਹਿਲ ਦੀ ਸਫ਼ਲਤਾ, ਇੱਕ ਸੌ ਤੀਹ ਦੇਸ਼ਾਂ ਨਾਲ ਗਹਿਰੇ ਵਪਾਰਕ ਰਿਸ਼ਤੇ ਤੇ ਇਨ੍ਹਾਂ ਦੇਸ਼ਾਂ ਵਿੱਚ ਬੁਨਿਆਦੀ ਢਾਂਚੇ ਦੀ ਉਸਾਰੀ ਵਿੱਚ ਚੀਨ ਦੀ ਅਹਿਮ ਭੂਮਿਕਾ ਨੇ ਇੱਕ ਨਵੇਂ ਵਿਸ਼ਵੀਕਰਨ ਵੱਲ ਲੰਮੇ ਕਦਮ ਪੁੱਟ ਲਏ ਹਨ। ਚੀਨ ਦੀ ਵਿਚੋਲਗਿਰੀ ਨਾਲ ਸਾਊਦੀ ਅਰਬ ਤੇ ਈਰਾਨ ਵਿਚਾਲੇ ਦਹਾਕਿਆਂ ਪੁਰਾਣੇ ਵੈਰ ਦੇ ਦੋਸਤੀ ਵਿੱਚ ਬਦਲਣ ਨੇ ਅਰਬ ਦੇਸ਼ਾਂ ਲਈ ਵੀ ਅਮਨ ਦੇ ਨਵੇਂ ਰਾਹ ਖੋਲ੍ਹ ਦਿੱਤੇ ਹਨ।
ਸ਼ੁਰੂ ਵਿੱਚ ਤਾਂ ਪੱਛਮੀ ਕਾਰਪੋਰੇਟ ਮੀਡੀਏ ਨੇ ਚੀਨ ਵਿਰੁੱਧ ਜ਼ਹਿਰੀਲੀ ਮੁਹਿੰਮ ਛੇੜੀ ਰੱਖੀ ਸੀ। ਚੀਨ ਅੰਦਰ ਮਨੁੱਖੀ ਅਧਿਕਾਰਾਂ ਦੇ ਘਾਣ ਦੀਆਂ ਕਹਾਣੀਆਂ ਘੜੀਆਂ ਗਈਆਂ ਤੇ ਕੋਰੋਨਾ ਮਹਾਂਮਾਰੀ ਫੈਲਣ ਦਾ ਦੋਸ਼ ਉਸ ਦੇ ਸਿਰ ਮੜ੍ਹਿਆ ਗਿਆ, ਪਰ ਚੀਨ ਅਮਨਪੂਰਵਕ ਆਪਣੇ ਰਾਹ ’ਤੇ ਚਲਦਾ ਰਿਹਾ ਸੀ।
ਕਿਸੇ ਸਮੇਂ ਸੰਯੁਕਤ ਰਾਸ਼ਟਰ ਸਮੇਤ ਸਭ ਕੌਮਾਂਤਰੀ ਸੰਸਥਾਵਾਂ ਨੂੰ ਅਮਰੀਕਾ ਆਪਣੀ ਜੇਬ ਵਿੱਚ ਸਮਝਦਾ ਰਿਹਾ ਸੀ, ਪਰ ਹੁਣ ਸਮਾਂ ਬਦਲ ਚੁੱਕਾ ਹੈ। ਇਹ ਸੰਸਾਰ ਸਿਹਤ ਸੰਸਥਾ ਹੀ ਸੀ, ਜਿਸ ਨੇ ਕੋਰੋਨਾ ਦੇ ਫੈਲਣ ਲਈ ਚੀਨ ’ਤੇ ਲਾਏ ਜਾ ਰਹੇ ਦੋਸ਼ਾਂ ਦਾ ਖੰਡਨ ਕੀਤਾ ਸੀ। ਇਜ਼ਰਾਈਲ ਤੇ ਹਮਾਸ ਵਿਚਾਲੇ ਛਿੜੇ ਯੁੱਧ ਦੌਰਾਨ ਵੀ ਜੰਗਬੰਦੀ ਦੇ ਸਵਾਲ ’ਤੇ ਅਮਰੀਕਾ ਤੇ ਉਸ ਦੇ ਹਮਵਾਰੀ ਦੇਸ਼ ਕੌਮਾਂਤਰੀ ਭਾਈਚਾਰੇ ਵਿੱਚ ਪੂਰੀ ਤਰ੍ਹਾਂ ਨਿਖੜ ਚੁੱਕੇ ਹਨ।
ਰੂਸ ਵਿਰੁੱਧ ਛੇੜੇ ਯੁੱਧ ਵਿੱਚ ਨਾਟੋ ਦਾ ਮੋਹਰਾ ਯੂਕਰੇਨ ਬੁਰੀ ਤਰ੍ਹਾਂ ਪਿਟ ਚੁੱਕਾ ਹੈ। ਇਹ ਖ਼ਬਰ ਜਦੋਂ ਸਾਰੀ ਦੁਨੀਆ ਸਾਹਮਣੇ ਆ ਜਾਵੇਗੀ ਤਾਂ ਅਮਰੀਕਾ ਤੇ ਨਾਟੋ ਦੇ ਬਾਕੀ ਦੇਸ਼ ਮੰੂਹ ਦਿਖਾਉਣ ਜੋਗੇ ਨਹੀਂ ਰਹਿਣਗੇ। ਇਸ ਦੌਰਾਨ ਅਮਰੀਕੀ ਅਰਥਵਿਵਸਥਾ ਦਾ ਸੰਕਟ ਦਿਨੋ-ਦਿਨ ਡੂੰਘਾ ਹੋ ਰਿਹਾ ਹੈ। ਇਜ਼ਰਾਈਲ ਤੇ ਹਮਾਸ ਵਿਚਕਾਰ ਛਿੜੇ ਯੁੱਧ ਵਿੱਚ ਅਮਰੀਕਾ ਬੁਰੀ ਤਰ੍ਹਾਂ ਫਸ ਚੁੱਕਾ ਹੈ। ਇਜ਼ਰਾਈਲ ਦੀ ਅੰਨ੍ਹੀ ਹਮੈਤ ਕਾਰਨ ਦੁਨੀਆ ਭਰ ਵਿੱਚ ਅਮਰੀਕਾ ਦੀ ਤੋਏ-ਤੋਏ ਹੋ ਰਹੀ ਹੈ, ਇਸ ਹਾਲਤ ਵਿੱਚੋਂ ਨਿਕਲਣ ਲਈ ਅਮਰੀਕਾ ਤਰਲੋਮੱਛੀ ਹੋ ਰਿਹਾ ਹੈ।
ਦੂਜੇ ਪਾਸੇ ਕੌਮਾਂਤਰੀ ਪੱਧਰ ’ਤੇ ਚੀਨ ਦੀ ਸਥਿਤੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਉਸ ਨੇ ਆਪਣੀ ਪੂਰੀ ਤਾਕਤ ਆਪਣੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਾ ਰੱਖੀ ਹੈ। ਇਸ ਦੇ ਸਿੱਟੇ ਵਜੋਂ ਉਹ ਇੱਕ ਮਹਾਂਸ਼ਕਤੀ ਬਣ ਕੇ ਉੱਭਰ ਚੁੱਕਾ ਹੈ। ਅਮਰੀਕਾ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ ਕਿ ਉਸ ਦੇ ਚੀਨ ਨਾਲ ਸੰਬੰਧ ਸੁਖਾਵੇਂ ਹੋ ਸਕਣ, ਪਰ ਇਸ ਵਿਚਕਾਰ ਸਭ ਤੋਂ ਵੱਡਾ ਮਸਲਾ ਤਾਇਵਾਨ ਦਾ ਸੀ। ਚੀਨ ਤਾਇਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ। ਇਸ ਲਈ ਚੀਨ ਦੀ ਦੋ-ਟੁੱਕ ਸਮਝ ਸੀ ਕਿ ਪਹਿਲਾਂ ਅਮਰੀਕਾ ਇਸ ਬਾਰੇ ਆਪਣਾ ਰੁਖ ਸਪੱਸ਼ਟ ਕਰੇ। ਪਹਿਲਾਂ ਅਮਰੀਕਾ ਦੀ ਸਮਝ ਸੀ ਕਿ ਜੀ-20 ਦੇ ਦਿੱਲੀ ਸੰਮੇਲਨ ਦੌਰਾਨ ਉਹ ਸ਼ੀ ਜਿਨਪਿੰਗ ਨਾਲ ਗੱਲਬਾਤ ਕਰ ਲੈਣਗੇ, ਪਰ ਜਿਨਪਿੰਗ ਨੇ ਆਉਣ ਤੋਂ ਨਾਂਹ ਕਰ ਦਿੱਤੀ, ਜਿਸ ਬਾਇਡਨ ਨੇ ਨਿਰਾਸ਼ਾ ਪ੍ਰਗਟ ਕੀਤੀ। ਇਸ ਤੋਂ ਬਾਅਦ ਅਮਰੀਕਾ ਨੇ ਕੂਟਨੀਤਕ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਇਸ ਕੜੀ ਵਿੱਚ 26 ਤੋਂ 28 ਅਕਤੂਬਰ ਤੱਕ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਅਮਰੀਕਾ ਦੀ ਯਾਤਰਾ ਕੀਤੀ ਸੀ। ਉਥੋਂ ਦੇ ਵਿਦੇਸ਼ ਮੰਤਰੀ ਐਂਟਨੀ ਬ�ਿਕਨ ਦੇ ਭਰੋਸੇ ਤੋਂ ਬਾਅਦ ਹੀ ਜਿਨਪਿੰਗ ਦੀ ਯਾਤਰਾ ਦਾ ਐਲਾਨ ਕੀਤਾ ਗਿਆ।
ਜਿਨਪਿੰਗ ਨੇ ਬਾਇਡਨ ਨਾਲ ਗੱਲਬਾਤ ਸਮੇਂ ਸਪੱਸ਼ਟ ਕਰ ਦਿੱਤਾ ਕਿ ਤਾਇਵਾਨ ਦਾ ਚੀਨ ਨਾਲ ਰਲੇਵਾਂ ਹਰ ਹਾਲਤ ’ਚ ਹੋਵੇਗਾ। ਇਸ ਦੇ ਜਵਾਬ ਵਿੱਚ ਬਾਇਡਨ ਨੇ ਚੁੱਪ ਵੱਟੀ ਰੱਖੀ। ਇਸ ਤੋਂ ਪਹਿਲਾਂ ਅਮਰੀਕਾ ਤਾਇਵਾਨ ਦੀ ਅਜ਼ਾਦੀ ਦਾ ਹੋਕਾ ਦਿੰਦਾ ਰਹਿੰਦਾ ਸੀ। ਦੋਹਾਂ ਰਾਸ਼ਟਰਪਤੀਆਂ ਵਿੱਚ ਇਹ ਆਮ ਸਹਿਮਤੀ ਬਣੀ ਕਿ ਦੋਵੇਂ ਦੇਸ਼ ਬਰਾਬਰੀ ਦੀ ਭਾਵਨਾ ਨਾਲ ਅਮਨਪੂਰਵਕ ਪੇਸ਼ ਆਉਣਗੇ। ਦੋਵੇਂ ਇੱਕ ਦੂਜੇ ਨਾਲ ਰਹਿਣ ਲਈ ਨਵੇਂ ਰਾਹ ਲੱਭਣਗੇ। ਦੋਵੇਂ ਗੱਲਬਾਤ ਜਾਰੀ ਰੱਖਣਗੇ। ਦੋਵੇਂ ਸੰਯੁਕਤ ਰਾਸ਼ਟਰ ਦੇ ਐਲਾਨਨਾਮੇ ਦੀ ਰੱਖਿਆ ਕਰਨਗੇ ਤੇ ਟਕਰਾਅ ਤੋਂ ਬਚਣਗੇ।
ਅਮਰੀਕਾ ਤੇ ਚੀਨ ਵਿਚਕਾਰ ਟਕਰਾਅ ਟਾਲਣ ਦਾ ਫ਼ੈਸਲਾ ਵਿਸ਼ਵ ਲਈ ਅਮਨ ਦਾ ਰਾਹ ਹੈ। ਇਸ ਤੋਂ ਬਾਅਦ ਸਭ ਦੇਸ਼ਾਂ ਨੂੰ ਆਪਣੀਆਂ ਵਿਦੇਸ਼ ਨੀਤੀਆਂ ਦੀ ਘੋਖ ਕਰਨੀ ਪਵੇਗੀ। ਸਾਡੇ ਹਾਕਮਾਂ ਦੀ ਇਹ ਤੈਅਸ਼ੁਦਾ ਨੀਤੀ ਰਹੀ ਹੈ ਕਿ ਉਹ ਚੀਨ ਦੇ ਵਿਰੋਧ ਵਿੱਚ ਅਮਰੀਕਾ ਨਾਲ ਖੜ੍ਹਾ ਹੋਵੇਗਾ। ਹੁਣ ਜਦੋਂ ਅਮਰੀਕਾ ਤੇ ਚੀਨ ਨੇ ਦੋਹਾਂ ਵਿਚਕਾਰ ਸ਼ੁਰੂ ਹੋਈ ਠੰਢੀ ਜੰਗ ਨੂੰ ਬਰੇਕ ਲਾਉਣ ਦਾ ਫ਼ੈਸਲਾ ਕਰ ਲਿਆ ਹੈ ਤਾਂ ਸਾਡੇ ਹਾਕਮਾਂ ਨੂੰ ਵੀ ਆਪਣੀ ਨੀਤੀ ਨੂੰ ਨਵੇਂ ਸਿਰੇ ਤੋਂ ਵਿਚਾਰਨਾ ਚਾਹੀਦਾ ਹੈ। ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੇ ਸਰਹੱਦੀ ਝਗੜੇ ਨੂੰ ਦੋਹਾਂ ਦੇਸ਼ਾਂ ਦੇ ਫ਼ੌਜੀ ਅਧਿਕਾਰੀਆਂ ਦੀਆਂ ਮੀਟਿੰਗਾਂ ’ਤੇ ਹੀ ਨਹੀਂ ਛੱਡਣਾ ਚਾਹੀਦਾ, ਇਸ ਦੇ ਨਾਲ-ਨਾਲ ਰਾਜਨੀਤਕ ਪੱਧਰ ਦੀ ਗੱਲਬਾਤ ਦਾ ਰਾਹ ਖੋਲ੍ਹ ਕੇ ਝਗੜੇ ਨੂੰ ਨਿਬੇੜਨ ਲਈ ਅੱਗੇ ਵਧਣਾ ਚਾਹੀਦਾ ਹੈ।
-ਚੰਦ ਫਤਹਿਪੁਰੀ