ਵਾਸ਼ਿੰਗਟਨ : ਵ੍ਹਾਈਟ ਹਾਊਸ ਦੀ ਕੌਮੀ ਸੁਰੱਖਿਆ ਕੌਂਸਲ ਦੇ ਬੁਲਾਰੇ ਐਡਰਿਏਨ ਵਾਟਸਨ ਨੇ ਕਿਹਾ ਹੈ ਕਿ ਅਮਰੀਕਾ ਗਾਜ਼ਾ ’ਚ ਬੰਦੀ ਬਣਾਏ ਗਏ ਲੋਕਾਂ ਨੂੰ ਰਿਹਾਅ ਕਰਾਉਣ ਲਈ ਇਜ਼ਰਾਈਲ ਤੇ ਹਮਾਸ ਦਰਮਿਆਨ ਸਮਝੌਤੇ ਵਾਸਤੇ ਸਖਤ ਮਿਹਨਤ ਕਰ ਰਿਹਾ ਹੈ। ਬੁਲਾਰੇ ਨੇ ‘ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਦੇ ਜਵਾਬ ’ਚ ਕਿਹਾਅਸੀਂ ਅਜੇ ਤੱਕ ਕਿਸੇ ਸਮਝੌਤੇ ’ਤੇ ਨਹੀਂ ਪਹੁੰਚੇ ਹਾਂ, ਪਰ ਇਸ ਦੇ ਲਈ ਸਖਤ ਮਿਹਨਤ ਕਰ ਰਹੇ ਹਾਂ।
‘ਵਾਸ਼ਿੰਗਟਨ ਪੋਸਟ’ ਦੀ ਖਬਰ ਮੁਤਾਬਕ ਇਜ਼ਰਾਈਲ, ਅਮਰੀਕਾ ਤੇ ਹਮਾਸ ਇੱਕ ਅਸਥਾਈ ਸਮਝੌਤੇ ਲਈ ਸਹਿਮਤ ਹੋਏ ਹਨ, ਜਿਸ ਨਾਲ ਗਾਜ਼ਾ ’ਚ ਬੰਦੀ ਬਣਾਈਆਂ ਗਈਆਂ ਦਰਜਨਾਂ ਔਰਤਾਂ ਅਤੇ ਬੱਚਿਆਂ ਨੂੰ ਲੜਾਈ ’ਚ ਪੰਜ ਦਿਨਾਂ ਦੀ ਜੰਗਬੰਦੀ ਦੌਰਾਨ ਰਿਹਾਅ ਕੀਤਾ ਜਾ ਸਕੇਗਾ। ਖਬਰ ਵਿਚ ਕੁਝ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਪ੍ਰਕਿਰਿਆ ਅਗਲੇ ਕੁਝ ਦਿਨਾਂ ’ਚ ਸ਼ੁਰੂ ਹੋ ਸਕਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਗਾਜ਼ਾ ਵਿਚ ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਸ਼ਾਂਤੀ ਦੇਖੀ ਜਾ ਸਕਦੀ ਹੈ।
ਛੇ ਪੰਨਿਆਂ ਦੇ ਸਮਝੌਤੇ ਅਨੁਸਾਰ ਯੁੱਧ ਦੀਆਂ ਸਾਰੀਆਂ ਧਿਰਾਂ ਘੱਟੋ-ਘੱਟ ਪੰਜ ਦਿਨਾਂ ਲਈ ਜੰਗਬੰਦੀ ਦਾ ਐਲਾਨ ਕਰਨਗੀਆਂ। ਜਿਸ ਤੋਂ ਬਾਅਦ ਸ਼ੁਰੂਆਤੀ ਦਿਨਾਂ ’ਚ 50 ਜਾਂ ਇਸ ਤੋਂ ਵੱਧ ਬੰਦੀਆਂ ਨੂੰ ਇੱਕ ਥਾਂ ਇਕੱਠੇ ਕੀਤਾ ਜਾਵੇਗਾ ਤੇ ਹਰ 24 ਘੰਟਿਆਂ ’ਚ ਰਿਹਾਅ ਕੀਤਾ ਜਾਵੇਗਾ। ਹਾਲਾਂਕਿ ਇਹ ਸਪੱਸ਼ਟ ਨਹੀਂ ਕਿ ਹਮਾਸ 239 ਲੋਕਾਂ ਵਿੱਚੋਂ ਕਿੰਨੇ ਲੋਕਾਂ ਨੂੰ ਸਮਝੌਤੇ ਦੇ ਤਹਿਤ ਛੱਡੇਗਾ। ਇਜ਼ਰਾਈਲ, ਅਮਰੀਕਾ ਤੇ ਹਮਾਸ ਵਿਚਾਲੇ ਦੋਹਾ ’ਚ ਕਈ ਹਫਤਿਆਂ ਤੋਂ ਗੱਲਬਾਤ ਚੱਲ ਰਹੀ ਹੈ, ਜਿਸ ’ਚ ਸਮਝੌਤੇ ਲਈ ਢਾਂਚਾ ਤਿਆਰ ਕੀਤਾ ਗਿਆ ਹੈ। ਅਰਬ ਤੇ ਹੋਰ ਡਿਪਲੋਮੈਟਾਂ ਅਨੁਸਾਰ ਕਤਰ ਨੇ ਵਿਚੋਲੇ ਦੀ ਭੂਮਿਕਾ ਨਿਭਾਉਂਦੇ ਹੋਏ ਗੱਲਬਾਤ ਵਿਚ ਨੁਮਾਇੰਦਗੀ ਕੀਤੀ ਸੀ। ਸੰਯੁਕਤ ਰਾਸ਼ਟਰ ਦੀ ਟੀਮ ਨੇ ਐਤਵਾਰ ਖਾਨ ਯੂਨਿਸ ’ਚ ਗਾਜ਼ਾ ਦੇ ਸਭ ਤੋਂ ਵੱਡੇ ਸ਼ਿਫਾ ਹਸਪਤਾਲ ਦਾ ਦੌਰਾ ਕੀਤਾ ਤੇ ਕਿਹਾ ਕਿ ਹਸਪਤਾਲ ’ਚ ਸਿਰਫ 291 ਮਰੀਜ਼ ਹੀ ਰਹਿ ਗਏ ਹਨ। ਬਾਕੀ ਮਰੀਜ਼ਾਂ ਨੂੰ ਇਜ਼ਰਾਈਲ ਫੌਜ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ। ਜਿਹੜੇ ਮਰੀਜ਼ ਹਸਪਤਾਲ ’ਚ ਹਨ, ਉਨ੍ਹਾਂ ’ਚ 32 ਬੱਚੇ ਹਨ, ਜਿਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਹੈ। ਹਸਪਤਾਲ ਵਿਚ ਕੁਝ ਟਰਾਮਾ ਮਰੀਜ਼ ਤੇ ਰੀੜ੍ਹ ਦੀ ਹੱਡੀ ਦੇ ਜ਼ਖਮਾਂ ਤੋਂ ਪੀੜਤ ਵਿਅਕਤੀ ਹਨ, ਜੋ ਤੁਰ ਨਹੀਂ ਸਕਦੇ। ਇਨ੍ਹਾਂ ਦੀ ਦੇਖਭਾਲ ਲਈ 25 ਸਿਹਤ ਕਾਮਿਆਂ ਦਾ ਸਟਾਫ ਹਾਜ਼ਰ ਹੈ।