ਯੂਰੋਸ਼ਲਮ : ਯਮਨ ਦੇ ਹੂਤੀ ਬਾਗੀਆਂ ਨੇ ਲਾਲ ਸਾਗਰ ’ਚ ਇਜ਼ਰਾਈਲ ਨਾਲ ਸੰਬੰਧਤ ਅਤੇ ਭਾਰਤ ਜਾ ਰਹੇ ਮਾਲਵਾਹਕ ਜਹਾਜ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਜਹਾਜ਼ ਵਿਚ ਸਵਾਰ 25 ਚਾਲਕ ਦਲ ਦੇ ਮੈਂਬਰਾਂ ਨੂੰ ਬੰਦੀ ਬਣਾ ਲਿਆ ਹੈ। ਇਸ ਘਟਨਾ ਨਾਲ ਇਜ਼ਰਾਈਲ-ਹਮਾਸ ਜੰਗ ਕਾਰਨ ਖੇਤਰੀ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ ਅਤੇ ਸਮੁੰਦਰੀ ਮੋਰਚੇ ’ਤੇ ਜੰਗ ਛਿੜਨ ਦੀ ਸੰਭਾਵਨਾ ਹੈ। ਈਰਾਨ-ਸਮਰਥਕ ਹੂਤੀ ਬਾਗੀਆਂ ਨੇ ਕਿਹਾ ਕਿ ਉਹ ਗਾਜ਼ਾ ਦੇ ਹਮਾਸ ਸ਼ਾਸਕਾਂ ਵਿਰੁੱਧ ਇਜ਼ਰਾਈਲ ਦੀ ਮੁਹਿੰਮ ਦੇ ਅੰਤ ਤੱਕ ਕੌਮਾਂਤਰੀ ਪਾਣੀਆਂ ਵਿਚ ਇਜ਼ਰਾਈਲੀਆਂ ਨਾਲ ਸੰਬੰਧਤ ਜਾਂ ਮਾਲਕੀ ਵਾਲੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਂਦੇ ਰਹਿਣਗੇ।
ਦਿੱਲੀ ਦੀ ਹਵਾ ਫਿਰ ਵਿਗੜੀ
ਨਵੀਂ ਦਿੱਲੀ : ਦਿੱਲੀ ਅਤੇ ਇਸ ਦੇ ਨਾਲ ਲੱਗਦੇ ਸ਼ਹਿਰਾਂ ਵਿਚ ਸੋਮਵਾਰ ਮੁੜ ਹਵਾ ਦੀ ਗੁਣਵੱਤਾ ਵਿਗੜ ਗਈ। ਨਿਗਰਾਨ ਏਜੰਸੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਕਿਸੇ ਵੱਡੀ ਰਾਹਤ ਦੀ ਉਮੀਦ ਨਹੀਂ ਹੈ। ਰਾਜਧਾਨੀ ’ਚ ਏਅਰ ਕੁਆਲਿਟੀ ਇੰਡੈਕਸ ਸੋਮਵਾਰ ਸਵੇਰੇ 8 ਵਜੇ 338 ਸੀ, ਜੋ ਐਤਵਾਰ ਸ਼ਾਮ 4 ਵਜੇ 301 ਦਰਜ ਕੀਤਾ ਗਿਆ।
ਸੰਜੇ ਸਿੰਘ ਦੀ ਪਟੀਸ਼ਨ ’ਤੇ ਈ ਡੀ ਨੂੰ ਨੋਟਿਸ
ਨਵੀਂ ਦਿੱਲੀ : ਦਿੱਲੀ ਸ਼ਰਾਬ ਘੁਟਾਲੇ ਮਾਮਲੇ ’ਚ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਪਟੀਸ਼ਨ ’ਤੇ ਸੋਮਵਾਰ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਈ ਡੀ ਨੂੰ ਨੋਟਿਸ ਭੇਜਿਆ। ਦਰਅਸਲ, ਸੰਜੇ ਸਿੰਘ ਨੇ ਆਪਣੀ ਗਿ੍ਰਫਤਾਰੀ ਨੂੰ ਲੈ ਕੇ 4 ਨਵੰਬਰ ਨੂੰ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਦਿੱਲੀ ਹਾਈ ਕੋਰਟ ਨੇ ਉਨ੍ਹਾ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ।
ਖੇਤ ’ਚੋਂ ਡਰੋਨ ਬਰਾਮਦ
ਚੰਡੀਗੜ੍ਹ : ਬੀ ਐੱਸ ਐੱਫ ਨੇ ਸੋਮਵਾਰ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਮਹਿਦੀਪੁਰ ਦੇ ਬਾਹਰਵਾਰ ਪੰਜਾਬ ਪੁਲਸ ਨਾਲ ਮਿਲ ਕੇ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਖੇਤ ’ਚੋਂ ਚੀਨ ਦਾ ਬਣਿਆ ਕਵਾਡਕਾਪਟਰ ਬਰਾਮਦ ਕੀਤਾ। ਪਿਛਲੇ ਸੱਤ ਦਿਨਾਂ ’ਚ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚੋਂ ਬਰਾਮਦ ਇਹ ਅੱਠਵਾਂ ਡਰੋਨ ਹੈ।
ਗੁਰਪਤਵੰਤ ਪਨੂੰ ਖਿਲਾਫ ਕੇਸ
ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ ਨੇ ਏਅਰ ਇੰਡੀਆ ’ਤੇ ਸਫਰ ਕਰਨ ਵਾਲੇ ਯਾਤਰੀਆਂ ਨੂੰ ਧਮਕਾਉਣ ਲਈ ਅੱਤਵਾਦੀ ਐਲਾਨੇ ਗੁਰਪਤਵੰਤ ਪਨੂੰ ਅਤੇ ਉਸ ਦੀ ਪਾਬੰਦੀਸ਼ੁਦਾ ਜਥੇਬੰਦੀ ਐੱਸ ਐੱਫ ਜੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਮਨੀਪੁਰ ’ਚ ਦੋ ਗਰੁੱਪਾਂ ਵਿਚਾਲੇ ਗੋਲੀਬਾਰੀ, 2 ਮੌਤਾਂ
ਇੰਫਾਲ : ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿਚ ਸੋਮਵਾਰ ਹਿੰਸਾ ਦੀ ਤਾਜ਼ਾ ਘਟਨਾ ਵਿਚ ਦੋ ਵਿਰੋਧੀ ਸਮੂਹਾਂ ਵਿਚਾਲੇ ਗੋਲੀਬਾਰੀ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਗੋਲੀਬਾਰੀ ਹਾਰੋਥੈਲ ਅਤੇ ਕੋਬਸਾ ਪਿੰਡਾਂ ਦੇ ਵਿਚਕਾਰ ਪੈਂਦੀ ਥਾਂ ’ਤੇ ਹੋਈ। ਪੁਲਸ ਇਹ ਸਪੱਸ਼ਟ ਨਹੀਂ ਕਰ ਸਕੀ ਕਿ ਗੋਲੀਬਾਰੀ ਕਿਸ ਕਾਰਨ ਹੋਈ।