ਰਾਏ ਬਰੇਲੀ (ਯੂਪੀ) : ‘ਇਕ ਦੇਸ਼, ਇਕ ਚੋਣ’ ਦੀ ਸੰਭਾਵਨਾ ਤਲਾਸ਼ਣ ਵਾਲੀ ਕਮੇਟੀ ਦੇ ਮੁਖੀ ਤੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਵਿਚ ਸਾਰੀਆਂ ਚੋਣਾਂ ਇੱਕੋ ਸਮੇਂ ਕਰਵਾਉਣ ਦੇ ਵਿਚਾਰ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਦੇਸ਼ ਦੇ ਹਿੱਤ ’ਚ ਹੈ ਤੇ ਇਸ ਦਾ ਸਭ ਤੋਂ ਵੱਡਾ ਫਾਇਦਾ ਆਮ ਲੋਕਾਂ ਨੂੰ ਹੋਵੇਗਾ। ਰਾਏ ਬਰੇਲੀ ’ਚ ਨਿੱਜੀ ਪ੍ਰੋਗਰਾਮ ’ਚ ਆਏ ਸਾਬਕਾ ਰਾਸ਼ਟਰਪਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ‘ਇਕ ਦੇਸ਼, ਇਕ ਚੋਣ’ ਦਾ ਸਮਰਥਨ ਕਰਦੇ ਹੋਏ ਕਿਹਾ-ਇਸ ’ਚ ਕੋਈ ਵਿਤਕਰਾ ਨਹੀਂ ਹੈ। ਇਸ ’ਚ ਸਭ ਤੋਂ ਜ਼ਿਆਦਾ ਫਾਇਦਾ ਆਮ ਲੋਕਾਂ ਨੂੰ ਹੋਣ ਵਾਲਾ ਹੈ ਕਿਉਂਕਿ ਜੋ ਵੀ ਮਾਲੀਆ ਬਚੇਗਾ ਹੈ, ਉਸ ਨੂੰ ਵਿਕਾਸ ਕਾਰਜਾਂ ’ਚ ਵਰਤਿਆ ਜਾ ਸਕਦਾ ਹੈ। ਇਸ ਬਾਰੇ ਸੰਸਦੀ ਕਮੇਟੀ ਦੀ ਰਿਪੋਰਟ ਤੇ ਨੀਤੀ ਆਯੋਗ ਦੀ ਰਿਪੋਰਟ ਆ ਗਈ ਹੈ। ਭਾਰਤ ਦੇ ਚੋਣ ਕਮਿਸ਼ਨ ਦੀ ਰਿਪੋਰਟ ਆ ਚੁੱਕੀ ਹੈ ਅਤੇ ਕਈ ਹੋਰ ਕਮੇਟੀਆਂ ਦੀਆਂ ਰਿਪੋਰਟਾਂ ਵੀ ਆਈਆਂ ਹਨ, ਜਿਨ੍ਹਾਂ ’ਚ ਉਨ੍ਹਾਂ ਕਿਹਾ ਹੈ ਕਿ ‘ਇੱਕ ਦੇਸ਼-ਇੱਕ ਚੋਣ’ ਦੀ ਪ੍ਰਣਾਲੀ ਲਾਗੂ ਕੀਤੀ ਜਾਵੇ।