25.8 C
Jalandhar
Monday, September 16, 2024
spot_img

ਸਾਂ ਫਰਾਂਸਿਸਕੋ ਹਮਲੇ ਦੇ ਸੰਬੰਧ ’ਚ ਪੰਜਾਬ ’ਚ ਛਾਪੇਮਾਰੀ

ਨਵੀਂ ਦਿੱਲੀ : ਅਮਰੀਕਾ ਦੇ ਸਾਂ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ’ਤੇ ਖਾਲਿਸਤਾਨੀ ਸਮਰਥਕਾਂ ਵੱਲੋਂ ਕੀਤੇ ਹਮਲੇ ਦੀ ਜਾਂਚ ਦੇ ਸੰਬੰਧ ’ਚ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਪੰਜਾਬ ਅਤੇ ਹਰਿਆਣਾ ’ਚ 14 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਏਜੰਸੀ ਦੇ ਸੂਤਰਾਂ ਅਨੁਸਾਰ ਜਾਂਚ ਏਜੰਸੀ ਨੇ 14 ਨਵੰਬਰ ਨੂੰ ਆਪਸੀ ਕਾਨੂੰਨੀ ਸਹਾਇਤਾ ਸੰਧੀ ਦੇ ਤਹਿਤ ਅਮਰੀਕੀ ਅਧਿਕਾਰੀਆਂ ਤੋਂ ਸਬੂਤਾਂ ਦੀ ਬੇਨਤੀ ਕੀਤੀ ਸੀ।
ਸੂਤਰਾਂ ਨੇ ਦੱਸਿਆ ਕਿ ਸੀ ਸੀ ਟੀ ਵੀ ਫੁਟੇਜ਼ ਸਕੈਨਿੰਗ ਰਾਹੀਂ 45 ਚਿਹਰਿਆਂ ਦੀ ਪਛਾਣ ਕੀਤੀ ਗਈ ਹੈ। 21 ਸਤੰਬਰ ਨੂੰ ਏਜੰਸੀ ਨੇ ਵਣਜ ਦੂਤਘਰ ’ਤੇ ਹਮਲੇ ਅਤੇ ਭੰਨਤੋੜ ਦੇ ਮਾਰਚ 2023 ਦੇ ਮਾਮਲੇ ’ਚ ਲੋੜੀਂਦੇ 10 ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ ਅਤੇ ਆਮ ਲੋਕਾਂ ਤੋਂ ਉਨ੍ਹਾਂ ਬਾਰੇ ਜਾਣਕਾਰੀ ਮੰਗੀ ਸੀ।
ਪੰਜਾਬ ’ਚ ਮੋਗਾ, ਲੁਧਿਆਣਾ, ਗੁਰਦਾਸਪੁਰ, ਮੁਹਾਲੀ ਤੇ ਪਟਿਆਲਾ ਅਤੇ ਹਰਿਆਣਾ ’ਚ ਕੁਰਕਸ਼ੇਤਰ ਤੇ ਯਮੁਨਾਨਗਰ ਵਿਚ ਛਾਪੇ ਮਾਰੇ ਗਏ। ਏਜੰਸੀ ਨੇ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਕਰੀਬੀ ਦੱਸੇ ਜਾਂਦੇ ਤੇ ਕਿਸੇ ਵੇਲੇ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਦੇ ਨਜ਼ਦੀਕੀ ਰਹੇ ਸਰਬਜੀਤ ਸਿੰਘ ਕੰਗ ਉਰਫ ਸੀ ਆਰ ਦੇ ਖੰਨਾ ਇਲਾਕੇ ’ਚ ਪੈਂਦੇ ਪਿੰਡ ਬਾਹੋਮਾਜਰਾ ਵਿਚਲੇ ਘਰ ਅਤੇ ਜੀ ਟੀ ਰੋਡ ਭੱਟੀਆਂ ਵਿਖੇ ਨਸ਼ਾ ਛੁਡਾਊ ਕੇਂਦਰ ’ਤੇ ਛਾਪਾ ਮਾਰਿਆ। ਕੰਗ ਨੇ ਦਾਅਵਾ ਕੀਤਾ ਕਿ ਉਸ ਦੇ ਕੋਈ ਵਿਦੇਸ਼ੀ ਸੰਬੰਧ ਸਾਹਮਣੇ ਨਹੀਂ ਆਏ, ਜਿਸ ਤੋਂ ਬਾਅਦ ਟੀਮ ਨੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ। ਜੇ ਭਵਿੱਖ ’ਚ ਉਸ ਨੂੰ ਬੁਲਾਇਆ ਗਿਆ ਤਾਂ ਉਹ ਸਬੂਤ ਲੈ ਕੇ ਜਾਂਚ ’ਚ ਸ਼ਾਮਲ ਹੋਵੇਗਾ।
ਏਜੰਸੀ ਨੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਅਧੀਨ ਪੈਂਦੇ ਪਿੰਡ ਬੋਲੇਵਾਲ ’ਚ ਬਲਜੀਤ ਸਿੰਘ ਦੇ ਘਰ ਪੰਜ ਘੰਟੇ ਛਾਪਾ ਮਾਰਿਆ। ਬਲਜੀਤ ਸਿੰਘ ਅਮਰੀਕਾ ’ਚ ਰਹਿੰਦਾ ਹੈ ਅਤੇ ਦੀਪ ਸਿੱਧੂ ਫਾਊਂਡੇਸ਼ਨ ਤਹਿਤ ਸਮਾਜ ਸੇਵੀ ਕੰਮ ਕਰ ਰਿਹਾ ਹੈ। ਸ਼ੱਕ ਸੀ ਕਿ ਉਹ ਅਮਰੀਕਾ ’ਚ ਰਹਿ ਕੇ ਦੇਸ਼-ਵਿਰੋਧੀ ਅਤੇ ਅੱਤਵਾਦੀ ਗਤੀਵਿਧੀਆਂ ’ਚ ਵੀ ਸ਼ਾਮਲ ਹੈ।

Related Articles

LEAVE A REPLY

Please enter your comment!
Please enter your name here

Latest Articles