ਨਵੀਂ ਦਿੱਲੀ : ਅਮਰੀਕੀ ਅਖਬਾਰ ਫਾਇਨੈਂਸ਼ੀਅਲ ਟਾਈਮਜ਼ ਨੇ ਖਬਰ ਦਿੱਤੀ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਨਿਊ ਯਾਰਕ ’ਚ ਵੱਖਵਾਦੀ ਗੁਰਪਤਵੰਤ ਸਿੰਘ ਪਨੂੰ ਨੂੰ ਮਾਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ ਅਤੇ ਇਸ ਵਿਚ ਭਾਰਤ ਸਰਕਾਰ ਦੀ ਕਥਿਤ ਸ਼ਮੂਲੀਅਤ ’ਤੇ ਚਿਤਾਵਨੀ ਵੀ ਜਾਰੀ ਕੀਤੀ ਸੀ। ਭਾਰਤ ਸਰਕਾਰ ਵੱਲੋਂ ਫੌਰੀ ਤੌਰ ’ਤੇ ਪ੍ਰਤੀ�ਿਆ ਨਹੀਂ ਆਈ ਹੈ। ਇਸ ਤੋਂ ਦੋ ਮਹੀਨੇ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋਸ਼ ਲਾਇਆ ਸੀ ਕਿ ਉਨ੍ਹਾ ਕੋਲ ਪੁਖਤਾ ਸਬੂਤ ਹਨ ਕਿ ਵੈਨਕੂਵਰ ਵਿਚ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਭਾਰਤੀ ਏਜੰਟ ਸ਼ਾਮਲ ਸਨ। ਅਮਰੀਕੀ ਅਖਬਾਰ ਨੇ ਜਾਣਕਾਰਾਂ ਦੇ ਹਵਾਲੇ ਨਾਲ ਕਿਹਾ ਕਿ ਨਿਸ਼ਾਨੇ ’ਤੇ ਅਮਰੀਕਾ ਤੇ ਕੈਨੇਡਾ ਦਾ ਨਾਗਰਿਕ ਅਤੇ ਸਿੱਖਸ ਫਾਰ ਜਸਟਿਸ (ਐੱਸ ਐੱਫ ਜੇ) ਦਾ ਆਗੂ ਗੁਰਪਤਵੰਤ ਪਨੂੰ ਸੀ, ਜਿਹੜਾ ਕਿ ਖਾਲਿਸਤਾਨ ਲਈ ਲਹਿਰ ਚਲਾ ਰਿਹਾ ਹੈ। ਮਾਮਲੇ ਦੇ ਜਾਣਕਾਰਾਂ ਨੇ ਇਹ ਨਹੀਂ ਦੱਸਿਆ ਕਿ ਭਾਰਤ ਨੂੰ ਚਿਤਾਵਨੀ ਦੇਣ ਤੋਂ ਬਾਅਦ ਯੋਜਨਾ ਛੱਡ ਦਿੱਤੀ ਗਈ ਜਾਂ ਅਮਰੀਕਾ ਦੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਯੋਜਨਾ ਨਾਕਾਮ ਬਣਾ ਦਿੱਤੀ। ਅਖਬਾਰ ਮੁਤਾਬਕ ਇਕ ਬੰਦੇ ਨੇ ਦੱਸਿਆ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੂਨ ਵਿਚ ਵਾਸ਼ਿੰਗਟਨ ਆਏ ਸਨ ਤਾਂ ਅਮਰੀਕਾ ਨੇ ਪਨੂੰ ਖਿਲਾਫ ਸਾਜ਼ਿਸ਼ ਬਾਰੇ ਪ੍ਰੋਟੈੱਸਟ ਦਰਜ ਕਰਾਇਆ ਸੀ। ਡਿਪਲੋਮੈਟਿਕ ਚਿਤਾਵਨੀ ਦੇ ਇਲਾਵਾ ਘੱਟੋਘੱਟ ਇਕ ਕਥਿਤ ਸਾਜ਼ਿਸ਼ੀ ਦੇ ਖਿਲਾਫ ਨਿਊ ਯਾਰਕ ਜ਼ਿਲ੍ਹਾ ਅਦਾਲਤ ’ਚ ਸੀਲਬੰਦ ਰਿਪੋਰਟ ਵੀ ਦਿੱਤੀ ਗਈ। ਇਹ ਬੰਦਾ ਹੁਣ ਅਮਰੀਕਾ ਵਿੱਚੋਂ ਗਾਇਬ ਦੱਸਿਆ ਜਾਂਦਾ ਹੈ। ਅਮਰੀਕੀ ਨਿਆ ਵਿਭਾਗ ਸੋਚ ਰਿਹਾ ਹੈ ਕਿ ਉਹ ਰਿਪੋਰਟ ਨੂੰ ਨਸ਼ਰ ਕਰ ਦੇਵੇ ਜਾਂ ਕੈਨੇਡਾ ਵੱਲੋਂ ਨਿੱਝਰ ਮਾਮਲੇ ਦੀ ਜਾਂਚ ਪੂਰੀ ਕਰ ਲੈਣ ਤੱਕ ਉਡੀਕ ਕਰੇ।ਕੌਮੀ ਸੁਰੱਖਿਆ ਕੌਂਸਲ ਨੇ ਕਿਹਾ ਹੈ ਕਿ ਅਮਰੀਕਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੇ ਆਪਣੇ ਭਾਈਵਾਲਾਂ ਨਾਲ ਨਿੱਜੀ ਡਿਪਲੋਮੈਟਿਕ ਵਿਚਾਰ-ਵਟਾਂਦਰੇ ਬਾਰੇ ਟਿੱਪਣੀ ਨਹੀਂ ਕਰਦਾ, ਪਰ ਉਸ ਲਈ ਆਪਣੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ।


