ਮੌਜੂਦਾ ਹਾਕਮ ਸੱਤਾ ਹਾਸਲ ਕਰਨ ਲਈ ਹਰ ਨੀਵਾਣਾਂ ਛੋਹ ਸਕਦੇ ਹਨ। ਕੱਲ੍ਹ ਜਿਹੜਾ ਮੋਦੀ ਵਿਰੋਧੀ ਧਿਰਾਂ ਦੀਆਂ ਚੋਣ ਗਰੰਟੀਆਂ ਨੂੰ ਰਿਓੜੀਆਂ ਵੰਡਣ ਦਾ ਤਨਜ਼ ਕੱਸਦਾ ਸੀ, ਹੁਣ ਖੁਦ ਗਰੰਟੀਆਂ ਦਿੰਦਾ ਫਿਰਦਾ ਹੈ। ਚੰਗੀ ਗੱਲ ਇਹ ਹੈ ਕਿ ਵੱਖ-ਵੱਖ ਪਾਰਟੀਆਂ ਦੀਆਂ ਗਰੰਟੀਆਂ ਨੇ ਸੰਘ ਤੇ ਭਾਜਪਾ ਦੀ ਨਫ਼ਰਤੀ ਮੁਹਿੰਮ ਦਾ ਧੂੰਆਂ ਕੱਢ ਦਿੱਤਾ ਹੈ। ਇਸ ਵੇਲੇ ਭਾਜਪਾ ਨੂੰ ਆਪਣੀ ਹਾਰ ਦਾ ਡਰ ਏਨਾ ਸਤਾ ਰਿਹਾ ਹੈ ਕਿ ਹੁਣ ਉਸ ਨੂੰ ਬਲਾਤਕਾਰੀਆਂ ਦੀ ਵੀ ਸ਼ਰਨ ਵਿੱਚ ਜਾਣਾ ਪੈ ਰਿਹਾ ਹੈ।
ਰਾਜਸਥਾਨ ਦੀਆਂ ਹਰਿਆਣਾ ਨਾਲ ਲਗਦੀਆਂ ਵਿਧਾਨ ਸਭਾ ਸੀਟਾਂ ਵਿੱਚ ਮਦਦ ਲਈ ਦੋਹਰੇ ਬਲਾਤਕਾਰ ਤੇ ਕਤਲ ਦੇ ਦੋਸ਼ੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨ ਦੀ ਫਰਲੋ ’ਤੇ ਜੇਲ੍ਹੋਂ ਬਾਹਰ ਕੱਢ ਲਿਆ ਗਿਆ ਹੈ। ਬੀਤੇ ਮੰਗਲਵਾਰ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰਿਆ ਜੇਲ੍ਹ ਵਿੱਚੋਂ ਬਾਹਰ ਆ ਕੇ ਆਪਣੇ ਬਾਗਪਤ ਵਾਲੇ ਡੇਰੇ ਵਿੱਚ ਚਲਾ ਗਿਆ ਹੈ। ਰਾਜਸਥਾਨ ਵਿੱਚ 25 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਇਨ੍ਹਾਂ ਦਿਨਾਂ ਵਿੱਚ ਉਹ ਆਪਣੇ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਆਪਣੇ ਸ਼ਰਧਾਲੂਆਂ ਨੂੰ ਭਾਜਪਾ ਦੀ ਮਦਦ ਕਰਨ ਲਈ ਕਹੇਗਾ।
ਇਹ ਪਹਿਲੀ ਵਾਰ ਨਹੀਂ ਜਦੋਂ ਗੁਰਮੀਤ ਰਾਮ ਰਹੀਮ ਨੂੰ ਜੇਲ੍ਹੋਂ ਬਾਹਰ ਲਿਆਂਦਾ ਗਿਆ ਹੋਵੇ। ਪਿਛਲੇ ਤਿੰਨ ਸਾਲਾਂ ਵਿੱਚ ਉਹ 6 ਵਾਰ ਜੇਲ੍ਹੋਂ ਬਾਹਰ ਆ ਚੁੱਕਾ ਹੈ। ਇਸ ਤੋਂ ਇਲਾਵਾ ਦੋ ਵਾਰ ਮਾਂ ਦੀ ਬਿਮਾਰੀ ਦਾ ਕਹਿ ਕੇ ਵੀ ਉਸ ਨੂੰ ਦੋ ਦਿਨ ਦੀ ਛੁੱਟੀ ਦਿੱਤੀ ਗਈ ਸੀ। ਫਰਵਰੀ 2022 ਵਿੱਚ 21 ਦਿਨ, ਜੂਨ 22 ਵਿੱਚ 30 ਦਿਨ, ਅਕਤੂਬਰ 2023 ਵਿੱਚ 40 ਦਿਨ, ਜਨਵਰੀ 2023 ਵਿੱਚ ਫਿਰ 40 ਦਿਨ, ਜੁਲਾਈ 23 ਵਿੱਚ 30 ਦਿਨ ਤੇ ਹੁਣ ਨਵੰਬਰ ਵਿੱਚ 21 ਦਿਨ ਲਈ ਉਸ ਨੂੰ ਬਾਹਰ ਲਿਆਂਦਾ ਗਿਆ ਹੈ। ਇਸ ਤਰ੍ਹਾਂ ਉਹ ਕੁੱਲ 184 ਦਿਨ ਜੇਲ੍ਹੋਂ ਬਾਹਰ ਰਿਹਾ ਹੈ।
ਇਹ ਪਹਿਲੀ ਵਾਰ ਨਹੀਂ ਜਦੋਂ ਉਸ ਨੂੰ ਵਿਸ਼ੇਸ਼ ਮਨੋਰਥ ਲਈ ਬਾਹਰ ਲਿਆਂਦਾ ਗਿਆ ਹੋਵੇ। ਫਰਵਰੀ 22 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ। ਉਸ ਮੌਕੇ ਵੀ ਭਾਜਪਾ ਉਮੀਦਵਾਰਾਂ ਦੀ ਮਦਦ ਲਈ ਡੇਰਾ ਮੁਖੀ ਨੂੰ 21 ਦਿਨ ਦੀ ਛੁੱਟੀ ਦਿੱਤੀ ਗਈ ਸੀ। ਇਹ ਵੱਖਰੀ ਗੱਲ ਹੈ ਕਿ ਉਹ ਭਾਜਪਾਈਆਂ ਨੂੰ ਜਿਤਾ ਨਹੀਂ ਸਕਿਆ ਸੀ। ਅਕਤੂਬਰ 22 ਵਿੱਚ ਉਸ ਨੂੰ ਫਿਰ 40 ਦਿਨਾਂ ਲਈ ਬਾਹਰ ਲਿਆਂਦਾ ਗਿਆ ਤਾਂ ਜੋ ਹਰਿਆਣਾ ਦੀਆਂ ਪੰਚਾਇਤ ਚੋਣਾਂ ਤੇ ਆਦਮਪੁਰ ਦੀ ਜ਼ਿਮਨੀ ਚੋਣ ਵਿੱਚ ਉਸ ਦੀ ਮਦਦ ਲਈ ਜਾ ਸਕੇ।
ਯਾਦ ਰਹੇ ਕਿ ਗੁਰਮੀਤ ਰਾਮ ਰਹੀਮ ਨੂੰ ਅਗਸਤ 2017 ਵਿੱਚ ਆਪਣੀਆਂ ਦੋ ਚੇਲੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਇਲਾਵਾ ਡੇਰਾ ਮੁਖੀ ਨੂੰ 2019 ਵਿੱਚ ਇੱਕ ਪੱਤਰਕਾਰ ਦੇ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਹੋਈ ਸੀ। ਸਭ ਤੋਂ ਵੱਡਾ ਸਵਾਲ ਇਹ ਹੈ ਡੇਰਾ ਮੁਖੀ ’ਤੇ ਆਪਣੇ ਚੇਲਿਆਂ ਨੂੰ ਨਿਪੁੰਸਕ ਬਣਾਉਣ ਤੇ ਪੰਜਾਬ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਵਿੱਚ ਵੀ ਕੇਸ ਦਰਜ ਹਨ। ਆਮ ਲੋਕਾਂ ਦੇ ਕੇਸਾਂ ਵਿੱਚ ਸੁਰੱਖਿਆ ਏਜੰਸੀਆਂ ਚੱਲ ਰਹੇ ਕੇਸਾਂ ਦੌਰਾਨ ਦੋਸ਼ੀਆਂ ਦੀ ਜ਼ਮਾਨਤ ਦਾ ਇਹ ਕਹਿ ਕੇ ਵਿਰੋਧ ਕਰਦੀਆਂ ਹਨ ਕਿ ਮੁਲਜ਼ਮ ਗਵਾਹਾਂ ਨੂੰ ਪ੍ਰਭਾਵਤ ਕਰ ਸਕਦਾ ਹੈ। ਗੁਰਮੀਤ ਰਾਮ ਰਹੀਮ ਬਾਰੇ ਇਹ ਦਲੀਲ ਕੰਮ ਨਹੀਂ ਕਰਦੀ, ਕਿਉਂਕਿ ਉਹ ਹਾਕਮਾਂ ਦਾ ਬੰਦਾ ਹੈ। ਮੌਜੂਦਾ ਹਾਕਮ ਸੱਤਾ ਲਈ ਨੀਵੇਂ ਤੋਂ ਨੀਵਾਂ ਡਿਗ ਜਾਣ ਦਾ ਰਿਕਾਰਡ ਬਣਾ ਰਹੇ ਹਨ।



