ਰਾਜੌਰੀ : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਵੀਰਵਾਰ ਵੀ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਜਾਰੀ ਰਿਹਾ ਤੇ ਪਾਕਿਸਤਾਨੀ ਅੱਤਵਾਦੀ ਸਣੇ ਦੋ ਦਹਿਸ਼ਤਗਰਦ ਮਾਰੇ ਜਾ ਚੁੱਕੇ ਸਨ। ਫੌਜ ਨੇ ਇਕ ਦਹਿਸ਼ਤਗਰਦ ਦੀ ਪਛਾਣ ਕਾਰੀ ਵਜੋਂ ਕੀਤੀ ਹੈ, ਜੋ ਪਾਕਿਸਤਾਨੀ ਨਾਗਰਿਕ ਸੀ ਅਤੇ ਉਸ ਨੂੰ ਰਾਜੌਰੀ ਅਤੇ ਪੁਣਛ ’ਚ ਦਹਿਸ਼ਤਗਰਦੀ ਸੁਰਜੀਤ ਕਰਨ ਲਈ ਭੇਜਿਆ ਗਿਆ ਸੀ। ਫੌਜ ਦੇ ਸੂਤਰਾਂ ਅਨੁਸਾਰ ਉਹ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ ਈ ਡੀ) ਬਣਾਉਣ ’ਚ ਉੱਚ ਸਿਖਲਾਈ ਪ੍ਰਾਪਤ ਸੀ। ਉਸ ਨੂੰ ਪਾਕਿਸਤਾਨ ਅਤੇ ਅਫਗਾਨ ਮੋਰਚਿਆਂ ’ਤੇ ਸਿਖਲਾਈ ਦਿੱਤੀ ਗਈ ਸੀ। ਉਹ ਲਸ਼ਕਰ-ਏ-ਤਈਬਾ ਦਾ ਵੱਡਾ ਨੇਤਾ ਸੀ। ਇਸ ਮੁਕਾਬਲੇ ’ਚ ਬੁੱਧਵਾਰ ਦੋ ਕੈਪਟਨ ਅਤੇ ਚਾਰ ਜਵਾਨ ਸ਼ਹੀਦ ਹੋਏ ਸਨ। ਸ਼ਹੀਦ ਹੋਣ ਵਾਲਿਆਂ ’ਚ ਕੈਪਟਨ ਸ਼ੁਭਮ ਤੇ ਕੈਪਟਨ ਐਮ ਵੀ ਪ੍ਰਾਂਜਿਲ ਅਤੇ ਹੌਲਦਾਰ ਅਬਦੁਲ ਮਾਜਿਦ ਹਨ। ਵੀਰਵਾਰ ਦੀ ਗੋਲੀਬਾਰੀ ਦੌਰਾਨ ਵੀ ਇਕ ਜਵਾਨ ਸ਼ਹੀਦ ਹੋ ਗਿਆ। ਧਰਮਸਾਲ ਇਲਾਕੇ ਦੇ ਬਾਜੀਮਲ ਇਲਾਕੇ ’ਚ ਰਾਤ ਰੁਕਣ ਤੋਂ ਬਾਅਦ ਸਵੇਰੇ ਗੋਲੀਬਾਰੀ ਮੁੜ ਸ਼ੁਰੂ ਹੋਈ।
ਵਾਧੂ ਸੁਰੱਖਿਆ ਬਲਾਂ ਨੂੰ ਸੱਦ ਕੇ ਰਾਤ ਨੂੰ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦਹਿਸ਼ਤਗਰਦ ਇਸ ਖੇਤਰ ਤੋਂ ਭੱਜਣ ’ਚ ਕਾਮਯਾਬ ਨਾ ਹੋ ਸਕਣ ਕਿਉਂਕਿ ਇਹ ਸੰਘਣਾ ਜੰਗਲੀ ਇਲਾਕਾ ਹੈ।



