ਜਲੰਧਰ : ਪੰਜਾਬ ਅੰਦਰ ਅੱਤਵਾਦ ਦੇ ਦੌਰ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ, ਜਿਸ ਸਦਕਾ ਪੰਜਾਬ ’ਚ ਮੁੜ ਕਾਰੋਬਾਰ ਸ਼ੁਰੂ ਹੋ ਸਕੇ ਅਤੇ ਸ਼ਾਂਤੀ ਬਹਾਲ ਹੋ ਸਕੀ। ਜ਼ਿਲ੍ਹਾ ਜਲੰਧਰ ’ਚ ਮੋਹਰਲੀਆਂ ਕਤਾਰਾਂ ’ਚ ਸ਼ਾਮਲ ਕਈ ਲੀਡਰਾਂ ਨੇ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ’ਚ ਸ਼ਹੀਦ ਕਾਮਰੇਡ ਅਜੀਤ ਸਿੰਘ ਗਦਰਾ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਅੱਤਵਾਦੀਆਂ ਨੇ 25 ਨਵੰਬਰ 1988 ਨੂੰ ਸ਼ਹੀਦ ਕਰ ਦਿੱਤਾ ਸੀ। ਹਰ ਸਾਲ ਦੀ ਤਰ੍ਹਾਂ ਸ਼ਨੀਵਾਰ ਉਨ੍ਹਾ ਦੀ ਬਰਸੀ ਉਨ੍ਹਾ ਦੇ ਪਿੰਡ ਗਦਰਾ ਵਿਖੇ ਉਨ੍ਹਾ ਦੇ ਪਰਵਾਰ ਅਤੇ ਸੀ ਪੀ ਆਈ ਵੱਲੋਂ ਜੋਸ਼ੋ-ਖਰੋਸ਼ ਨਾਲ ਮਨਾਈ ਗਈ। ਸਭ ਤੋਂ ਪਹਿਲਾਂ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ’ਤੇ ਕਾਮਰੇਡ ਅਜੀਤ ਸਿੰਘ ਗਦਰੇ ਨੂੰ ਲਾਲ ਸਲਾਮ ਦੇ ਨਾਅਰਿਆਂ ਹੇਠ ਝੰਡਾ ਝੁਲਾਇਆ ਗਿਆ। ਝੰਡਾ ਮਾਸਟਰ ਪ੍ਰੇਮ ਸਿੰਘ ਬਿਲਗਾ, ਉਨ੍ਹਾ ਦੇ ਨਾਲ ਕਾਮਰੇਡ ਰਜਿੰਦਰ ਸਿੰਘ ਮੰਡ ਸਾਬਕਾ ਜ਼ਿਲ੍ਹਾ ਸਕੱਤਰ, ਰਸ਼ਪਾਲ ਕੈਲੇ ਜ਼ਿਲ੍ਹਾ ਸਕੱਤਰ ਤੇ ਕਾਮਰੇਡ ਸੰਦੀਪ ਦੋਲੀਕੇ ਨੇ ਝੁਲਾਇਆ। ਇਸ ਸਮਾਗਮ ਦੀ ਪ੍ਰਧਾਨਗੀ ਤਰਸੇਮ ਜੰਡਿਆਲਾ ਨੇ ਕੀਤੀ। ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਮਰੇਡ ਰਜਿੰਦਰ ਮੰਡ ਐਡਵੋਕੇਟ ਨੇ ਕਿਹਾ ਕਿ ਇਹ ਉਹ ਸ਼ਹੀਦ ਹਨ, ਜਿਨ੍ਹਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੁਰਬਾਨੀ ਦਿੱਤੀ। ਅਸਲ ’ਚ ਇਹ ਅਜ਼ਾਦੀ ਪਰਵਾਨਿਆਂ ਦੇ ਅਸਲ ਵਾਰਸ ਸਨ। ਅਜ਼ਾਦੀ ਪਰਵਾਨਿਆਂ ਦੇ ਜੋ ਸੁਪਨੇ ਸੀ, ਸਭ ਨੂੰ ਰੁਜ਼ਗਾਰ, ਸਿਹਤ ਸਹੂਲਤਾਂ ਤੇ ਮੁਫਤ ਵਿੱਦਿਆ ਅਜ਼ਾਦ ਭਾਰਤ ’ਚ ਹੋਣੀਆਂ ਚਾਹੀਦੀਆਂ ਹਨ, ਉਨ੍ਹਾਂ ਨੂੰ ਪੂਰਾ ਕਰਨ ਲਈ ਕਾਮਰੇਡ ਗਦਰਾ ਜੀ ਵਰਗੇ ਸਾਥੀ ਅੱਗੇ ਆਏ, ਜਿਨ੍ਹਾਂ ਨੇ 80ਵੇਂ ਦਹਾਕੇ ’ਚ ਅੱਤਵਾਦ ਲਹਿਰ ਦਾ ਮੁਕਾਬਲਾ ਇਸ ਤਰਕ ’ਤੇ ਕੀਤਾ ਸੀ ਕਿ ਜੇ ਨੌਜਵਾਨਾਂ ਨੂੰ ਰੁਜ਼ਗਾਰ ਤੇ ਵਿੱਦਿਆ ਮਿਲ ਜਾਵੇ ਤਾਂ ਹਾਲਾਤ ਸਾਜ਼ਗਾਰ ਹੋ ਸਕਦੇ ਹਨ। ਇਹ ਗੱਲ ਮੌਕੇ ਦੀਆਂ ਸਰਮਾਏਦਾਰ ਤਾਕਤਾਂ ਨੂੰ ਮਨਜ਼ੂਰ ਨਹੀਂ ਸੀ। ਇਸ ਕਰਕੇ ਸਾਡੇ ਹੀਰੇ ਵਰਗੇ ਸਾਥੀ ਨੂੰ ਕਾਲੀਆਂ ਤਾਕਤਾਂ ਰਾਹੀਂ ਖੋਹ ਲਿਆ ਗਿਆ। ਕਾਮਰੇਡ ਰਸ਼ਪਾਲ ਕੈਲੇ ਜ਼ਿਲ੍ਹਾ ਸਕੱਤਰ ਸੀ ਪੀ ਆਈ ਨੇ ਕਿਹਾ ਕਿ ਕਾਮਰੇਡ ਗਦਰਾ ਜੀ ਭਾਵੇਂ ਕਿ ਕਿਸਾਨੀ ਪਰਵਾਰ ਵਿੱਚੋਂ ਸੀ, ਪਰ ਉਨ੍ਹਾ ਮਜ਼ਦੂਰਾਂ ਤੇ ਛੋਟੀ ਕਿਸਾਨੀ ਲਈ ਬੜਾ ਡਟਵਾਂ ਕੰਮ ਕੀਤਾ। ਕਾਮਰੇਡ ਰਜਿੰਦਰ ਮੌਜੀ ਨੇ ਨਿੱਜੀ ਤਜਰਬੇ ਸਾਂਝੇ ਕੀਤੇ। ਕਾਮਰੇਡ ਚਰਨਜੀਤ ਥੰਮੂਵਾਲ ਨੇ ਕਿਹਾ ਕਿ ਉਹ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਦੇ ਮਸੀਹਾ ਸਨ, ਜੋ ਉਨ੍ਹਾਂ ਲਈ ਲੜਦੇ ਸ਼ਹੀਦ ਹੋ ਗਏ। ਹੋਰਨਾਂ ਤੋਂ ਇਲਾਵਾ ਮਾਸਟਰ ਪ੍ਰੇਮ ਸਿੰਘ ਬਿਲਗਾ, ਐਡਵੋਕੇਟ ਜੀ ਐੱਸ ਬਿਲਗਾ, ਕਾਮਰੇਡ ਜਗੀਰ ਮੋਆਈ ਅਤੇ ਕਾਮਰੇਡ ਸਿਕੰਦਰ ਸੰਧੂ ਨੇ ਵੀ ਸੰਬੋਧਨ ਕੀਤਾ। ਪ੍ਰੋਗਰਾਮ ਦੇ ਅਖੀਰ ’ਚ ਇੰਗਲੈਂਡ ’ਚੋਂ ਆਈ ਮਲਕੀਤ ਕੌਰ ਨੇ ਜਿੱਥੇ ਆਏ ਸਾਥੀਆਂ ਦਾ ਧੰਨਵਾਦ ਕੀਤਾ, ਉੱਥੇ ਆਪਣੇ ਪਿਤਾ ਜੀ ਕਾਮਰੇਡ ਰਤਨ ਸਿੰਘ ਦੋਲੀਕੇ ਨੂੰ ਵੀ ਯਾਦ ਕੀਤਾ ਅਤੇ ਕਾਮਰੇਡ ਅਜੀਤ ਸਿੰਘ ਗਦਰਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਾਰੇ ਪ੍ਰੋਗਰਾਮ ਦਾ ਪ੍ਰਬੰਧ ਕਾਮਰੇਡ ਗਦਰਾ ਜੀ ਦੇ ਪੋਤਰੇ ਜਸਪ੍ਰੀਤ, ਅਮਨਪ੍ਰੀਤ ਸਿੰਘ ਅਤੇ ਦੋਹਤੇ ਸੰਦੀਪ ਦੋਲੀਕੇ ਵੱਲੋਂ ਕੀਤਾ ਗਿਆ।





