47 C
Jalandhar
Friday, June 14, 2024
spot_img

ਗ਼ਦਰ ਲਹਿਰ ਦੀ ਫੇਰੂ ਸ਼ਹਿਰ ਵਾਲੀ ਪਹਿਲੀ ਘਟਨਾ ਸੰਬੰਧੀ ਸ਼ਹੀਦੀ ਸਮਾਗਮ

ਜਲੰਧਰ (ਕੇਸਰ)-ਪਿੰਡ ਮਿਸ਼ਰੀ ਵਾਲਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਲਹਿਰ ਦੇ ਸਾਥੀਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪਿੰਡ ’ਚ ਸਥਾਪਤ ਗ਼ਦਰੀ ਯੋਧੇ ਸੁਸਾਇਟੀ ਵੱਲੋਂ ਉੱਘੇ ਵਿਦਵਾਨ ਡਾ. ਗੁਰਬਖ਼ਸ਼ ਸਿੰਘ ਦੇ ਉੱਦਮ ਨਾਲ ਗ਼ਦਰੀ ਯੋਧਿਆਂ ਦੀ ਯਾਦ ’ਚ ਸਮਾਰੋਹ ਕੀਤਾ ਗਿਆ, ਜਿਸ ’ਚ ਡਾ. ਗੁਰਬਖ਼ਸ਼ ਸਿੰਘ, ਸੀਤਲ ਸਿੰਘ ਸੰਘਾ, ਇਤਿਹਾਸਕਾਰ ਚਰੰਜੀ ਲਾਲ ਕੰਗਣੀਵਾਲ, ਤਿਰਲੋਚਨ ਸਿੰਘ ਐਡੀਟਰ ਅੱਖਰ ਗਰੁੱਪ, ਵਿਸ਼ਾਲ ਬਿਆਸ ਐਡੀਟਰ ਅੱਖਰ ਗਰੁੱਪ, ਜੇ.ਪੀ.ਐੱਸ ਸਿੱਧੂ, ਡਾ. ਸੈਲੇਸ਼ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਦਿਆਂ 27 ਨਵੰਬਰ ਨੂੰ ਮਿਸ਼ਰੀ ਵਾਲਾ ਦੀ ਧਰਤੀ ’ਤੇ ਗ਼ਦਰੀ ਯੋਧਿਆਂ ਦੀ ਸ਼ਹੀਦੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਗਿ੍ਰਫ਼ਤਾਰੀ ਦੇ ਇਤਿਹਾਸ ਸੰਬੰਧੀ ਵਿਸਥਾਰ ’ਚ ਚਾਨਣਾ ਪਾਇਆ। ਇਤਿਹਾਸਕਾਰ ਚਰੰਜੀ ਲਾਲ ਕੰਗਣੀਵਾਲ ਨੇ ਗ਼ਦਰ ਲਹਿਰ ਦੀ ਇਸ ਪਹਿਲੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ਼ਦਰੀ ਦੇਸ਼ ਭਗਤਾਂ ਦਾ ਇਥੇ ਥਾਣੇਦਾਰ ਬੁਸ਼ਾਰਤ ਅਲੀ, ਜ਼ੈਲਦਾਰ ਜਵਾਲਾ ਸਿੰਘ ਅਤੇ ਸਾਬਕਾ ਜ਼ੈਲਦਾਰ ਨਾਲ ਹੋਈ ਟੱਕਰ ਸਮੇਂ ਚੰਦਾ ਸਿੰਘ ਵੜੈਚ ਅਤੇ ਭਾਈ ਧਿਆਨਾ ਸਿੰਘ ਉਮਰਪੁਰਾ, ਅਜਨਾਲਾ ਮੌਕੇ ’ਤੇ ਸ਼ਹੀਦ ਹੋ ਗਏ ਸਨ। ਬਾਕੀ ਗ਼ਦਰੀਆਂ ਉਪਰ ਚੱਲੇ ਮੁਕੱਦਮੇ ਵਿੱਚ ਫਾਂਸੀ ਦੀ ਸਜ਼ਾ ਦੇ ਕੇ ਸ਼ਹੀਦ ਕੀਤੇ ਗਏ ਸਨ। ਇਨ੍ਹਾਂ ਵਿੱਚ ਗ਼ਦਰ ਪਾਰਟੀ ਦੇ ਖ਼ਜ਼ਾਨਚੀ ਪੰਡਿਤ ਕਾਂਸ਼ੀ ਰਾਮ ਮੜੌਲੀ ਅਤੇ ਲਾਲ ਸਿੰਘ ਸਾਹਿਬਆਣਾ ਵੀ ਸ਼ਾਮਲ ਸਨ।
ਇਸ ਮੌਕੇ ਹਲਕਾ ਵਿਧਾਇਕ ਰਜਨੀਸ਼ ਦਹੀਯਾ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਮਾਸਟਰ ਗੁਰਨਾਮ ਸਿੰਘ ਨੇ ਵੀ ਹਾਜ਼ਰੀ ਭਰਦਿਆਂ ਸ਼ਹੀਦਾਂ ਨੂੰ ਯਾਦ ਕੀਤਾ ਤੇ ਪਿੰਡ ਵਾਸੀਆਂ ਦੀ ਮੰਗ ’ਤੇ ਗ਼ਦਰੀ ਯੋਧਿਆਂ ਦੀ ਯਾਦ ’ਚ ਸਮਾਰਕ ਬਣਾਉਣ ਦਾ ਭਰੋਸਾ ਦਿੱਤਾ। ਸੁਸਾਇਟੀ ਪ੍ਰਧਾਨ ਸੁਖਮੰਦਰ ਸਿੰਘ ਢਿੱਲੋਂ, ਉਪ ਪ੍ਰਧਾਨ ਭੁਪਿੰਦਰ ਸਿੰਘ, ਸਕੱਤਰ ਦਲੇਰ ਸਿੰਘ ਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਆਏ ਮਹਿਮਾਨਾਂ ਦਾ ਮਿਮੈਂਟੋ ਦੇ ਕੇ ਸਨਮਾਨ ਕੀਤਾ। ਸਮਾਗਮ ਦੀ ਸਮਾਪਤੀ ’ਤੇ ਗੁਰਬਖ਼ਸ਼ ਸਿੰਘ ਵੱਲੋਂ 13 ਗ਼ਦਰੀ ਯੋਧਿਆਂ ਦੀਆਂ ਬੇਮਿਸਾਲ ਕੁਰਬਾਨੀਆਂ ਦੀ ਯਾਦ ’ਚ ਕਰਵਾਏ ਸਮਾਗਮ ’ਤੇ ਪਹੁੰਚੇ ਇਤਿਹਾਸਕਾਰਾਂ, ਮੁੱਖ ਮਹਿਮਾਨਾਂ ਤੇ ਨਗਰ ਵਾਸੀਆਂ ਦਾ ਧੰਨਵਾਦ ਕੀਤਾ।

Related Articles

LEAVE A REPLY

Please enter your comment!
Please enter your name here

Latest Articles