ਨਿਊ ਯਾਰਕ : ਭਾਰਤੀ ਮੂਲ ਦੇ 23 ਸਾਲਾ ਵਿਦਿਆਰਥੀ ਨੂੰ ਨਿਊ ਜਰਸੀ ’ਚ ਆਪਣੇ ਦਾਦਾ-ਦਾਦੀ ਅਤੇ ਚਾਚੇ ਦਾ ਕਤਲ ਕਰਨ ਦੇ ਦੋਸ਼ ਹੇਠ ਗਿ੍ਰਫਤਾਰ ਕੀਤਾ ਗਿਆ ਹੈ। ਪੁਲਸ ਮੁਤਾਬਕ ਓਮ ਬ੍ਰਹਮ ਭੱਟ ਉੱਤੇ ਦਿਲੀਪ ਕੁਮਾਰ ਬ੍ਰਹਮ ਭੱਟ (72), ਬਿੰਦੂ ਬ੍ਰਹਮ ਭੱਟ (72) ਅਤੇ ਯਸ਼ ਕੁਮਾਰ ਬ੍ਰਹਮ ਭੱਟ (38) ਨੂੰ ਗੋਲੀ ਮਾਰਨ ਦਾ ਦੋਸ਼ ਹੈ। ਪੁਲਸ ਮੁਤਾਬਕ ਗੁਆਂਢੀ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਅਧਿਕਾਰੀ ਸਵੇਰੇ 9 ਵਜੇ ਦੇ ਕਰੀਬ ਮੌਕੇ ’ਤੇ ਪਹੁੰਚੇ ਅਤੇ ਤਿੰਨ ਲਾਸ਼ਾਂ ਦੇਖੀਆਂ। ਓਮ ਕੁਝ ਮਹੀਨੇ ਪਹਿਲਾਂ ਹੀ ਨਿਊ ਜਰਸੀ ਆਇਆ ਸੀ। ਗੋਲੀਬਾਰੀ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ, ਪਰ ਗੁਆਂਢੀ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਪੁਲਸ ਨੂੰ ਬੁਲਾਇਆ ਗਿਆ। ਗੁਆਂਢੀ ਅਨੁਸਾਰ ਘਰੇਲੂ ਹਿੰਸਾ ਕਾਰਨ ਪਹਿਲਾਂ ਵੀ ਇੱਕ ਵਾਰ ਇੱਥੇ ਪੁਲਸ ਬੁਲਾਈ ਗਈ ਸੀ। ਪੁਲਸ ਨੇ ਜਾਂਚ ਦੌਰਾਨ ਕਿਹਾ ਕਿ ਇਹ ਹਿੰਸਾ ਦੀ ਕੋਈ ਅਚਾਨਕ ਘਟਨਾ ਨਹੀਂ।