ਉੱਤਰਕਾਸ਼ੀ ਸੁਰੰਗ ਵਿੱਚ ਫਸੇ 41 ਮਜ਼ਦੂਰ ਲੰਮੀ ਜੱਦੋਜਹਿਦ ਤੋਂ ਬਾਅਦ ਆਖਰ ਸਹੀ-ਸਲਾਮਤ ਬਾਹਰ ਆ ਗਏ ਹਨ। ਭਾਰਤ ਸਰਕਾਰ ਦੀਆਂ ਸਭ ਏਜੰਸੀਆਂ ਤੇ ਆਧੁਨਿਕ ਤਕਨੀਕ ਦੇ ਨਾਕਾਮ ਹੋਣ ਤੋਂ ਬਾਅਦ ਆਖਰ ਹੱਥੀਂ ਖੁਦਾਈ ਦਾ (ਰੈਟ ਹੋਲ ਮਾਈਨਿੰਗ) ਜੁਗਾੜ ਹੀ ਕੰਮ ਆਇਆ। ਰੈਟ ਹੋਲ ਮਾਈਨਿੰਗ, ਜਿਸ ਨੂੰ ਅਸੀਂ ਚੂਹੇ ਵਾਂਗ ਖੁੱਡ ਖੋਦਣਾ ਵੀ ਕਹਿ ਸਕਦੇ ਹਾਂ, ਸਾਡੇ ਦੇਸ਼ ਵਿੱਚ ਗੈਰ-ਕਾਨੂੰਨੀ ਕਰਾਰ ਦਿੱਤੀ ਹੋਈ ਹੈ। ਇਸ ਦੇ ਬਾਵਜੂਦ ਸੀਵਰ ਲਾਈਨਾਂ ਤੇ ਗਟਰਾਂ ਦੀ ਸਫ਼ਾਈ ਹਾਲੇ ਵੀ ਮਜ਼ਦੂਰਾਂ ਵੱਲੋਂ ਹੱਥੀਂ ਕੀਤੀ ਜਾਂਦੀ ਹੈ। ਇਹ ਉਹੋ ਹੀ ਮਜ਼ਦੂਰ ਸਨ, ਜਿਨ੍ਹਾਂ ਨੂੰ ਇਸ ਕਿੱਤੇ ਕਾਰਨ ਸਨਮਾਨ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ। ਇਸ ਕਿੱਤੇ ਵਿੱਚ ਉਹੋ ਲੋਕ ਹਨ, ਜੋ ਕਿਸੇ ਸਮੇਂ ਸਾਡੇ ਘਰਾਂ ਵਿੱਚੋਂ ਮਨੁੱਖੀ ਮਲ ਹੱਥੀਂ ਚੁੱਕਦੇ ਹੁੰਦੇ ਸਨ। ਅੱਜ ਵੀ ਇਹ ਲੋਕ ਗਟਰਾਂ ਤੇ ਸੀਵਰ ਪਾਈਪਾਂ ਦੀ ਸਫ਼ਾਈ ਕਰਕੇ ਆਪ ਦਾ ਪੇਟ ਪਾਲਦੇ ਹਨ।
ਅੱਜ ਸਾਰਾ ਦੇਸ਼ ਇਨ੍ਹਾਂ ਕਿਰਤੀਆਂ ਦਾ ਰਿਣੀ ਹੈ। ਸੁਰੰਗ ਵਿੱਚ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਇੱਕ ਸਮੇਂ ਕੌਮਾਂਤਰੀ ਮਾਹਰ ਅਰਨੋਲਡ ਨੇ ਵੀ ਲਗਭਗ ਹੱਥ ਖੜ੍ਹੇ ਕਰਕੇ ਕਹਿ ਦਿੱਤਾ ਸੀ ਕਿ ਮਜ਼ਦੂਰਾਂ ਨੂੰ ਬਾਹਰ ਆਉਣ ਲਈ �ਿਸਮਸ ਤੱਕ ਭਾਵ ਇੱਕ ਮਹੀਨਾ ਹੋਰ ਉਡੀਕ ਕਰਨੀ ਪਵੇਗੀ। ਅਮਰੀਕੀ ਮਸ਼ੀਨ ਦੇ ਫੇਲ੍ਹ ਹੋਣ ਤੋਂ ਬਾਅਦ ਉਨ੍ਹਾ ਦੀ ਉਮੀਦ ਸੁਰੰਗ ਦੇ ਉੱਪਰੋਂ ਕੀਤੀ ਜਾ ਰਹੀ ਡਰਿ�ਿਗ ’ਤੇ ਟਿਕੀ ਹੋਈ ਸੀ, ਪਰ ਇਸ ਵਿੱਚ ਇੱਕ ਖ਼ਤਰਾ ਵੀ ਸੀ ਕਿ ਕਿਤੇ ਡਰਿ�ਿਗ ਦੌਰਾਨ ਉੱਪਰੋਂ ਹੋਰ ਮਲਬਾ ਨਾ ਡਿਗ ਪਵੇ।
ਆਖਰ ਨੂੰ ਭਾਰਤ ਦੀ ਉਸੇ ਦੇਸੀ ਤਕਨੀਕ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਗਿਆ, ਜੋ ਸਦੀਆਂ ਤੋਂ ਸੁਰੰਗਾਂ ਖੋਦਣ ਲਈ ਮਜ਼ਦੂਰ ਤਬਕਾ ਕਰਦਾ ਆ ਰਿਹਾ ਸੀ।
ਇਸ ਕੰਮ ਲਈ 12 ਮਜ਼ਦੂਰ ਲਿਆਂਦੇ ਗਏ, ਜਿਨ੍ਹਾਂ ਨੇ ਗੈਂਤੀਆਂ ਤੇ ਹੱਥ ਡਰਿੱਲਾਂ ਨਾਲ ਮਲਬਾ ਬਾਹਰ ਕੱਢਣਾ ਸੀ। ਪਹਿਲਾਂ ਇਹ ਖ਼ਬਰ ਆਈ ਕਿ ਰਹਿੰਦੇ 12 ਕੁ ਮੀਟਰ ਦੇ ਮਲਬੇ ਨੂੰ ਵੀਰਵਾਰ ਤੱਕ ਹਟਾ ਲਿਆ ਜਾਵੇਗਾ, ਪਰ ਮਿਹਨਤੀ ਮਜ਼ਦੂਰਾਂ ਨੇ ਮੰਗਲਵਾਰ ਨੂੰ ਹੀ ਫਤਿਹ ਹਾਸਲ ਕਰ ਲਈ ਸੀ। ਉਂਜ ਭਾਵੇਂ ਇਹ ਸਾਰੇ ਮਜ਼ਦੂਰਾਂ ਦੀ ਮਿਹਨਤ ਦਾ ਨਤੀਜਾ ਹੈ, ਪਰ ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਅੰਦਰ ਜਾਣ ਵਾਲੇ ਮੰੁਨਾ ਕੁਰੈਸ਼ੀ ਤੇ ਵਕੀਲ ਖਾਨ ਸਨ। ਖੁਦਾਈ ਸਮੇਂ ਉੱਪਰੋਂ ਮਲਬਾ ਵੀ ਡਿਗਣ ਦਾ ਖ਼ਤਰਾ ਸੀ, ਪਰ ਕਿਰਤੀਆਂ ਨੇ ਜਾਨ ਦੀ ਪਰਵਾਹ ਨਾ ਕਰਦਿਆਂ ਆਪਣੇ ਫ਼ਰਜ਼ ਨੂੰ ਅੰਜਾਮ ਤੱਕ ਪੁਚਾ ਦਿੱਤਾ। ਮੰਗਲਵਾਰ ਨੂੰ ਜਦੋਂ 41 ਮਜ਼ਦੂਰ ਬਾਹਰ ਆਏ ਤਾਂ ਗੋਦੀ ਮੀਡੀਆ ਉੱਤੇ ਵੀ ਆਈ ਪੀ ਆਗੂਆਂ ਦੇ ਕਸੀਦੇ ਪੜ੍ਹੇ ਜਾ ਰਹੇ ਸਨ, ਪਰ ਸੋਸ਼ਲ ਮੀਡੀਆ ’ਤੇ ਮੁੰਨਾ ਕੁਰੈਸ਼ੀ ਤੇ ਵਕੀਲ ਖਾਨ ਛਾਏ ਹੋਏ ਸਨ।
ਮੁੰਨਾ ਕੁਰੈਸ਼ੀ ਤੇ ਉਸ ਦੇ ਸਾਥੀ ਦਿੱਲੀ ਦੀ ਟਰੈਂਚਲੈਸ ਇੰਜੀਨੀਅਰਿੰਗ ਕੰਪਨੀ ਵਿੱਚ ਕੰਮ ਕਰਦੇ ਹਨ। ਇਹ ਕੰਪਨੀ ਸੀਵਰ ਤੇ ਪਾਣੀ ਦੀਆਂ ਲਾਈਨਾਂ ਨੂੰ ਸਾਫ਼ ਕਰਨ ਦਾ ਕੰਮ ਕਰਦੀ ਹੈ। ਮੁੰਨਾ ਕੁਰੈਸ਼ੀ ਤੇ ਉਸ ਦੇ ਸਾਥੀਆਂ ਨੇ ਸੋਮਵਾਰ ਨੂੰ ਕੰਮ ਸ਼ੁਰੂ ਕਰਕੇ ਮੰਗਲਵਾਰ ਨੂੰ ਮੁਕੰਮਲ ਕਰ ਲਿਆ ਸੀ।
ਮੁੰਨਾ ਕੁਰੈਸ਼ੀ ਨੇ ਦੱਸਿਆ, ‘‘ਅਸੀਂ ਹੌਲੀ-ਹੌਲੀ ਮਲਬਾ ਹਟਾ ਕੇ ਅੱਗੇ ਵਧ ਰਹੇ ਸਾਂ। ਜਦੋਂ ਮੈਂ ਆਖਰੀ ਚਟਾਨ ਹਟਾਈ ਤਾਂ ਫਸੇ ਮਜ਼ਦੂਰ ਮੇਰੇ ਸਾਹਮਣੇ ਸਨ। ਉਨ੍ਹਾਂ ਮੈਨੂੰ ਗਲ ਨਾਲ ਲਾ ਕੇ ਤਾੜੀਆਂ ਵਜਾਈਆਂ ਤੇ ਮੇਰਾ ਧੰਨਵਾਦ ਕੀਤਾ।’’ ਇੱਕ ਅਖ਼ਬਾਰੀ ਰਿਪੋਰਟ ਮੁਤਾਬਕ ਬਾਕੀ ਖੁਦਾਈ ਮਜ਼ਦੂਰਾਂ ਵਿੱਚ ਵਕੀਲ ਖਾਨ, ਫਿਰੋਜ਼, ਪ੍ਰਸਾਦੀ ਲੋਧੀ ਤੇ ਵਿਪਿਨ ਰਾਵਤ ਸਨ, ਜੋ ਸਭ ਤੋਂ ਪਹਿਲਾਂ ਫਸੇ ਮਜ਼ਦੂਰਾਂ ਕੋਲ ਪਹੁੰਚੇ। ਉਹ ਅੱਧਾ ਘੰਟਾ ਅੰਦਰ ਹੀ ਫਸੇ ਮਜ਼ਦੂਰਾਂ ਕੋਲ ਰਹੇ।
ਸੋਸ਼ਲ ਮੀਡੀਆ ਉੱਤੇ ਇਨ੍ਹਾਂ ਖੁਦਾਈ ਮਜ਼ਦੂਰਾਂ ਲਈ ਸ਼ਲਾਘਾ ਦਾ ਹੜ੍ਹ ਆਇਆ ਹੋਇਆ ਹੈ। ਲੋਕ ਇਸ ਨੂੰ ਭਾਰਤ ਦੀ ਅਸਲੀ ਤਾਕਤ ਯਾਨਿ ਹਿੰਦੂ-ਮੁਸਲਿਮ ਏਕਤਾ ਦੀ ਜਿੱਤ ਵਜੋਂ ਪੇਸ਼ ਕਰ ਰਹੇ ਹਨ। ਸੂਰੀਆ ਪ੍ਰਤਾਪ ਸਿੰਘ ਆਈ ਏ ਐੱਸ (ਰਿਟਾ.) ਨੇ ਟਵੀਟ ਕੀਤਾ ਹੈ, ‘‘ਵਕੀਲ ਖਾਨ ਤੇ ਮੁੰਨਾ ਕੁਰੈਸ਼ੀ ਆਪਣੀ ਜਾਨ ’ਤੇ ਖੇਡ ਗਏ। 41 ਮਜ਼ਦੂਰਾਂ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਹੁਣ ਅੰਧਭਗਤ ਉਨ੍ਹਾਂ ਨੂੰ ਪਾਕਿਸਤਾਨ ਤਾਂ ਨਹੀਂ ਭੇਜਣਗੇ।’’ ਸ਼ਿਵਮ ਯਾਦਵ ਲਿਖਦੇ ਹਨ, ‘‘ਪੂਰੇ ਦੇਸ਼ ਨੂੰ ਮੁੰਨਾ ਕੁਰੈਸ਼ੀ ਤੇ ਵਕੀਲ ਖਾਨ ਦਾ ਧੰਨਵਾਦ ਕਰਨਾ ਚਾਹੀਦਾ ਹੈ।’’ ਹੰਸਰਾਜ ਮੀਨਾ ਲਿਖਦੇ ਹਨ, ‘‘41 ਜ਼ਿੰਦਗੀਆਂ ਨੂੰ ਬਚਾਉਣ ਵਾਲੇ ਵਕੀਲ ਖਾਨ ਤੇ ਮੁੰਨਾ ਕੁਰੈਸ਼ੀ ਨੂੰ ਸਲਾਮ।’’
-ਚੰਦ ਫਤਿਹਪੁਰੀ