ਪੇਸ਼ਾਵਰ : ਬੈਰਿਸਟਰ ਗੌਹਰ ਅਲੀ ਖਾਨ ਨੂੰ ਸ਼ਨੀਵਾਰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ ਟੀ ਆਈ) ਦੀਆਂ ਅੰਤਰ-ਪਾਰਟੀ ਚੋਣਾਂ ਤੋਂ ਬਾਅਦ ਬਿਨਾਂ ਵਿਰੋਧ ਦੇ ਨਵਾਂ ਚੇਅਰਮੈਨ ਚੁਣ ਲਿਆ ਗਿਆ। ਇਮਰਾਨ ਖਾਨ ਨੇ ਗੌਹਰ ਖਾਨ ਨੂੰ ਆਪਣੇ ਉੱਤਰਾਧਿਕਾਰੀ ਵਜੋਂ ਨਾਮਜ਼ਦ ਕੀਤਾ ਸੀ, ਕਿਉਂਕਿ ਉਹ ਤੋਸ਼ਾਖਾਨਾ ਮਾਮਲੇ ’ਚ ਅਯੋਗ ਕਰਾਰ ਦਿੱਤੇ ਜਾਣ ਕਾਰਨ ਚੋਣ ਨਹੀਂ ਲੜ ਸਕਦੇ। ਉਮਰ ਅਯੂਬ ਖਾਨ ਨੂੰ ਵੀ ਬਿਨਾਂ ਵਿਰੋਧ ਪਾਰਟੀ ਦਾ ਕੇਂਦਰੀ ਜਨਰਲ ਸਕੱਤਰ ਚੁਣਿਆ ਗਿਆ। ਅਲੀ ਅਮੀਨ ਗੰਡਾਪੁਰ ਅਤੇ ਯਾਸਮੀਨ ਰਾਸ਼ਿਦ ਨੂੰ ਕ੍ਰਮਵਾਰ ਖੈਬਰ ਪਖਤੂਨਖਵਾ ਅਤੇ ਪੰਜਾਬ ਦਾ ਸੂਬਾਈ ਪ੍ਰਧਾਨ ਚੁਣਿਆ ਗਿਆ।
ਅੰਤਰ-ਪਾਰਟੀ ਚੋਣਾਂ ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਅਗਲੇ ਸਾਲ ਫਰਵਰੀ ’ਚ ਹੋਣ ਵਾਲੀਆਂ ਆਮ ਚੋਣਾਂ ਲਈ ਆਪਣੇ ਚੋਣ ਨਿਸ਼ਾਨ ਬੱਲੇ ਨੂੰ ਸੁਰੱਖਿਅਤ ਕਰਨ ਦੇ ਆਦੇਸ਼ਾਂ ਦੇ ਅਨੁਸਾਰ ਕਰਵਾਈਆਂ ਗਈਆਂ ਹਨ।