11.3 C
Jalandhar
Sunday, December 22, 2024
spot_img

ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤਾਂਗੇ : ਮਾਨ, ਕੇਜਰੀਵਾਲ

ਗੁਰਦਾਸਪੁਰ (ਜਨਕ ਮਹਾਜਨ/ਦਿਨੇਸ਼ ਕੁਮਾਰ)
ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ ਅਤੇ ਪਠਾਨਕੋਟ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੂਬੇ ਵਿੱਚ ‘ਵਿਕਾਸ ਕ੍ਰਾਂਤੀ’ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ ਸ਼ਨੀਵਾਰ 1854 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਅਤੇ ਕਈ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਇਸ ਦੌਰਾਨ ਦੋਵਾਂ ਮੁੱਖ ਮੰਤਰੀਆਂ ਨੇ ਸਰਹੱਦੀ ਜ਼ਿਲ੍ਹਿਆਂ ਲਈ ਨਵੇਂ ਪ੍ਰਾਜੈਕਟਾਂ ਦਾ ਐਲਾਨ ਵੀ ਕੀਤਾ।
ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਪੇਸ਼ੀਨਗੋਈ ਕੀਤੀ ਕਿ ਰਵਾਇਤੀ ਪਾਰਟੀਆਂ ਦੇ ਭਿ੍ਰਸ਼ਟ ਆਗੂਆਂ ਤੋਂ ਲੋਕ ਤੰਗ ਆ ਚੁੱਕੇ ਹਨ ਅਤੇ ਆਗਾਮੀ ਆਮ ਚੋਣਾਂ ਦੌਰਾਨ ਆਪ ਸੂਬੇ ’ਚ ਸਾਰੀਆਂ ਸੀਟਾਂ ਉਤੇ ਹੂੰਝਾ ਫੇਰ ਜਿੱਤ ਹਾਸਲ ਕਰੇਗੀ। ਲੋਕਾਂ ਨੇ ਸਾਰੀਆਂ 13 ਸੀਟਾਂ ਅਤੇ ਚੰਡੀਗੜ੍ਹ ਦੀ ਇਕ ਸੀਟ ਉਤੇ ਆਪ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ। ਦੂਜੀਆਂ ਪਾਰਟੀਆਂ ਦਾ ਖ਼ਾਤਾ ਤੱਕ ਨਹੀਂ ਖੁੱਲ੍ਹੇਗਾ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਰਹੇ ਲੋਕਾਂ ਦੇ ਭਾਰੀ ਸਮਰਥਨ ਸਦਕਾ ਉਹ ਦਿਨ ਦੂਰ ਨਹੀਂ, ਜਦੋਂ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਜਿੱਤ ਹਾਸਲ ਕਰੇਗੀ।
ਮਾਨ ਨੇ ਕਿਹਾ ਕਿ ਇਸ ਧਰਤੀ ਨੂੰ ਗੁਰੂ ਸਾਹਿਬਾਨ ਦੀ ਬਖ਼ਸ਼ਿਸ਼ ਹੈ ਅਤੇ ਇੱਥੋਂ ਦੇ ਲੋਕ ਸੁਭਾਅ ਪੱਖੋਂ ਬਹਾਦਰ ਤੇ ਮਿਹਨਤੀ ਹਨ। ਮਾਨ ਨੇ ਕਿਹਾ ਕਿ ਭਾਵੇਂ ਇਸ ਇਲਾਕੇ ਤੋਂ ਚੁਣੇ ਹੋਏ ਆਗੂ ਹਮੇਸ਼ਾ ਅਹਿਮ ਅਹੁਦਿਆਂ ਉਤੇ ਰਹੇ ਪਰ ਉਨ੍ਹਾਂ ਕਦੇ ਵੀ ਇਸ ਖਿੱਤੇ ਤੇ ਇਸ ਦੇ ਲੋਕਾਂ ਦੇ ਵਿਕਾਸ ਦੀ ਪਰਵਾਹ ਨਹੀਂ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਆਮ ਲੋਕਾਂ ਦੀ ਭਲਾਈ ਦੇ ਉਦੇਸ਼ ਵਾਲੇ ਪ੍ਰਾਜੈਕਟਾਂ ਨੂੰ ਸੂਬਾ ਸਰਕਾਰ ਵੱਲੋਂ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ। ਪਿਛਲੇ ਸਮਿਆਂ ਵਿੱਚ ਪ੍ਰਾਜੈਕਟ ਸਿਰਫ਼ ਕਾਗਜ਼ਾਂ ਤੱਕ ਸੀਮਤ ਰਹਿੰਦੇ ਸਨ ਅਤੇ ਉਨ੍ਹਾਂ ਦਾ ਆਮ ਲੋਕਾਂ ਦੀ ਭਲਾਈ ਨਾਲ ਕੋਈ ਸਰੋਕਾਰ ਨਹੀਂ ਸੀ। ਉਨ੍ਹਾ ਕਿਹਾ ਕਿ ਸਾਡੀ ਸਰਕਾਰ ਨੇ ਪ੍ਰਸ਼ਾਸਨਕ ਕੰਮਕਾਜ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਸਿਰਫ਼ ਸੜਕਾਂ ਦੇ ਤਖ਼ਮੀਨਿਆਂ ਵਿੱਚੋਂ ਹੀ ਸਰਕਾਰ ਨੇ 163.26 ਕਰੋੜ ਰੁਪਏ ਦੀ ਬੱਚਤ ਕੀਤੀ ਹੈ ਅਤੇ 546 ਕਿਲੋਮੀਟਰ ਅਜਿਹੀਆਂ ਸੜਕਾਂ ਦਾ ਪਤਾ ਚੱਲਿਆ ਹੈ, ਜਿਨ੍ਹਾਂ ਦੀ ਕੋਈ ਹੋਂਦ ਹੀ ਨਹੀਂ ਹੈ।ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਦੇ ਪੈਸੇ ਦੀ ਇਹ ਲੁੱਟ ਰੁਕੀ ਹੈ ਅਤੇ ਹੁਣ ਕਰਦਾਤਾਵਾਂ ਦਾ ਪੈਸਾ ਹੜੱਪ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਕਾਰਨ ਲੋਕ ਹਮੇਸ਼ਾ ਸਾਡੀ ਪਾਰਟੀ ਦੀ ਹਮਾਇਤ ਕਰਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਦੇ ਪਿਆਰ ਸਦਕਾ ਪਾਰਟੀ ਨੂੰ ਆਪਣੀ ਹੋਂਦ ਦੇ ਮਹਿਜ਼ 11 ਸਾਲਾਂ ਵਿੱਚ ਹੀ ਕੌਮੀ ਪਾਰਟੀ ਦਾ ਦਰਜਾ ਮਿਲਿਆ ਹੈ।
ਦੋਵਾਂ ਮੁੱਖ ਮੰਤਰੀਆਂ ਨੇ ਲੋਕਾਂ ਨੂੰ 402 ਕਰੋੜ ਰੁਪਏ ਦੀ ਲਾਗਤ ਨਾਲ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਵਿਖੇ ਕੋ-ਜਨਰੇਸ਼ਨ ਪਲਾਂਟ ਨਾਲ ਨਵੀਂ ਖੰਡ ਮਿੱਲ ਅਤੇ 296 ਕਰੋੜ ਰੁਪਏ ਦੀ ਲਾਗਤ ਨਾਲ ਬਟਾਲਾ ਸਹਿਕਾਰੀ ਖੰਡ ਮਿੱਲ ਵਿਖੇ ਕੋ-ਜਨਰੇਸ਼ਨ ਨਾਲ ਨਵੀਂ ਖੰਡ ਮਿੱਲ ਦਾ ਤੋਹਫਾ ਦਿੱਤਾ। ਇਹ ਮਾਣਮੱਤੇ ਪ੍ਰਾਜੈਕਟ ਜਨਵਰੀ 2024 ਨੂੰ ਕਾਰਜਸ਼ੀਲ ਹੋਣਗੇ। ਉਨ੍ਹਾਂ ਵਡਾਲਾ ਗ੍ਰੰਥੀਆਂ ਵਿਖੇ 360.83 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 400 ਕੇ ਵੀ ਪਾਵਰ ਪ੍ਰਾਜੈਕਟ ਅਤੇ ਪੀ ਐੱਸ ਪੀ ਸੀ ਐੱਲ ਦੀ ਆਰ ਡੀ ਐੱਸ ਐੱਸ ਸਕੀਮ ਤਹਿਤ ਗੁਰਦਾਸਪੁਰ ਵਿਖੇ 129.54 ਕਰੋੜ ਰੁਪਏ ਅਤੇ ਪਠਾਨਕੋਟ ਵਿਖੇ 93.24 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ।
ਇਸੇ ਤਰ੍ਹਾਂ ਦੋਵਾਂ ਮੁੱਖ ਮੰਤਰੀਆਂ ਨੇ ਪਠਾਨਕੋਟ ਵਾਸੀਆਂ ਨੂੰ 53.30 ਕਰੋੜ ਰੁਪਏ ਦੀ ਲਾਗਤ ਨਾਲ ਸਿਹਤ ਸੰਭਾਲ ਬੁਨਿਆਦੀ ਢਾਂਚੇ ਜਿਵੇਂ ਕਿ ਓ ਪੀ ਡੀ, ਲੈਬਜ਼ ਓ ਟੀ, ਕਾਰ ਪਾਰਕਿੰਗ ਦੇ ਨਵੀਨੀਕਰਨ ਦਾ ਤੋਹਫ਼ਾ ਦਿੱਤਾ। ਉਨ੍ਹਾਂ ਬਟਾਲਾ ਵਾਸੀਆਂ ਨੂੰ 52.81 ਕਰੋੜ ਰੁਪਏ ਦੀ ਲਾਗਤ ਨਾਲ 220 ਕੇ ਵੀ ਐੱਸ/ ਐੱਸ ਬੁਟਾਰੀ ਅਤੇ 400 ਕੇ ਵੀ ਐੱਸ/ਅੱੈਸ ਵਡਾਲਾ ਗ੍ਰੰਥੀਆਂ ਵਿਚਕਾਰ 220 ਕੇ ਵੀ ਡੀ/ ਸੀ ਲਿੰਕ ਅਤੇ 50 ਕਰੋੜ ਰੁਪਏ ਦੀ ਲਾਗਤ ਵਾਲਾ ਸੀਵਰੇਜ ਟਰੀਟਮੈਂਟ ਦਿੱਤਾ। ਬਟਾਲਾ ਸਹਿਕਾਰੀ ਖੰਡ ਮਿੱਲ ਵਿਖੇ 40 ਕਰੋੜ ਰੁਪਏ ਦੀ ਲਾਗਤ ਨਾਲ ਬੀ ਓ ਟੀ ਆਧਾਰ ’ਤੇ ਸਥਾਪਤ ਕੀਤਾ ਜਾ ਰਿਹਾ 100 ਟੀ ਪੀ ਟੀ ਸਮਰੱਥਾ ਵਾਲਾ ਨਵਾਂ ਬਾਇਓ ਸੀ ਐੱਨ ਜੀ ਪ੍ਰੋਜੈਕਟ ਵੀ ਦਿੱਤਾ, ਜੋ ਇਸ ਮਹੀਨੇ ਤੱਕ ਚਾਲੂ ਹੋ ਜਾਵੇਗਾ। ਦੋਵਾਂ ਮੁੱਖ ਮੰਤਰੀਆਂ ਨੇ ਗੁਰਦਾਸਪੁਰ ’ਚ 220 ਕੇ ਵੀ ਨਵਾਂ ਪਿੰਡ (66 ਕੇਵੀ ਐਸ/ਐਸ ਦੇ ਅਹਾਤੇ ਵਿੱਚ ਨਵਾਂ ਗਰਿੱਡ), 220 ਕੇ ਵੀ ਗੁਰਦਾਸਪੁਰ ਸਮੇਤ ਐੱਸ ਏ ਐੱਸ ਅਤੇ ਨਵੀਂ 66 ਕੇ ਵੀ ਲਾਈਨਾਂ ਅਤੇ 66 ਕੇ ਵੀ ਲਾਈਨਾਂ (ਗੁਰਦਾਸਪੁਰ ਅਤੇ ਪਠਾਨਕੋਟ) ਦੇ ਵਿਸਥਾਰ ਦੀ ਵੀ ਸ਼ੁਰੂਆਤ ਕੀਤੀ, ਜਿਸ ਦੀ ਲਾਗਤ ਕ੍ਰਮਵਾਰ 39.74 ਕਰੋੜ ਰੁਪਏ, 33.44 ਕਰੋੜ ਰੁਪਏ ਅਤੇ 30 ਕਰੋੜ ਰੁਪਏ ਹੈ। ਉਨ੍ਹਾਂ ਸੁਜਾਨਪੁਰ ਦੇ ਵਸਨੀਕਾਂ ਨੂੰ 28.55 ਕਰੋੜ ਰੁਪਏ ਦੀ ਲਾਗਤ ਨਾਲ ਸ਼ਾਹਪੁਰ ਕੰਢੀ ਹਾਈਡਲ ਪ੍ਰੋਜੈਕਟ ਦੇ ਨਿਕਾਸੀ ਸਿਸਟਮ ਦਾ ਪ੍ਰਾਜੈਕਟ ਵੀ ਦਿੱਤਾ। ਕਲਾਨੌਰ ਵਿਖੇ 22 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਐਗਰੀਕਲਚਰ ਕਾਲਜ ਦਾ ਨੀਂਹ ਪੱਥਰ ਵੀ ਰੱਖਿਆ। 100 ਏਕੜ ਤੋਂ ਵੱਧ ਰਕਬੇ ਵਿੱਚ ਬਣਨ ਵਾਲਾ ਇਹ ਕਾਲਜ ਕਲਾਨੌਰ ਲਈ ਵਰਦਾਨ ਸਾਬਤ ਹੋਵੇਗਾ ਅਤੇ ਖੇਤੀਬਾੜੀ ਵਿਕਾਸ ਲਈ ਇੱਕ ਵਿਸ਼ੇਸ਼ ਖੋਜ ਕੇਂਦਰ ਵਜੋਂ ਉਭਰੇਗਾ। ਦੋਵਾਂ ਨੇ ਟਰੈਫਿਕ ਦੀ ਵੱਡੀ ਸਮੱਸਿਆ ਨਾਲ ਨਜਿੱਠਣ ਲਈ 21 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਅੰਡਰ ਰੇਲਵੇ ਬਿ੍ਰਜ ਤਿਬੜੀ ਰੋਡ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਗੁਰਦਾਸਪੁਰ ਵਿੱਚ 14.92 ਕਰੋੜ ਰੁਪਏ ਦੀ ਲਾਗਤ ਨਾਲ ਛੇ ਏਕੜ ਜ਼ਮੀਨ ਵਿੱਚ ਉਸਾਰੇ ਗਏ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬੱਸ ਟਰਮੀਨਲ ਨੂੰ ਵੀ ਸਮਰਪਿਤ ਕੀਤਾ। ਦੋਵਾਂ ਮੁੱਖ ਮੰਤਰੀਆਂ ਨੇ ਲੋਕਾਂ ਦੀ ਸਹੂਲਤ ਲਈ 11.06 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਸਬ-ਡਵੀਜ਼ਨ/ਤਹਿਸੀਲ ਕੰਪਲੈਕਸ ਬਟਾਲਾ ਦੀ ਇਮਾਰਤ ਦੀ ਉਸਾਰੀ ਦਾ ਪ੍ਰਾਜੈਕਟ ਵੀ ਦਿੱਤਾ। ਉਨ੍ਹਾਂ 10.73 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਘੋਨੇਵਾਲ ਤੋਂ ਮਨਸੂਰ ਤੱਕ ਲਿੰਕ ਸੜਕ ਨੂੰ ਅੱਪਗ੍ਰੇਡ ਕਰਨ ਅਤੇ ਡੇਰਾ ਬਾਬਾ ਨਾਨਕ ਵਿਖੇ ਇਸ ਸੜਕ ਉਤੇ ਬਣਨ ਵਾਲੇ ਪੁਲ ਦਾ ਨੀਂਹ ਪੱਥਰ ਵੀ ਰੱਖਿਆ। ਦੋਵਾਂ ਨੇ ਘਣੀਏ ਕੇ ਬਾਂਗਰ ਵਿਖੇ 10.15 ਕਰੋੜ ਰੁਪਏ ਦੀ ਲਾਗਤ ਨਾਲ ਬਣੇ 50 ਮੀਟਰਕ ਟਨ ਪਸ਼ੂ ਖੁਰਾਕ ਪਲਾਂਟ ਦਾ ਬਾਈਪਾਸ ਪ੍ਰੋਟੀਨ ਪਲਾਂਟ ਵੀ ਸਮਰਪਿਤ ਕੀਤਾ। ਦੋਵਾਂ ਮੁੱਖ ਮੰਤਰੀਆਂ ਨੇ 9.41 ਕਰੋੜ ਰੁਪਏ ਦੀ ਲਾਗਤ ਨਾਲ ਸੁਜਾਨਪੁਰ ਟਾਊਨ ਵਿਖੇ ਸੜਕੀ ਨੈੱਟਵਰਕ ਦੇ ਪ੍ਰੋਜੈਕਟ ਦੀ ਵੀ ਸ਼ੁਰੂਆਤ ਕੀਤੀ। ਉਨ੍ਹਾਂ 8.41 ਕਰੋੜ ਰੁਪਏ ਦੀ ਲਾਗਤ ਨਾਲ ਦੀਨਾਨਗਰ ਵਿੱਚ ਰਾਵੀ ਦਰਿਆ ਤੋਂ ਪਾਰ ਦੂਰ-ਦੁਰਾਡੇ ਖੇਤਰ ਦੇ ਮਕੌੜਾ ਪੱਤਣ ਤੋਂ ਸੱਤ ਪਿੰਡਾਂ ਤੱਕ ਲਿੰਕ ਸੜਕ ਨੂੰ ਅੱਪਗ੍ਰੇਡ ਕਰਨ ਦਾ ਪ੍ਰੋਜੈਕਟ ਵੀ ਲੋਕਾਂ ਨੂੰ ਸਮਰਪਿਤ ਕੀਤਾ। ਸੁਜਾਨਪੁਰ ਵਿੱਚ 8 ਕਰੋੜ ਰੁਪਏ ਦੀ ਲਾਗਤ ਨਾਲ ਓ ਪੀ ਜੀ ਡਬਲਿਊ ਲਿੰਕ ਦੇ ਪਾਵਰ ਪ੍ਰੋਜੈਕਟ ਦੀ ਵੀ ਸੌਗਾਤ ਦਿੱਤੀ। ਦੋਵਾਂ ਨੇ ਨਰੋਟ ਜੈਮਲ ਸਿੰਘ ਟਾਊਨ ਵਿੱਚ 7.06 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਨੈੱਟਵਰਕਿੰਗ ਸਮੇਤ ਸੜਕਾਂ ਦੀ ਪੁਟਾਈ ਅਤੇ ਪੁਨਰ-ਨਿਰਮਾਣ ਦਾ ਪ੍ਰਾਜੈਕਟ ਵੀ ਦਿੱਤਾ। ਉਨ੍ਹਾਂ ਕਲਾਨੌਰ ਵਿੱਚ 6.61 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਸਬ-ਡਵੀਜ਼ਨ/ਤਹਿਸੀਲ ਕੰਪਲੈਕਸ ਦੀ ਇਮਾਰਤ ਬਣਾਉਣ ਲਈ ਇੱਕ ਪ੍ਰੋਜੈਕਟ ਦਾ ਤੋਹਫ਼ਾ ਵੀ ਦਿੱਤਾ। ਉਹਨਾਂ 6.60 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਸਬ-ਡਵੀਜ਼ਨ/ ਤਹਿਸੀਲ ਕੰਪਲੈਕਸ ਦੀਨਾਨਗਰ ਨੂੰ ਸਮਰਪਿਤ ਕੀਤਾ। ਦੋਵਾਂ ਨੇ ਸੁਜਾਨਪੁਰ ਕਸਬੇ ਵਿੱਚ 5.86 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਸਿਸਟਮ ਦੇ ਵਿਸਥਾਰ ਅਤੇ ਮੁੜ ਵਸੇਬੇ ਦੇ ਪ੍ਰੋਜੈਕਟ ਵੀ ਦਿੱਤੇ। ਉਨ੍ਹਾਂ ਕ੍ਰਮਵਾਰ 5.16 ਕਰੋੜ ਅਤੇ 5.12 ਕਰੋੜ ਰੁਪਏ ਦੀ ਲਾਗਤ ਵਾਲਾ 66 ਕੇ ਵੀ ਗਰਿੱਡ ਕੋਟ ਧੰਦਲ ਅਤੇ ਗੁਰਦਾਸਪੁਰ ਦੇ ਚੱਕ ਅਰਾਈਆਂ ਵਿਖੇ 66 ਕੇ ਵੀ ਸਬ-ਸਟੇਸ਼ਨ ਵੀ ਲੋਕਾਂ ਨੂੰ ਸਮਰਪਿਤ ਕੀਤਾ। ਉਹਨਾਂ ਨਰੋਟ ਜੈਮਲ ਸਿੰਘ ਵਿੱਚ 4.60 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਸਿਸਟਮ ਦੇ ਵਿਸਥਾਰ ਅਤੇ ਵਾਧੇ ਲਈ ਇੱਕ ਪ੍ਰੋਜੈਕਟ ਵੀ ਤੋਹਫ਼ੇ ਵਿੱਚ ਦਿੱਤਾ। ਦੋਵਾਂ ਮੁੱਖ ਮੰਤਰੀਆਂ ਨੇ ਉਦਯੋਗਿਕ ਵਿਕਾਸ ਕੇਂਦਰ ਪਠਾਨਕੋਟ ਵਿਖੇ 3.13 ਕਰੋੜ ਰੁਪਏ ਦੀ ਲਾਗਤ ਨਾਲ ਉਦਯੋਗਿਕ ਖੇਤਰ ਦੇ ਗੰਦੇ ਪਾਣੀ ਨੂੰ ਸੋਧਣ ਲਈ ਇਕ ਐੱਮ ਐੱਲ ਡੀ ਦਾ ਐੱਸ ਟੀ ਪੀ ਸਥਾਪਤ ਕਰਨ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਉਨ੍ਹਾਂ ਪਠਾਨਕੋਟ ਵਿਖੇ 2.65 ਕਰੋੜ ਰੁਪਏ ਖਰਚ ਕੇ ਜਲ ਸਪਲਾਈ ਸਿਸਟਮ ਦੇ ਵਿਸਥਾਰ ਲਈ ਪ੍ਰੋਜੈਕਟ ਵੀ ਦਿੱਤਾ। ਦੋਰਾਂਗਲਾ, (ਸਬ-ਡਵੀਜ਼ਨ ਦੀਨਾਨਗਰ) ਵਿਖੇ 2.36 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਸਬ-ਤਹਿਸੀਲ ਇਮਾਰਤ ਦਾ ਉਦਘਾਟਨ ਵੀ ਕੀਤਾ। ਦੋਵਾਂ ਮੁੱਖ ਮੰਤਰੀਆਂ ਨੇ ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸੀ ਐੱਚ ਸੀ ਕਲਾਨੌਰ ਵਿੱਚ ਐਮਰਜੈਂਸੀ ਵਾਰਡ ਨੂੰ ਵੀ ਸਮਰਪਿਤ ਕੀਤਾ। ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਨਿਰੰਤਰ ਸਪਲਾਈ ਦੇਣ ਲਈ ਉਨ੍ਹਾਂ ਕ੍ਰਮਵਾਰ 1.82 ਕਰੋੜ, 0.77 ਕਰੋੜ ਅਤੇ 0.75 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਸਕੀਮ ਅਵਾਂਖਾ, ਜਲ ਸਪਲਾਈ ਸਕੀਮ ਖਿਆਲਾ ਅਤੇ ਜਲ ਸਪਲਾਈ ਸਕੀਮ ਬਾਬਰੀ ਦਾ ਉਦਘਾਟਨ ਵੀ ਕੀਤਾ। ਉਹਨਾਂ ਪਠਾਨਕੋਟ ਵਿੱਚ 1.15 ਕਰੋੜ ਰੁਪਏ ਦੀ ਲਾਗਤ ਨਾਲ ਪੁਰਾਣੀ ਕੰਟਰੋਲ ਰੂਮ ਬਿਲਡਿੰਗ ਨੂੰ ਬਦਲ ਕੇ ਨਵੀਂ ਕੰਟਰੋਲ ਰੂਮ ਬਿਲਡਿੰਗ ਦੀ ਉਸਾਰੀ ਦਾ ਪ੍ਰੋਜੈਕਟ ਦਾ ਵੀ ਭੇਟ ਕੀਤਾ। ਦੋਵਾਂ ਨੇ 0.77 ਕਰੋੜ ਰੁਪਏ ਦੀ ਲਾਗਤ ਨਾਲ ਸਹੂਰ ਕਲਾਂ ਜਲ ਸਪਲਾਈ ਯੋਜਨਾ ਦਾ ਪ੍ਰਾਜੈਕਟ ਵੀ ਦਿੱਤਾ, ਜੋ ਇਸ ਮਹੀਨੇ ਦੇ ਅੰਤ ਤੱਕ ਚਾਲੂ ਹੋ ਜਾਵੇਗਾ।
ਉਨ੍ਹਾਂ ਗੁਰਦਾਸਪੁਰ ਵਿੱਚ 0.74 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਜ਼ੋਨਲ ਦਫ਼ਤਰ ਦਾ ਉਦਘਾਟਨ ਵੀ ਕੀਤਾ। ਉਹਨਾਂ 66 ਕੇ ਵੀ ਸਬ ਸਟੇਸ਼ਨ ਰੰਗੜ ਨੰਗਲ ਵਿਖੇ 0.70 ਕਰੋੜ ਦੀ ਲਾਗਤ ਨਾਲ 6.3 ਐੱਮ ਵੀ ਏ ਤੋਂ 12.5 ਐੱਮ ਵੀ ਏ ਤੱਕ ਪਾਵਰ ਟਰਾਂਸਫਾਰਮਰ ਦੀ ਸਮਰੱਥਾ ਵਧਾਉਣ ਦਾ ਪ੍ਰਾਜੈਕਟ ਵੀ ਦਿੱਤਾ। ਦੋਵਾਂ ਮੁੱਖ ਮੰਤਰੀਆਂ ਨੇ ਬਕਨੌਰ ਅਤੇ ਘਰੋਟਾ ਕਲਾਂ ਵਿਖੇ 0.63 ਕਰੋੜ ਅਤੇ 0.25 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਸਕੀਮਾਂ ਦਾ ਵੀ ਉਦਘਾਟਨ ਕੀਤਾ। ਉਨ੍ਹਾਂ 0.39 ਕਰੋੜ ਰੁਪਏ ਦੀ ਲਾਗਤ ਨਾਲ ਕੇਸ਼ੋਪੁਰ ਛੰਭ ਦੇ ਨਵੀਨੀਕਰਨ ਲਈ ਵਿਸ਼ੇਸ਼ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਰਾਮਪੁਰ ਵਿਖੇ ਚਾਰ ਨਵੇਂ ਬਣੇ ਕਲਾਸ ਰੂਮਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਿਆਰ ਵਿਖੇ ਚਾਰ ਨਵੇਂ ਕਲਾਸ ਰੂਮ, ਸਰਕਾਰੀ ਹਾਈ ਸਕੂਲ ਕਾਲਾਵਾਲਾ ਵਿਖੇ ਤਿੰਨ ਨਵੇਂ ਬਣੇ ਕਲਾਸ ਰੂਮਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਦੋ ਨਵੇਂ ਬਣੇ ਕਲਾਸ ਰੂਮਾਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਗੌਲ ਕਾਹਨੂੰਵਾਨ-2 ਵਿਖੇ ਦੋ ਨਵੇਂ ਕਮਰਿਆਂ ਦਾ ਉਦਘਾਟਨ ਵੀ ਕੀਤਾ, ਜੋ ਕ੍ਰਮਵਾਰ 0.30 ਕਰੋੜ ਰੁਪਏ, 0.30 ਕਰੋੜ ਰੁਪਏ, 0.23 ਕਰੋੜ ਰੁਪਏ, 0.15 ਕਰੋੜ ਰੁਪਏ ਅਤੇ 0.15 ਕਰੋੜ ਰੁਪਏ ਖਰਚੇ ਗਏ ਹਨ। ਉਨ੍ਹਾਂ ਪਠਾਨਕੋਟ ਵਿੱਚ 0.21 ਕਰੋੜ ਰੁਪਏ ਦੀ ਲਾਗਤ ਨਾਲ 132 ਕੇ ਵੀ ਸਬ-ਸਟੇਸ਼ਨ ਨੂੰ ਅੱਪਗ੍ਰੇਡ ਕਰਨ ਦਾ ਪ੍ਰਾਜੈਕਟ ਵੀ ਲੋਕਾਂ ਨੂੰ ਤੋਹਫ਼ੇ ਵਜੋਂ ਦਿੱਤਾ।

Related Articles

LEAVE A REPLY

Please enter your comment!
Please enter your name here

Latest Articles