ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਅਮਰੀਕਾ ਦੀ ਸੰਘੀ ਅਪੀਲੀ ਅਦਾਲਤ ਨੇ ਸ਼ੁੱਕਰਵਾਰ ਕੈਪੀਟਲ ਹਿੰਸਾ ਮਾਮਲੇ ’ਚ ਟਰੰਪ ਵਿਰੁੱਧ ਮੁਕੱਦਮਾ ਚਲਾਉਣ ਦਾ ਆਦੇਸ਼ ਦਿੱਤਾ ਹੈ। ਪਹਿਲਾਂ ਤੋਂ ਹੀ ਕਈ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਟਰੰਪ ’ਤੇ ਹੁਣ ਕਾਰਵਾਈ ਹੋ ਸਕਦੀ ਹੈ। ਟਰੰਪ ਨੇ ਕੈਪੀਟਲ ਹਿੰਸਾ ਮਾਮਲੇ ’ਚ ਅਪੀਲ ਕੀਤੀ ਸੀ ਕਿ ਉਸ ਵਿਰੁੱਧ ਦਰਜ ਮਾਮਲੇ ਨੂੰ ਖ਼ਾਰਜ ਕਰ ਦਿੱਤਾ ਜਾਵੇ। ਟਰੰਪ ਨੇ ਅਪੀਲ ’ਚ ਕਿਹਾ ਸੀ ਕਿ ਹਿੰਸਾ ਸਮੇਂ ਉਹ ਰਾਸ਼ਟਰਪਤੀ ਅਹੁਦੇ ’ਤੇ ਸਨ ਤੇ ਰਾਸ਼ਟਰਪਤੀ ਹੋਣ ਦੇ ਨਾਤੇ ਉਨ੍ਹਾ ਨੂੰ ਵਿਰੋਧੀ ਪਾਰਟੀ ਤੇ ਪੁਲਸ ਅਧਿਕਾਰੀਆਂ ਵੱਲੋਂ ਦਰਜ ਕਰਾਏ ਗਏ ਮੁਕੱਦਮੇ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ। ਤਿੰਨ ਜੱਜਾਂ ਦੇ ਪੈਨਲ ਨੇ ਕਿਹਾ ਹੈ ਕਿ ਟਰੰਪ 2024 ਦੀ ਚੋਣ ਲੜ ਸਕਦੇ ਹਨ ਪਰ ਨਾਲ-ਨਾਲ ਕਾਨੂੰਨੀ ਕਾਰਵਾਈ ਵੀ ਚੱਲਦੀ ਰਹੇਗੀ। 2020 ’ਚ ਅਮਰੀਕਾ ’ਚ ਰਾਸ਼ਟਰਪਤੀ ਚੋਣ ਦੇ ਨਤੀਜਿਆਂ ’ਚ ਤਤਕਾਲੀ ਰਾਸ਼ਟਰਪਤੀ ਟਰੰਪ ਦੀ ਹਾਰ ਹੋਈ ਸੀ। ਇਸ ਤੋਂ ਬਾਅਦ ਉਸ ਦੇ ਸਮਰਥਕਾਂ ਨੇ ਕੈਪੀਟਲ ਹਿੱਲ ਦਾ ਘਿਰਾਓ ਕਰਕੇ ਸੰਸਦ ਭਵਨ ’ਚ ਭੰਨਤੋੜ ਤੇ ਸਾੜਫੂਕ ਕੀਤੀ। 6 ਜਨਵਰੀ 2021 ਨੂੰ ਹੋਈ ਇਸ ਹਿੰਸਾ ’ਚ ਇਕ ਪੁਲਸ ਅਧਿਕਾਰੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ’ਚ ਕਈ ਲੋਕਾਂ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਮਾਮਲੇ ਦੀ ਜਾਂਚ ਕਰ ਰਹੀ ਕਮੇਟੀ ਨੇ ਟਰੰਪ ’ਤੇ ਹਾਰ ਦੇ ਫ਼ੈਸਲੇ ਨੂੰ ਪਲਟਣ, ਬਗਾਵਤ ਭੜਕਾਉਣ, ਸਰਕਾਰੀ ਕਾਰਵਾਈ ’ਚ ਰੁਕਾਵਟ ਪਾਉਣ, ਸਾਜ਼ਿਸ਼ ਰਚਣ ਤੇ ਦੇਸ਼ ਨੂੰ ਧੋਖਾ ਦੇਣ ਵਰਗੇ ਦੋਸ਼ ਲਗਾਏ ਸਨ।