ਬਠਿੰਡਾ (ਬਖਤੌਰ ਢਿੱਲੋਂ)-ਐੱਸ ਐੱਸ ਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇੱਕ ਕੰਪਨੀ ਦੇ ਕਰਮਚਾਰੀ ਤੋਂ ਖੋਹਿਆ 1 ਕਰੋੜ 75 ਲੱਖ ਰੁਪਏ ਦਾ ਸੋਨਾ ਪੁਲਸ ਨੇ ਬਰਾਮਦ ਕੀਤਾ ਹੈ।
ਬੀਤੇ ਦਿਨ ਪੁਲਸ ਨੂੰ ਸਾਹਿਲ ਖਿੱਪਲ ਨੇ ਦੱਸਿਆ ਕਿ ਸੀ ਉਹਨਾਂ ਦੀ ਕੰਪਨੀ ਸ੍ਰੀ ਬਰਾਇਟ ਮਜੈਸਟਿਕ, ਜਿਸ ਦਾ ਦਫ਼ਤਰ ਸੂਰਤ ਵਿਖੇ ਹੈ, ਸੁਨਿਆਰਿਆਂ ਦੇ ਆਰਡਰ ’ਤੇ ਵੱਖ-ਵੱਖ ਸ਼ਹਿਰਾਂ ਵਿੱਚ ਸੋਨਾ ਸਪਲਾਈ ਕਰਦੀ ਹੈ। ਕਰਮਚਾਰੀ ਰਾਜੂ ਰਾਮ ਦਿੱਲੀ ਤੋਂ ਰੇਲ ਗੱਡੀ ਰਾਹੀਂ ਸੋਨੇ ਦੇ ਗਹਿਣੇ ਲੈ ਕੇ ਬਠਿੰਡਾ ਵੱਲ ਆ ਰਿਹਾ ਸੀ, ਜਿਸ ਤੋਂ ਸੰਗਰੂਰ ਰੇਲਵੇ ਸਟੇਸ਼ਨ ’ਤੇ ਕੁੱਝ ਨੌਜਵਾਨਾਂ ਨੇ ਗਹਿਣਿਆਂ ਵਾਲਾ ਬੈਗ ਖੋਹ ਲਿਆ ਤੇ ਉਹ ਇਕ ਕਾਰ ਰਾਹੀਂ ਬਠਿੰਡਾ ਵੱਲ ਆ ਗਏ। ਬਠਿੰਡਾ ਪੁਲਸ ਨੇ ਤੁਰੰਤ ਚੌਕਸੀ ਵਧਾ ਦਿੱਤੀ ਅਤੇ ਸੂਚਨਾਕਾਰ ਵੱਲੋਂ ਦੱਸੇ ਨੰਬਰ ਵਾਲੀ ਗੱਡੀ ਜਦ ਬੀਬੀਵਾਲਾ ਚੌਂਕ ਵਿੱਚ ਪਹੁੰਚੀ ਤਾਂ ਉਸ ਨੂੰ ਘੇਰਾ ਪਾ ਲਿਆ ਗਿਆ। ਕਾਰ ਵਿੱਚ ਸਵਾਰ ਚਾਰ ’ਚੋਂ ਦੋ ਨੌਜਵਾਨਾਂ ਨੇ ਪੁਲਸ ਵਰਦੀ ਪਾਈ ਹੋਈ ਸੀ। ਇਹਨਾਂ ਲੁਟੇਰਿਆਂ ਨੇ ਪੁਲਸ ਕਰਮਚਾਰੀਆਂ ਨਾਲ ਹੱਥੋਪਾਈ ਕੀਤੀ, ਪਰ ਗਹਿਣਿਆਂ ਵਾਲਾ ਬੈਗ ਸੁੱਟ ਕੇ ਫਰਾਰ ਹੋ ਗਏ। ਪੁਲਸ ਨੇ ਬੈਗ ਕਬਜ਼ੇ ਵਿੱਚ ਲੈ ਲਿਆ, ਜਿਸ ਵਿੱਚ 3 ਕਿਲੋ 765 ਗ੍ਰਾਮ ਸੋਨਾ ਸੀ, ਇਹਨਾਂ ਗਹਿਣਿਆਂ ਦੀ ਕੀਮਤ ਇੱਕ ਕਰੋੜ 75 ਲੱਖ ਰੁਪਏ ਬਣਦੀ ਹੈ। ਪੁਲਸ ਨੇ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ, ਲੁਟੇਰਿਆਂ ਦੀ ਭਾਲ ਜਾਰੀ ਹੈ।
ਐੱਸ ਐੱਸ ਪੀ ਨੇ ਦੱਸਿਆ ਕਿ ਸ਼ਹਿਰ ਵਿੱਚ ਮਾੜੀਆਂ ਘਟਨਾਵਾਂ ਰੋਕਣ ਲਈ ਗਲਤ ਅਨਸਰਾਂ ਨੂੰ ਕਾਬੂ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ। ਇੱਕ ਟੀਮ ਨੂੰ ਸਥਾਨਕ ਗਰੋਥ ਸੈਂਟਰ ਵਿਖੇ ਸ਼ੱਕੀ ਮੋਟਰ ਸਾਈਕਲ ਸਵਾਰ ਵਿਖਾਈ ਦਿੱਤੇ, ਜਦ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਉਹਨਾਂ ਪੁਲਸ ਪਾਰਟੀ ’ਤੇ ਫਾਇਰ ਕਰ ਦਿੱਤੇ। ਪੁਲਸ ਦੀ ਜਵਾਬੀ ਫਾਇਰਿੰਗ ਵਿੱਚ ਉਹਨਾਂ ’ਚੋਂ ਇੱਕ ਨੌਜਵਾਨ ਪਰਮਿੰਦਰ ਸਿੰਘ ਉਰਫ ਵਾਲੀਆ ਜ਼ਖ਼ਮੀ ਹੋ ਗਿਆ ਤੇ ਦੂਜਾ ਅਮਰਜੀਤ ਸਿੰਘ ਫਰਾਰ ਹੋ ਗਿਆ। ਜ਼ਖ਼ਮੀ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਗਿੱਲ ਨੇ ਵਿਦੇਸ਼ਾਂ ਵਿੱਚ ਬੈਠੇ ਕੁੱਝ ਦਹਿਸ਼ਤਗਰਦ ਪੰਜਾਬ ਦੇ ਨੌਜਵਾਨਾਂ ਨੂੰ ਵਧੀਆ ਹਥਿਆਰ ਵਿਖਾ ਕੇ ਜਾਂ ਵਿਦੇਸ਼ ਲਿਜਾਣ ਦੇ ਸਬਜ਼ਬਾਗ ਵਿਖਾ ਕੇ ਗੁੰਮਰਾਹ ਕਰਕੇ ਗਲਤ ਰਸਤੇ ਤੋਰਦੇ ਹਨ। ਉੱਭਰਦੀ ਜਵਾਨੀ ਵਾਲੇ ਨੌਜਵਾਨ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਗਲਤ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ, ਜਿਹਨਾਂ ਦਾ ਅੰਤ ਮਾੜਾ ਹੁੰਦਾ ਹੈ। ਉਹਨਾਂ ਨੌਜਵਾਨ ਮੁੰਡਿਆਂ ਨੂੰ ਅਪੀਲ ਕੀਤੀ ਕਿ ਉਹ ਬਚ ਕੇ ਰਹਿਣ, ਗੜਬੜ ਫੈਲਾਉਣ ਵਾਲੇ ਅਨਸਰਾਂ ਦੀਆਂ ਗੱਲਾਂ ਤੋਂ ਸੁਚੇਤ ਰਹਿਣ। ਇੱਕ ਹੋਰ ਸੁਆਲ ਦਾ ਜੁਆਬ ਦਿੰਦਿਆਂ ਉਨ੍ਹਾ ਦੱਸਿਆ ਕਿ ਬੀਤੇ ਦਿਨ ਪਿੰਡ ਤੁੰਗਵਾਲੀ ਵਿਖੇ ਹੋਏ ਦੋਹਰੇ ਕਤਲ ਕਾਂਡ ਦੇ ਦੋ ਮੁਲਜ਼ਮਾਂ ਬਲਕਰਨ ਸਿੰਘ ਤੇ ਕਿਰਪਾਲ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਹੈ, ਜਦੋਂ ਕਿ ਹੰਸਾ ਸਿੰਘ ਫਰਾਰ ਹੈ। ਉਹਨਾਂ ਦੱਸਿਆ ਕਿ ਇਸ ਪਿੰਡ ਦੇ ਜਗਮੀਤ ਸਿੰਘ ਜੋ ਪੁਲਸ ਕਰਮਚਾਰੀ ਸੀ, ਨੇ ਪਿੰਡ ਦੀ ਹੀ ਇੱਕ ਲੜਕੀ ਬੇਅੰਤ ਕੌਰ ਨਾਲ ਚਾਰ ਸਾਲ ਪਹਿਲਾਂ ਵਿਆਹ ਕਰਵਾ ਲਿਆ ਸੀ, ਪਰ ਬੇਅੰਤ ਕੌਰ ਦੇ ਮਾਪੇ ਇਸ ਗੱਲੋਂ ਗੁੱਸੇ ਵਿੱਚ ਸਨ। ਬੇਅੰਤ ਕੌਰ ਮਾਪਿਆਂ ਦੇ ਕਹਿਣ ’ਤੇ ਹੁਣ ਉਹਨਾਂ ਕੋਲ ਰਹਿ ਰਹੀ ਸੀ। ਬੀਤੇ ਦਿਨ ਜਗਮੀਤ ਸਿੰਘ ਚੋਰੀ-ਛੁਪੇ ਆਪਣੀ ਪਤਨੀ ਬੇਅੰਤ ਕੌਰ ਨੂੰ ਮਿਲਣ ਲਈ ਆਇਆ ਤਾਂ ਬੇਅੰਤ ਦੇ ਭਰਾ ਬਲਕਰਨ ਸਿੰਘ, ਚਾਚੇ ਕਿਰਪਾਲ ਸਿੰਘ ਤੇ ਚਾਚੇ ਦੇ ਪੁੱਤਰ ਹੰਸਾ ਸਿੰਘ ਨੇ ਜਗਮੀਤ ਸਿੰਘ ਦਾ ਕਤਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਬੇਅੰਤ ਕੌਰ ਨੂੰ ਵੀ ਮਾਰ ਦਿੱਤਾ। ਥਾਣਾ ਨਥਾਨਾ ਵਿਖੇ ਇਹਨਾਂ ਕਤਲਾਂ ਸੰਬੰਧੀ ਮੁਕੱਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।