ਲਾਹੌਰ : ਪੁਲਸ ਦੇ ਭੇਸ ’ਚ ਲਾਹੌਰ ਦੇ ਬਾਜ਼ਾਰ ’ਚ ਸਿੱਖ ਯਾਤਰੀਆਂ ਨੂੰ ਲੁੱਟਣ ਵਾਲਿਆਂ ਦੇ ਸਰਗਨਾ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਲੁਟੇਰੇ ਭਾਰਤੀ ਸਿੱਖ ਪਰਵਾਰ ਤੋਂ 250,000 ਭਾਰਤੀ ਰੁਪਏ, 150,000 ਪਾਕਿਸਤਾਨੀ ਰੁਪਏ ਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਸਨ। ਕੰਵਲ ਜੀਤ ਸਿੰਘ ਅਤੇ ਉਨ੍ਹਾ ਦੇ ਪਰਵਾਰਕ ਮੈਂਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ’ਚ ਸ਼ਾਮਲ ਹੋਣ ਲਈ ਪੁੱਜੇ ਸਨ। ਉਹ 29 ਨਵੰਬਰ ਨੂੰ ਲਾਹੌਰ ਦੇ ਗੁਲਬਰਗ ਇਲਾਕੇ ਦੀ ਲਿਬਰਟੀ ਮਾਰਕੀਟ ’ਚ ਖਰੀਦਦਾਰੀ ਕਰਨ ਗਏ ਸੀ, ਜਦੋਂ ਸੁਰੱਖਿਆ ਕਲੀਅਰੈਂਸ ਦੇ ਨਾਂਅ ’ਤੇ ਪੁਲਸ ਦੇ ਭੇਸ ’ਚ ਆਏ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਗਹਿਣਿਆਂ ਤੋਂ ਇਲਾਵਾ 250,000 ਭਾਰਤੀ ਰੁਪਏ ਅਤੇ 150,000 ਪਾਕਿਸਤਾਨੀ ਕਰੰਸੀ ਲੁੱਟ ਲਈ। ਪੁਲਸ ਨੇ ਦੱਸਿਆ ਕਿ ਗਰੋਹ ਦੇ ਸਰਗਨਾ ਅਹਿਮਦ ਰਜ਼ਾ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।
ਹੋਰਨਾਂ ਦੀ ਗਿ੍ਰਫਤਾਰੀ ਲਈ ਵੀ ਛਾਪੇ ਜਾਰੀ ਹਨ। ਪੰਜਾਬ ਦੇ ਨਿਗਰਾਨ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਇਸ ਘਟਨਾ ਤੋਂ ਨਾਰਾਜ਼ ਹੁੰਦਿਆਂ ਲਾਹੌਰ ਪੁਲਸ ਮੁਖੀ ਤੋਂ ਰਿਪੋਰਟ ਮੰਗੀ ਸੀ।