ਆਈਜ਼ੋਲ : ਜ਼ੋਰਮ ਪੀਪਲਜ਼ ਮੂਵਮੈਂਟ (ਜ਼ੈੱਡ ਪੀ ਐੱਮ) ਸੋਮਵਾਰ ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ (ਐੱਮ ਐੱਨ ਐੱਫ) ਨੂੰ ਬੁਰੀ ਤਰ੍ਹਾਂ ਪਛਾੜਦਿਆਂ ਮਿਜ਼ੋਰਮ ਅਸੰਬਲੀ ਦੀਆਂ 40 ਵਿੱਚੋਂ 27 ਸੀਟਾਂ ਜਿੱਤ ਕੇ ਸੱਤਾ ’ਚ ਆ ਗਈ। ਉਹ ਪਹਿਲੀ ਵਾਰ ਸੱਤਾ ਸੰਭਾਲੇਗੀ। ਕੇਂਦਰ ਵਿਚ ਭਾਜਪਾ ਦੇ ਇਤਿਹਾਦੀ ਐੱਮ ਐੱਨ ਐੱਫ ਨੂੰ 10 ਸੀਟਾਂ ਮਿਲੀਆਂ। ਭਾਜਪਾ ਨੇ ਦੋ ਸੀਟਾਂ ਜਿੱਤੀਆਂ, ਜਦਕਿ ਪਿਛਲੀ ਵਾਰ ਇਕ ਸੀਟ ਜਿੱਤੀ ਸੀ। ਕਾਂਗਰਸ ਨੂੰ ਇਕ ਸੀਟ ਮਿਲੀ।
ਆਈ ਪੀ ਐੱਸ ਅਧਿਕਾਰੀ ਰਹੇ ਲਾਲਦੁਹੋਮਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਕਿਉਰਟੀ ਸੰਭਾਲ ਚੁੱਕੇ ਹਨ। ਉਨ੍ਹਾ ਦੀ ਪਾਰਟੀ ਨੇ ਦੂਜੀ ਵਾਰ ਅਸੰਬਲੀ ਚੋਣਾਂ ਲੜੀਆਂ। 2018 ਵਿਚ 8 ਸੀਟਾਂ ਜਿੱਤੀਆਂ ਸਨ।
ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਲਾਲਦੁਹੋਮਾ ਨੇ ਸੇਰਛਿਪ ਸੀਟ 2982 ਵੋਟਾਂ ਦੇ ਫਰਕ ਨਾਲ ਜਿੱਤੀ। ਮੁੱਖ ਮੰਤਰੀ ਜ਼ੋਰਮਥੰਗਾ ਆਈਜ਼ੋਲ ਈਸਟ-1 ਸੀਟ ਤੋਂ ਜ਼ੈੱਡ ਪੀ ਐੱਮ ਦੇ ਲਾਲਥਨਸਾਂਗਾ ਤੋਂ 2,101 ਵੋਟਾਂ ਨਾਲ ਚੋਣ ਹਾਰ ਗਏ। ਉਪ ਮੁੱਖ ਮੰਤਰੀ ਤਵਾਨਲੁਈਆ ਤੁਈਚਾਂਗ ਸੀਟ ’ਤੇ ਜੈੱਡ ਪੀ ਐੱਮ ਉਮੀਦਵਾਰ ਤੋਂ 909 ਵੋਟਾਂ ਦੇ ਫਰਕ ਨਾਲ ਹਾਰ ਗਏ।
ਮਿਜ਼ੋਰਮ ਦੇ 1987 ਵਿਚ ਰਾਜ ਬਣਨ ਤੋਂ ਲੈ ਕੇ ਕਾਂਗਰਸ ਤੇ ਐੱਮ ਐੱਨ ਐੱਫ ਦਾ ਹੀ ਦਬਦਬਾ ਰਿਹਾ ਹੈ। ਪਹਿਲਾਂ ਕਾਂਗਰਸ ਨੇ ਰਾਜ ਕੀਤਾ ਅਤੇ 1998 ਵਿਚ ਐੱਮ ਐੱਨ ਐੱਫ ਦੇ ਜ਼ੋਰਮਥੰਗਾ ਕਾਂਗਰਸ ਦਾ 10 ਸਾਲਾ ਰਾਜ ਖਤਮ ਕਰਕੇ ਮੁੱਖ ਮੰਤਰੀ ਬਣੇ। ਐੱਮ ਐੱਨ ਐੱਫ ਨੇ ਇਕ ਦਹਾਕਾ ਰਾਜ ਕੀਤਾ। 2008 ਤੇ 2013 ਦੀਆਂ ਅਸੰਬਲੀ ਚੋਣਾਂ ਕਾਂਗਰਸ ਨੇ ਜਿੱਤੀਆਂ। 2018 ਵਿਚ ਫਿਰ ਐੱਮ ਐੱਨ ਐੱਫ ਦੀ ਸਰਕਾਰ ਬਣੀ।
ਜ਼ੈਡ ਪੀ ਐੱਮ 2017 ਵਿਚ ਛੇ ਇਲਾਕਾਈ ਪਾਰਟੀਆਂ ਤੇ ਸਿਵਲ ਸੁਸਾਇਟੀ ਗਰੁੱਪਾਂ ਨਾਲ ਬਣੀ ਸੀ। ਚੋਣ ਕਮਿਸ਼ਨ ਨੇ 2019 ਵਿਚ ਇਸਨੂੰ ਸਿਆਸੀ ਪਾਰਟੀ ਵਜੋਂ ਰਜਿਸਟਰਡ ਕੀਤਾ ਸੀ। ਇਸ ਵਿਚ ਸ਼ਾਮਲ ਸਭ ਤੋਂ ਵੱਡੀ ਪਾਰਟੀ ਮਿਜ਼ੋਰਮ ਪੀਪਲਜ਼ ਕਾਨਫਰੰਸ 2019 ਵਿਚ ਬਾਹਰ ਹੋ ਗਈ ਅਤੇ ਬਾਕੀ ਬਚੀਆਂ ਪੰਜ ਪਾਰਟੀਆਂ ਨੇ ਇੱਕ ਪਾਰਟੀ ਬਣਾ ਕੇ ਜ਼ੈੱਡ ਪੀ ਐੱਮ ਨਾਂ ਰੱਖ ਲਿਆ।
ਲਾਲਦੁਹੋਮਾ ਨੇ 1984 ਵਿਚ ਕਾਂਗਰਸ ਦੀ ਟਿਕਟ ’ਤੇ ਲੋਕ ਸਭਾ ਸੀਟ ਜਿੱਤੀ ਸੀ ਪਰ ਸੂਬਾਈ ਆਗੂਆਂ ਨਾਲ ਮਤਭੇਦ ਕਾਰਨ ਉਨ੍ਹਾ ਨੂੰ ਅਯੋਗ ਐਲਾਨ ਦਿੱਤਾ ਗਿਆ। 1988 ਵਿਚ ਦਲ-ਬਦਲੀ ਰੋਕੂ ਕਾਨੂੰਨ ਤਹਿਤ ਅਯੋਗ ਕਰਾਰ ਦਿੱਤੇ ਜਾਣ ਵਾਲੇ ਉਹ ਪਹਿਲੇ ਲੋਕ ਸਭਾ ਮੈਂਬਰ ਬਣੇ। 2018 ਵਿਚ ਉਨ੍ਹਾ ਆਈਜ਼ੋਲ ਪੱਛਮੀ-1 ਅਤੇ ਸੇਰਛਿਪ ਤੋਂ ਆਜ਼ਾਦ ਉਮੀਦਵਾਰ ਵਜੋਂ ਅਸੰਬਲੀ ਚੋਣਾਂ ਜਿੱਤੀਆਂ।
ਕਾਂਗਰਸ ਨੇ ਚੋਣ ਪ੍ਰਚਾਰ ਮੁੱਖ ਤੌਰ ’ਤੇ ਇਸ ਨੁਕਤੇ ’ਤੇ ਕੇਂਦਰਤ ਰੱਖਿਆ ਕਿ ਐੱਮ ਐੱਨ ਐੱਫ ਤੇ ਜ਼ੈੱਡ ਪੀ ਐੱਮ ਇਕ ਤਰ੍ਹਾਂ ਨਾਲ ਇਸਾਈ ਬਹੁਮਤ ਵਾਲੇ ਰਾਜ ਵਿਚ ਭਾਜਪਾ ਲਈ ਰਾਹ ਪੱਧਰਾ ਕਰ ਰਹੀਆਂ ਹਨ। ਭਾਜਪਾ ਨੇ 23 ਸੀਟਾਂ ਲੜੀਆਂ ਤੇ ਉਸਦੀ ਸੋਚ ਸੀ ਕਿ ਲੰਗੜੀ ਅਸੰਬਲੀ ਬਣਨ ’ਤੇ ਪਾਸਕੂ ਉਸਦੇ ਹੱਥ ਆ ਜਾਵੇਗਾ।
ਕਾਂਗਰਸ ਨੇ ਭਾਜਪਾ ਨੂੰ ਖੂੰਜੇ ਲਾਉਣ ਲਈ ਮਨੀਪੁਰ ਹਿੰਸਾ ਦਾ ਮੁੱਦਾ ਵੀ ਚੋਣਾਂ ਵਿਚ ਉਠਾਇਆ। ਐੱਮ ਐੱਨ ਐੱਫ ਨੂੰ ਵੀ ਆਸ ਸੀ ਕਿ ਮਨੀਪੁਰ ਦੇ ਮੁੱਦੇ ’ਤੇ ਉਸਨੂੰ ਵੋਟਾਂ ਮਿਲ ਜਾਣਗੀਆਂ।