ਪੰਜ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਮਿਜ਼ੋਰਮ ਵਿੱਚ ਨਵੀਂ ਬਣੀ ਜ਼ੋਰਮ ਪੀਪਲਜ਼ ਮੂਵਮੈਂਟ ਪਾਰਟੀ ਨੇ 40 ਵਿੱਚੋਂ 27 ਸੀਟਾਂ ਜਿੱਤ ਕੇ ਆਪਣਾ ਪਰਚਮ ਲਹਿਰਾਇਆ ਹੈ। ਕਾਂਗਰਸ ਨੇ ਲੰਮੇ ਸਮੇਂ ਬਾਅਦ ਤੇਲੰਗਾਨਾ ਵਿੱਚ ਬੀ ਆਰ ਐਸ ਨੂੰ ਹਰਾ ਕੇ ਸੱਤਾ ਦੀ ਚਾਬੀ ਸੰਭਾਲ ਲਈ ਹੈ। ਕਾਂਗਰਸ ਨੇ ਜਿੱਥੇ ਰਾਜਸਥਾਨ ਤੇ ਛੱਤੀਸਗੜ੍ਹ ਦੀ ਸੱਤਾ ਗੁਆ ਲਈ ਹੈ, ਉਥੇ ਮੱਧ ਪ੍ਰਦੇਸ਼ ਵਿੱਚ ਉਸ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬਿਨਾਂ ਸ਼ੱਕ ਇਨ੍ਹਾਂ ਤਿੰਨਾਂ ਰਾਜਾਂ ਵਿੱਚ ਰਾਹੁਲ ਤੇ ਪਿ੍ਰਅੰਕਾ ਗਾਂਧੀ ਨੇ ਧੂੰਆਂਧਾਰ ਪ੍ਰਚਾਰ ਕੀਤਾ, ਪਰ ਇਨ੍ਹਾਂ ਰਾਜਾਂ ਵਿੱਚ ਕਾਂਗਰਸ ਦੇ ਸਥਾਨਕ ਆਗੂਆਂ ਦੀ ਆਪਸੀ ਰੰਜਸ਼ ਤੇ ਗਲਤ ਦਾਅਪੇਚ ਕਾਂਗਰਸ ਨੂੰ ਲੈ ਬੈਠੇ। ਜਿੱਥੇ ਭਾਜਪਾ ਦੀ ਚੋਣ ਵਾਗਡੋਰ ਉਸ ਦੇ ਕੇਂਦਰੀ ਆਗੂਆਂ ਦੇ ਹੱਥ ਸੀ, ਉੱਥੇ ਕਾਂਗਰਸ ਨੇ ਸਥਾਨਕ ਆਗੂਆਂ ਨੂੰ ਖੁੱਲ੍ਹ ਖੇਡਣ ਦੀ ਆਗਿਆ ਦੇਈ ਰੱਖੀ। ਮੱਧ ਪ੍ਰਦੇਸ਼ ਵਿੱਚ ਵਾਗਡੋਰ ਕਮਲਨਾਥ ਦੇ ਹੱਥ ਵਿੱਚ ਸੀ। ਉਹ ਹਿੰਦੂਤਵ ਦੇ ਘੋੜੇ ’ਤੇ ਅਜਿਹਾ ਸਵਾਰ ਸੀ ਕਿ ਉਸ ਨੇ ਪਿ੍ਰਅੰਕਾ ਨੂੰ ਨਾਲ ਲੈ ਕੇ ਮੰਦਰਾਂ ਵਿੱਚ ਆਰਤੀਆਂ ਤੇ ਭਗਵੇਂ ਸੰਤਾਂ ਦੇ ਅਸ਼ੀਰਵਾਦ ਦੇ ਸਿਰ ’ਤੇ ਚੋਣ ਘੋਲ ਜਿੱਤ ਲੈਣ ਦੀ ਖੁਸ਼ਫਹਿਮੀ ਪਾਲ ਲਈ। ‘ਇੰਡੀਆ’ ਗੱਠਜੋੜ ਵੱਲ ਕਾਂਗਰਸ ਦੀ ਪਹੁੰਚ ਨੇ ਵੀ ਉਸ ਦਾ ਤਿੰਨਾਂ ਰਾਜਾਂ ਵਿੱਚ ਭਾਰੀ ਨੁਕਸਾਨ ਕੀਤਾ। ਕਮਲਨਾਥ ਦੀ ਇਹ ਹੈਂਕੜ ਹੀ ਸੀ ਕਿ ‘ਇੰਡੀਆ’ ਵੱਲੋਂ ਭੋਪਾਲ ਵਿੱਚ ਰੱਖੀ ਰੈਲੀ ਨਾ ਹੋਣ ਦਿੱਤੀ ਗਈ। ਇਹੋ ਨਹੀਂ, ਸਪਾ ਦੇ ਅਖਿਲੇਸ਼ ਯਾਦਵ ਨੂੰ ਸਮਝੌਤੇ ਲਈ ਸੱਦ ਕੇ ਮੁੜ ਜਵਾਬ ਦੇ ਕੇ ਬੇਇੱਜ਼ਤ ਕੀਤਾ। ਸਿੱਟੇ ਵਿੱਚ ਉਸ ਨੇ 72 ਉਮੀਦਵਾਰ ਖੜ੍ਹੇ ਕਰ ਦਿੱਤੇ ਤੇ ਸਾਰੇ ਪਰਵਾਰ ਤੇ ਪਾਰਟੀ ਆਗੂਆਂ ਸਮੇਤ ਮੱਧ ਪ੍ਰਦੇਸ਼ ਵਿੱਚ ਡੇਰੇ ਲਾ ਲਏ। ਉਸ ਨੂੰ ਇਹ ਪਤਾ ਸੀ ਕਿ ਉਸ ਨੇ ਜਿੱਤਣਾ ਨਹੀਂ, ਉਸ ਦਾ ਨਿਸ਼ਾਨਾ ਕਾਂਗਰਸ ਨੂੰ ਹਰਾਉਣਾ ਸੀ। ਉਸ ਨੇ 24 ਰੈਲੀਆਂ ਤੇ ਰੋਡ ਸ਼ੋਅ ਕੱਢ ਕੇ ਕਾਂਗਰਸ ਨੂੰ ਹਰਾਉਣ ਲਈ ਦਿਨ-ਰਾਤ ਇੱਕ ਕਰੀ ਰੱਖਿਆ। ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋਇਆ। ਸੀਟਾਂ ਦੀ ਵੰਡ ਵਿੱਚ ਵੀ ਕਮਲਨਾਥ ਦੀ ਚੱਲੀ, ਸਿੱਟੇ ਵਜੋਂ ਦਿਗਵਿਜੇ ਦੇ ਹਮੈਤੀ ਕਾਂਗਰਸੀਆਂ ਨੂੰ ਹਰਾਉਣ ਵਿੱਚ ਲੱਗੇ ਰਹੇ।
ਕਾਂਗਰਸ ਨੂੰ ਇਹ ਭੁੱਲ ਗਿਆ ਕਿ ਭਾਜਪਾ ਨੇ ਆਪਣੇ 10 ਸਾਲ ਦੇ ਰਾਜ ਦੌਰਾਨ ਹਿੰਦੀ ਬੋਲੀ ਵਾਲੇ ਪ੍ਰਦੇਸ਼ਾਂ ਵਿੱਚ ਹਿੰਦੂਤਵ ਤੇ ਰਾਸ਼ਟਰਵਾਦ ਦੇ ਜੋੜ ਨਾਲ ਪੈਦਾ ਕੀਤੀ ਵਿਚਾਰਧਾਰਾ ਨੂੰ ਘਰ-ਘਰ ਪੁਚਾ ਦਿੱਤਾ। ਇਸ ਨੂੰ ਸਿਰਫ਼ ਧਰਮ-ਨਿਰਪੱਖਤਾ ਰਾਹੀਂ ਹੀ ਹਰਾਇਆ ਜਾ ਸਕਦਾ ਹੈ। ਮੱਧ ਪ੍ਰਦੇਸ਼ ਵਿੱਚ ਕਮਲਨਾਥ ਹੀ ਨਹੀਂ, ਛੱਤੀਸਗੜ੍ਹ ਵਿੱਚ ਮੁੱਖ ਮੰਤਰੀ ਭੁਪੇਸ਼ ਬਘੇਲ ਰਾਮ ਵਨ ਗਮਨ ਪਥ, ਕੌਸ਼ਲਿਆ ਮਾਤਾ ਮੰਦਰ ਬਣਾਉਣ ਤੇ ਰਮਾਇਣ ਪਾਠ ਕਰਾਉਣ ਵਿੱਚ ਲੱਗਾ ਰਿਹਾ ਸੀ। ਯਾਨੀ ਕਾਂਗਰਸੀ ਹੀ ਭਾਜਪਾ ਦੀ ਹਿੰਦੂਤਵੀ ਵਿਚਾਰਧਾਰਾ ਦਾ ਪ੍ਰਚਾਰ ਕਰ ਰਹੇ ਸਨ। ਛੱਤੀਸਗੜ੍ਹ ਵਿੱਚ ਕਾਮਰੇਡਾਂ ਨੂੰ ਨਜ਼ਰ-ਅੰਦਾਜ਼ ਕਰਨਾ ਵੀ ਕਾਂਗਰਸ ਨੂੰ ਭਾਰੀ ਪਿਆ।
ਰਾਜਸਸਥਾਨ ਵਿੱਚ ਵੀ ਚੋਣਾਂ ਦੀ ਵਾਗਡੋਰ ਗਹਿਲੋਤ ਦੇ ਹੱਥ ਦੇ ਦਿੱਤੀ ਗਈ ਸੀ। ਉਸ ਨੇ ਉਮੀਦਵਾਰਾਂ ਦੀ ਚੋਣ ਮਨਮਰਜ਼ੀ ਨਾਲ ਕੀਤੀ। ਲੱਗਭੱਗ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਟਿਕਟਾਂ ਦੇ ਕੇ ਖੁਸ਼ ਕੀਤਾ ਗਿਆ, ਹਾਲਾਂਕਿ ਬਹੁਤ ਸਾਰਿਆਂ ਵਿਰੁੱਧ ਲੋਕਾਂ ਦਾ ਗੁੱਸਾ ਸੀ। ਸਿੱਟੇ ਵਜੋਂ 26 ਵਿੱਚੋਂ 17 ਮੰਤਰੀ ਹਾਰ ਗਏ ਹਨ। ਇਥੇ ਵੀ ਕਾਂਗਰਸ ਨੇ ਛੋਟੇੇ ਸਹਿਯੋਗੀ ਨੂੰ ਨਾਲ ਜੋੜਨ ਵਿੱਚ ਕੋਈ ਦਿਲਚਸਪੀ ਨਾ ਦਿਖਾਈ। ‘ਇੰਡੀਆ’ ਵਿਚਲੇ ਸਹਿਯੋਗੀ ਸੀ ਪੀ (ਆਈ) ਐਮ ਨਾਲ ਵੀ ਗੱਲ ਨਾ ਕੀਤੀ। ਬੇਨੀਵਾਲ ਦੀ ਲੋਕਤੰਤਰਿਕ ਪਾਰਟੀ ਤੇ ਨਵੀਂ ਬਣੀ ਭਾਰਤੀ ਆਦਿਵਾਸੀ ਪਾਰਟੀ ਨੇ ਫਰੰਟ ਬਣਾ ਕੇ ਚੋਣਾਂ ਲੜੀਆਂ ਤੇ ਹੈਰਾਨਕੁੰਨ ਨਤੀਜੇ ਹਾਸਲ ਕੀਤੇ ਹਨ। ਲੋਕਤੰਤਰਿਕ ਪਾਰਟੀ ਨੇ 1 ਤੇ ਆਦਿਵਾਸੀ ਪਾਰਟੀ ਨੇ 3 ਸੀਟਾਂ ਜਿੱਤੀਆਂ ਹਨ। ਡੇਢ ਦਰਜਨ ਤੋਂ ਵੱਧ ਸੀਟਾਂ ’ਤੇ ਉਨ੍ਹਾਂ ਦੇ ਉਮੀਦਵਾਰਾਂ ਨੂੰ 20 ਹਜ਼ਾਰ ਤੋਂ 80 ਹਜ਼ਾਰ ਤੱਕ ਵੋਟ ਮਿਲੇ ਹਨ। ਇਸੇ ਤਰ੍ਹਾਂ ਸੀ ਪੀ (ਆਈ) ਐਮ ਤਿੰਨ ਸੀਟਾਂ ਉੱਤੇ ਦੂਜੇ ਥਾਂ ਉੱਤੇ ਆਈ ਹੈ।
ਕਾਂਗਰਸ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਦੱਖਣ ਭਾਰਤ ਦੇ ਰਾਜਾਂ ਵਿਚਲੇ ਦਾਅਪੇਚ ਹਿੰਦੀ ਬੈਲਟ ਵਿੱਚ ਨਹੀਂ ਚੱਲ ਸਕਦੇ। ਇਹ ਰਾਜ ਨਰਿੰਦਰ ਮੋਦੀ ਤੇ ਸੰਘ ਦੀ ਪ੍ਰਯੋਗਸ਼ਾਲਾ ਬਣ ਚੁੱਕੇ ਹਨ। ਇਸ ਦੇ ਨਾਲ ਹੀ ਕਾਂਗਰਸ ਨੂੰ ਸੰਗਠਨ ਦੇ ਦਾਅਪੇਚ ਮੁੜ ਤੋਂ ਘੜਨੇ ਚਾਹੀਦੇ ਹਨ। ਕਮਲਨਾਥ, ਦਿਗਵਿਜੈ, ਗਹਿਲੋਤ ਵਰਗੇ ਬਜ਼ੁਰਗਾਂ ਨੂੰ ਸਤਿਕਾਰ ਨਾਲ ਲਾਂਭੇ ਕਰਕੇ ਨਵੀਂ ਲੀਡਰਸ਼ਿਪ ਅੱਗੇ ਲਿਆਉਣੀ ਚਾਹੀਦੀ ਹੈ।
ਇਹ ਯਾਦ ਰੱਖਣਾ ਚਾਹੀਦਾ ਹੈ ਕਿ ਭਾਜਪਾ ਨੇ ਲੋਕ ਸਭਾ ਚੋਣਾਂ 2014 ਜਿੱਤਣ ਲਈ ਯੂ ਪੀ ਵਿੱਚ ਰਾਜਭਰ ਦੀ ਪਾਰਟੀ ਤੇ ਅਪਨਾ ਦਲ ਵਰਗੀਆਂ ਛੋਟੀਆਂ ਪਾਰਟੀ ਨੂੰ ਖੁਦ ਖੜ੍ਹਾ ਕਰਕੇ ਸਮਝੌਤੇ ਕੀਤੇ ਸਨ। ਫਿਰ ਵਿਧਾਨ ਸਭਾ ਚੋਣਾਂ ਵੇਲੇ ਨਿਸ਼ਾਦ ਪਾਰਟੀ ਨੂੰ ਨਾਲ ਜੋੜਿਆ ਸੀ। ਇਸ ਲਈ ਜੇਕਰ ‘ਇੰਡੀਆ’ ਗੱਠਜੋੜ ਨੇ ਮੋਦੀ ਦਾ ਮੁਕਾਬਲਾ ਕਰਨਾ ਹੈ ਤਾਂ ਅਜ਼ਾਦ ਸਮਾਜ ਪਾਰਟੀ, ਆਦਿਵਾਸੀ ਪਾਰਟੀ, ਗੋਡਵਾਨਾ ਗਣਤੰਤਰ ਪਾਰਟੀ ਤੇ ਲੋਕਤੰਤਰਿਕ ਪਾਰਟੀ ਵਰਗੀਆਂ ਪਾਰਟੀਆਂ ਨੂੰ ਵੀ ਇੱਜ਼ਤ-ਮਾਣ ਨਾਲ ਆਪਣੇ ਨਾਲ ਜੋੜਨਾ ਪਵੇਗਾ।
-ਚੰਦ ਫਤਿਹਪੁਰੀ