ਪਟਿਆਲਾ : ਬਿਜਲੀ ਕਾਮਿਆਂ ਦੀ ਲਹਿਰ ਦੇ ਸਿਰਕੱਢ ਅਤੇ ਨਿਧੜਕ ਆਗੂ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਜਿਸਟਰਡ ਨੰਬਰ-41 ਦੇ ਸਾਬਕਾ ਸੂਬਾ ਪ੍ਰਧਾਨ ਮਰਹੂਮ ਕਾਮਰੇਡ ਭਗਵਾਨ ਸਿੰਘ ਅਣਖੀ ਦੀ 32ਵੀਂ ਬਰਸੀ 6 ਦਸੰਬਰ ਨੂੰ ਇੰਡਸਟਰੀ ਏਰੀਆ ’ਚ ਬਣੇ ਅਣਖੀ ਯਾਦਗਾਰੀ ਭਵਨ ਵਿੱਚ ਮਨਾਈ ਜਾ ਰਹੀ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਤੇ ਜਨਰਲ ਸਕੱਤਰ ਸਰਿੰਦਰਪਾਲ ਸਿੰਘ ਲਹੌਰੀਆ ਨੇ ਦੱਸਿਆ ਕਿ ਸਮਾਗਮ ਦੇ ਸ਼ੁਰੂ ਵਿੱਚ ਲਾਲ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਕਾਮਰੇਡ ਅਣਖੀ ਸਮੇਤ ਲਹਿਰਾਂ ਵਿੱਚ ਕੰਮ ਕਰਦਿਆਂ ਵਿਛੋੜਾ ਦੇ ਗਏੇ ਆਗੂਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਾਵੇਗੀ। ਗੰਡੀਵਿੰਡ ਨੇ ਕਿਹਾ ਕਿ ਸ਼ਰਧਾਂਜਲੀਆਂ ਦੇਣ ਲਈ ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਸਮੇਤ ਭਰਾਤਰੀ ਜਥੇਬੰਦੀਆਂ ਦੇ ਆਗੂ ਪਹੁੰਚ ਕੇ ਮਿਹਨਤਕਸ਼ ਜਮਾਤ ਨੂੰ ਦਰਪੇਸ ਚੁਣੌਤੀਆਂ ਦਾ ਟਾਕਰਾ ਕਰਨ ਲਈ ਪ੍ਰੇਰਿਤ ਕਰਨਗੇ। ਅਣਖੀ ਜੀ ਦੀ ਯਾਦ ਵਿੱਚ ਨਵੇਂ ਸਾਲ 2024 ਦੀ ਡਾਇਰੀ ਅਤੇ ‘ਬਿਜਲੀ ਉਜਾਲਾ’ ਦਾ ਸਪੈਸ਼ਲ ਅੰਕ ਰਿਲੀਜ਼ ਕਰਨ ਉਪਰੰਤ ਵਿਛੜੇ ਆਗੂਆਂ ਦੇ ਪਰਵਾਰਕ ਮੈਬਰਾਂ ਨੂੰ ਸਨਮਾਨਤ ਕੀਤਾ ਜਾਵੇਗਾ। ਲੰਗਰ ਦਾ ਪ੍ਰਬੰਧ ਪਟਿਆਲਾ ਸਰਕਲ ਦੀ ਸਮੁੱਚੀ ਲੀਡਰਸ਼ਿਪ ਹਰਭਜਨ ਸਿੰਘ ਪਿਲਖਣੀ ਤੇ ਬਲਜੀਤ ਕੁਮਾਰ ਦੀ ਅਗਵਾਈ ਹੇਠ ਕਰੇਗੀ।