ਵਾਸ਼ਿੰਗਟਨ : ਅਮਰੀਕਾ ਨੇ ਕਿਹਾ ਹੈ ਕਿ ਉਹ ਵੱਖਵਾਦੀ (ਗੁਰਪਤਵੰਤ ਪਨੂੰ) ਦੀ ਹੱਤਿਆ ਦੀ ਸਾਜ਼ਿਸ਼ ’ਚ ਭਾਰਤੀ ਅਧਿਕਾਰੀ ਦੀ ਸ਼ਮੂਲੀਅਤ ਦੇ ਦੋਸ਼ਾਂ ਦੀ ਭਾਰਤ ਦੀ ਜਾਂਚ ਦੇ ਨਤੀਜਿਆਂ ਦੀ ਉਡੀਕ ਕਰੇਗਾ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ ’ਚ ਕਿਹਾ-ਵਿਦੇਸ਼ ਮੰਤਰੀ ਨੇ ਭਾਰਤੀ ਹਮਰੁਤਬਾ ਕੋਲ ਇਹ ਗੱਲ ਉਠਾਈ ਹੈ ਅਤੇ ਕਿਹਾ ਹੈ ਕਿ ਅਸੀਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਭਾਰਤ ਨੇ ਕਿਹਾ ਹੈ ਕਿ ਉਹ ਜਾਂਚ ਕਰੇਗਾ। ਉਨ੍ਹਾ ਨੇ ਜਾਂਚ ਕਰਾਉਣ ਦਾ ਜਨਤਕ ਤੌਰ ’ਤੇ ਐਲਾਨ ਕੀਤਾ ਹੈ। ਹੁਣ ਅਸੀਂ ਜਾਂਚ ਦੇ ਨਤੀਜਿਆਂ ਦੀ ਉਡੀਕ ਕਰਾਂਗੇ। ਅਮਰੀਕਾ ’ਚ ਸੰਘੀ ਵਕੀਲਾਂ ਨੇ ਦੋਸ਼ ਲਾਇਆ ਹੈ ਕਿ ਭਾਰਤੀ ਨਾਗਰਿਕ ਨੇ ਅਮਰੀਕਾ ’ਚ ਗੁਰਪਤਵੰਤ ਸਿੰਘ ਪਨੂੰ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਸਰਕਾਰੀ ਵਕੀਲਾਂ ਨੇ ਇਹ ਵੀ ਦੋਸ਼ ਲਾਇਆ ਕਿ ਉਹ ਭਾਰਤੀ ਵਿਅਕਤੀ ਭਾਰਤੀ ਅਧਿਕਾਰੀ ਨਾਲ ਰਲਿਆ ਹੋਇਆ ਸੀ। ਇਸੇ ਦੌਰਾਨ ਗੁਰਪਤਵੰਤ ਸਿੰਘ ਪਨੂੰ ਵੱਲੋਂ 13 ਦਸੰਬਰ ਨੂੰ ਸੰਸਦ ’ਤੇ ਹੋਏ ਹਮਲੇ ਦੀ ਬਰਸੀ ’ਤੇ ‘ਸੰਸਦ ਦੀ ਨੀਂਹ ਹਿਲਾ ਦੇਣ’ ਦੀ ਧਮਕੀ ਵਾਲਾ ਵੀਡੀਓ ਸੰਦੇਸ਼ ਜਾਰੀ ਹੋਣ ਤੋਂ ਬਾਅਦ ਦਿੱਲੀ ਪੁਲਸ ਚੌਕਸ ਹੈ।